ਕੁੰਭੜਾ ਕਤਲ ਕਾਂਡ: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿਲਪ੍ਰੀਤ ਸਿੰਘ ਦਾ ਸਸਕਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 22 ਨਵੰਬਰ
ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਦੇ ਵਸਨੀਕ ਦਿਲਪ੍ਰੀਤ ਸਿੰਘ ਦਾ ਅੱਜ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ ਕੀਤਾ ਗਿਆ। ਕੁਝ ਦਿਨ ਪਹਿਲਾਂ ਪਰਵਾਸੀ ਵਿਅਕਤੀਆਂ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਦਮਨਪ੍ਰੀਤ ਸਿੰਘ (17) ਅਤੇ ਦਿਲਪ੍ਰੀਤ ਸਿੰਘ (16) ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਦਿਲਪ੍ਰੀਤ ਸਿੰਘ ਨੇ ਵੀ ਬੀਤੀ ਸ਼ਾਮ ਪੀਜੀਆਈ ਵਿੱਚ ਦਮ ਤੋੜ ਦਿੱਤਾ ਹੈ, ਜਦੋਂਕਿ ਦਮਨਪ੍ਰੀਤ ਸਿੰਘ ਦੀ ਘਟਨਾ ਵਾਲੇ ਦਿਨ 13 ਨਵੰਬਰ ਨੂੰ ਹੀ ਮੌਤ ਹੋ ਗਈ ਸੀ। ਉਧਰ, ਅੱਜ ਜਿਵੇਂ ਹੀ ਦਿਲਪ੍ਰੀਤ ਦੀ ਅਰਥੀ ਉੱਠੀ ਤਾਂ ਸਮੁੱਚੇ ਪਿੰਡ ਵਿੱਚ ਸੋਗ ਫੈਲ ਗਿਆ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂਕਿ ਦੋ ਮੁਲਜ਼ਮ ਰਿਤੇਸ਼ ਕੁਮਾਰ ਅਤੇ ਅਮਿਤ ਕੁਮਾਰ ਹਾਲੇ ਫ਼ਰਾਰ ਹਨ। ਸਾਰੇ ਹਮਲਾਵਰ ਕੁੰਭੜਾ ਵਿੱਚ ਪੀਜੀ ਵਿੱਚ ਰਹਿੰਦੇ ਸਨ। ਇਸ ਸਬੰਧੀ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੈਂਟਰਲ ਥਾਣਾ ਫੇਜ਼-8 ਵਿੱਚ ਹਮਲਾਵਰਾਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸ ਮੌਕੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਐੱਸਡੀਐੱਮ ਦਮਨਦੀਪ ਕੌਰ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਯੂਥ ਕਾਂਗਰਸ ਆਗੂ ਕੰਵਰਬੀਰ ਸਿੰਘ ਰੂਬੀ ਸਿੱਧੂ, ਬਲਵਿੰਦਰ ਸਿੰਘ ਕੁੰਭੜਾ, ਕੌਂਸਲਰ ਰਮਨਪ੍ਰੀਤ ਕੌਰ, ‘ਆਪ’ ਵਾਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਕਾਂਗਰਸੀ ਕੌਂਸਲਰ ਕਮਲਜੀਤ ਸਿੰਘ ਬਨੀ ਮੌਜੂਦ ਸਨ।
ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਵੇਗੀ ਪੰਜਾਬ ਸਰਕਾਰ: ਵਿਧਾਇਕ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮ੍ਰਿਤਕ ਨੌਜਵਾਨ ਦੇ ਵਾਰਸਾਂ ਨੂੰ ਨਿਯਮਾਂ ਤਹਿਤ ਸਾਢੇ ਅੱਠ ਲੱਖ ਰੁਪਏ ਅਤੇ ਦੂਜੇ ਨੌਜਵਾਨ ਦੇ ਮਾਪਿਆਂ ਨੂੰ ਚਾਰ ਲੱਖ ਰੁਪਏ ਦਿੱਤੇ ਜਾਣਗੇ। ਇਸੇ ਦੌਰਾਨ ਐੱਸਡੀਐੱਮ ਦਮਨਦੀਪ ਕੌਰ ਨੇ ਅੱਜ ਪਿੰਡ ਕੁੰਭੜਾ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦੀ ਤਰਫ਼ੋਂ ਰੈੱਡ ਕਰਾਸ ਸੁਸਾਇਟੀ ਦੇ ਖਾਤੇ ’ਚੋਂ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਾਕੀ ਪੈਸੇ ਵੀ ਜਲਦੀ ਰਿਲੀਜ਼ ਕੀਤੇ ਜਾਣਗੇ।
ਭਲਕੇ ਪਿੰਡ ਕੁੰਭੜਾ ’ਚ ਹੋਵੇਗੀ ਦੋਵਾਂ ਨੌਜਵਾਨਾਂ ਦੀ ਅੰਤਿਮ ਅਰਦਾਸ
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਨੌਜਵਾਨਾਂ ਦਮਨਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਇੱਕੋ ਦਿਨ 24 ਨਵੰਬਰ ਨੂੰ ਪਿੰਡ ਕੁੰਭੜਾ ਦੇ ਵਾਲਮੀਕਿ ਮੰਦਰ ਨੇੜਲੇ ਪਾਰਕ ਵਿੱਚ ਕੀਤੀ ਜਾਵੇਗੀ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਮਨ ਸ਼ਾਂਤੀ ਕਾਇਮ ਰੱਖੀ ਜਾਵੇ। ਨਾਲ ਹੀ ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।