ਈਡੀ ਵੱਲੋਂ ਹੇਮੰਤ ਸੋਰੇਨ ਦੀ ਮਲਕੀਅਤ ਵਾਲੀ ਜ਼ਮੀਨ ਕੁਰਕ
ਰਾਂਚੀ, 4 ਅਪਰੈਲ
ਐੈਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਕਥਿਤ ਮਲਕੀਅਤ ਵਾਲੀ 8.86 ਏਕੜ ਜ਼ਮੀਨ ਕੁਰਕ ਕਰ ਲਈ ਹੈ। ਇਸ ਜ਼ਮੀਨ ਦੀ ਕੀਮਤ 31 ਕਰੋੜ ਰੁਪਏ ਬਣਦੀ ਹੈ। ਈਡੀ ਨੇ ਕਿਹਾ ਕਿ ਇਹ ਕਾਰਵਾਈ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। ਈਡੀ ਨੇ 30 ਮਾਰਚ ਨੂੰ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ 48 ਸਾਲਾ ਆਗੂ ਸੋਰੇਨ ਅਤੇ ਚਾਰ ਹੋਰਾਂ ਭਾਨੂ ਪ੍ਰਤਾਪ ਪ੍ਰਸਾਦ, ਰਾਜ ਕੁਮਾਰ ਪਾਹਨ, ਹਿਲਾਰਿਆਸ ਕਛਪ ਅਤੇ ਬਿਨੋਦ ਸਿੰਘ ਖ਼ਿਲਾਫ਼ ਇੱਥੇ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
ਈਡੀ ਨੇ ਕਿਹਾ ਕਿ ਅਦਾਲਤ ਨੇ ਅੱਜ ਇਸਤਗਾਸਾ ਪੱਖ ਦੀ ਇਸ ਸ਼ਿਕਾਇਤ ਦਾ ਨੋਟਿਸ ਲਿਆ। ਈਡੀ ਨੇ ਅਦਾਲਤ ਨੂੰ 8.86 ਏਕੜ ਦਾ ਪਲਾਟ ਜ਼ਬਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਜਨਵਰੀ ਵਿੱਚ ਈਡੀ ਨੇ ਇਸ ਮਾਮਲੇ ਵਿੱਚ ਸੋਰੇਨ ਨੂੰ ਉਸ ਦੀ ਸਰਕਾਰੀ ਰਿਹਾਇਸ਼ ’ਤੇ ਪੁੱਛ-ਪੜਤਾਲ ਕਰਨ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਇਸ ਸਮੇਂ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਹੋਤਵਾਰ, ਰਾਂਚੀ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। ਮਨੀ ਲਾਂਡਰਿੰਗ ਦੀ ਇਹ ਜਾਂਚ ਜ਼ਮੀਨ ‘ਘਪਲੇ’ ਸਬੰਧੀ ਝਾਰਖੰਡ ਪੁਲੀਸ ਵੱਲੋਂ ਦਰਜ ਐੱਫਆਈਆਰਜ਼ ’ਤੇ ਆਧਾਰਿਤ ਹੈ। ਸਰਕਾਰੀ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਖ਼ਿਲਾਫ਼ ਇਸ ‘ਘਪਲੇ’ ਦੇ ਦੋਸ਼ ਹਨ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਝਾਰਖੰਡ ਦੇ ਮਾਲ ਵਿਭਾਗ ਦਾ ਸਾਬਕਾ ਅਧਿਕਾਰੀ ਪ੍ਰਸਾਦ ਹੈ। ਪ੍ਰਸਾਦ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਸੋਰੇਨ ਸਮੇਤ ਕਈ ਵਿਅਕਤੀਆਂ ਨੂੰ ਅਪਰਾਧ ਦੀ ਕਮਾਈ ਕਰਨ ਅਤੇ ਜ਼ਮੀਨਾਂ ’ਤੇ ਗੈਰਕਾਨੂੰਨੀ ਕਬਜ਼ੇ ਆਦਿ ਵਰਗੀਆਂ ਗਤੀਵਿਧੀਆਂ ’ਚ ਮਦਦ ਕਰਨ ਦਾ ਦੋਸ਼ ਹੈ। -ਪੀਟੀਆਈ