ਕੁੰਭੜਾ ਕਤਲ ਕਾਂਡ: ਦਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਅੱਜ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਨਵੰਬਰ
ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਦੇ ਵਸਨੀਕ ਦਿਲਪ੍ਰੀਤ ਸਿੰਘ (16) ਅਤੇ ਦਮਨਪ੍ਰੀਤ ਸਿੰਘ (17) ਨਮਿਤ ਅੰਤਿਮ ਅਰਦਾਸ ਭਲਕੇ 24 ਨਵੰਬਰ ਨੂੰ ਪਿੰਡ ਕੁੰਭੜਾ ਦੇ ਵਾਲਮੀਕਿ ਮੰਦਰ ਨੇੜਲੇ ਪਾਰਕ ਵਿੱਚ ਕੀਤੀ ਜਾਵੇਗੀ। ਇਸ ਸਬੰਧੀ ਖੁੱਲ੍ਹੇ ਪੰਡਾਲ ਵਿੱਚ ਦੁਪਹਿਰ 12 ਤੋਂ 1 ਵਜੇ ਤੱਕ ਵੈਰਾਗਮਈ ਕੀਰਤਨ ਹੋਵੇਗਾ। ਉਪਰੰਤ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਬੀਤੀ 13 ਨਵੰਬਰ ਨੂੰ ਪਰਵਾਸੀ ਵਿਅਕਤੀਆਂ ਨੇ ਸ਼ਰ੍ਹੇਆਮ ਦਿਲਪ੍ਰੀਤ ਅਤੇ ਦਮਨਪ੍ਰੀਤ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਦਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦੋਂਕਿ ਦਿਲਪ੍ਰੀਤ ਸਿੰਘ ਨੇ ਪਿਛਲੇ ਦਿਨੀਂ ਪੀਜੀਆਈ ਵਿੱਚ ਦਮ ਤੋੜ ਦਿੱਤਾ ਸੀ। ਨੌਜਵਾਨਾਂ ਦੀ ਮੌਤ ਕਾਰਨ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਉਧਰ, ਇਨਸਾਫ਼ ਪ੍ਰਾਪਤੀ ਲਈ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਏਅਰਪੋਰਟ ਸੜਕ ’ਤੇ ਲਾਏ ਜਾਮ ਨੂੰ ਦੇਖਦੇ ਹੋਏ ਮੁਹਾਲੀ ਪੁਲੀਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੁੰਭੜਾ ਦੇ ਪ੍ਰਮੁੱਖ ਐਂਟਰੀ ਪੁਆਇੰਟਾਂ ਸਣੇ ਹੋਰਨਾਂ ਲਾਂਘਿਆਂ ’ਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਪਿੰਡ ਵਿੱਚ ਆਉਣ-ਜਾਣ ਵਾਲੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਪਿੰਡ ਵਾਸੀਆਂ ਦੀ ਹਰ ਗਤੀਵਿਧੀ ਦੀ ਖ਼ਬਰ ਰੱਖੀ ਜਾ ਰਹੀ ਹੈ। ਐਤਵਾਰ ਨੂੰ ਹੋਣ ਵਾਲੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਾਲੀ ਥਾਂ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁੰਭੜਾ ਮੋੜ ’ਤੇ ਪੁਲੀਸ ਦੀ ਇੱਕ ਕੁਇਕ-ਐਕਸ਼ਨ ਟੀਮ ਵੀ ਤਾਇਨਾਤ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਅਮਨ ਟਾਂਕ ਵਾਸੀ ਯੂਪੀ ਹਾਲ ਵਾਸੀ ਸੈਕਟਰ-52 ਚੰਡੀਗੜ੍ਹ, ਅਰੁਣ ਕੁਮਾਰ ਤੇ ਆਕਾਸ਼ ਕੁਮਾਰ ਦੋਵੇਂ ਵਾਸੀ ਯੂਪੀ, ਗੌਰਵ ਕੁਮਾਰ ਅਤੇ ਪੰਜਵਾਂ ਮੁਲਜ਼ਮ (ਨਾਬਾਲਗ) ਹੈ। ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਰਿਤੇਸ਼ ਕੁਮਾਰ ਅਤੇ ਅਮਿਤ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਅਮਨ ਨੂੰ ਛੱਡ ਕੇ ਬਾਕੀ ਸਾਰੇ ਹਮਲਾਵਰ ਕੁੰਭੜਾ ਦੇ ਇੱਕ ਪੀਜੀ ਵਿੱਚ ਰਹਿੰਦੇ ਸਨ। ਇਸ ਸਬੰਧੀ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।