For the best experience, open
https://m.punjabitribuneonline.com
on your mobile browser.
Advertisement

ਸੰਜਮੀ ਸੁਭਾਅ ਵਾਲਾ ਸੀ ਕੁਲਵੰਤ ਸਿੰਘ ਵਿਰਕ

07:45 AM Sep 08, 2024 IST
ਸੰਜਮੀ ਸੁਭਾਅ ਵਾਲਾ ਸੀ ਕੁਲਵੰਤ ਸਿੰਘ ਵਿਰਕ
Advertisement

ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਸ਼ੇਰਨੀਆਂ’, ‘ਨਵੇਂ ਲੋਕ’ ਤੇ ‘ਭੌਂਕਦਾ ਐਤਵਾਰ’ ਤੋਂ ਇਲਾਵਾ ਹੋਰ ਕਹਾਣੀਆਂ ਪੜ੍ਹਨ ਕਾਰਨ ਵੀ ਮੇਰੇ ਮਨ ’ਚ ਉਸ ਦੀ ਥਾਂ ਬਣੀ ਹੋਈ ਸੀ। ਇਨ੍ਹਾਂ ਕਹਾਣੀਆਂ ਨੂੰ ਉਸ ਨੇ ਬੜੀ ਬਾਰੀਕੀ ਨਾਲ ਬੁਣਿਆ ਸੀ। ਕਹਾਣੀਆਂ ਦੇ ਭਾਵ ਇੱਕ-ਦੂਜੇ ਫ਼ਿਕਰੇ ’ਚ ਪਾਣੀ ’ਚ ਪਾਣੀ ਵਾਂਗ ਮਿਲੇ ਹੋਏ ਸੀ। ਬੜੀ ਲਚਕ ਸੀ ਉਸ ਦੀਆਂ ਕਹਾਣੀਆਂ ’ਚ। ਜਦੋਂ ਉਸ ਦੀ ਕਹਾਣੀ ਮੈਂ ਪੜ੍ਹਨੀ ਸ਼ੁਰੂ ਕਰਦਾ ਤਾਂ ਹੌਲ਼ੀ-ਹੌਲ਼ੀ ਮਨ ’ਚ ਇਹ ਗੱਲ ਉੱਭਰਨ ਲੱਗਦੀ ਕਿ ਇਸ ’ਚ ਆਖਿਆ ਕੀ ਗਿਆ ਹੈ? ਪਰ ਕਹਾਣੀ ਦੀਆਂ ਆਖ਼ਰੀ ਸਤਰਾਂ ’ਚ ਕਹਾਣੀ ਲਿਖਣ ਦਾ ਮੰਤਵ ਸਾਹਮਣੇ ਆਉਂਦਾ ਸੀ। ਹਰ ਕਹਾਣੀ ਪੜ੍ਹਨ ਪਿੱਛੋਂ ਉਸ ਪ੍ਰਤੀ ਮੇਰੇ ਮਨ ’ਚ ਬਣੇ ਸਤਿਕਾਰ ’ਚ ਵਾਧਾ ਹੁੰਦਾ ਸੀ। ਮੈਂ ਸੋਚਦਾ, ਮੈਂ ਕਹਾਣੀ ਲਿਖਾਂ ਤਾਂ ਇਸੇ ਤਰ੍ਹਾਂ ਦੀ ਲਿਖਾਂ। ਉਹ ਲਿਖਦਾ ਕੁਝ ਹੋਰ ਸੀ, ਅਹਿਸਾਸ ਕੁਝ ਹੋਰ ਕਰਵਾਉਂਦਾ ਸੀ।

Advertisement

ਬੂਟਾ ਸਿੰਘ ਚੌਹਾਨ

Advertisement

ਪੰਜਾਬੀ ਕਹਾਣੀ ਦੇ ਮਜ਼ਬੂਤ ਥੰਮ੍ਹ ਕੁਲਵੰਤ ਸਿੰਘ ਵਿਰਕ ਨੂੰ ਮੈਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ। ਇੱਕ ਵਾਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਇੱਕ ਵਾਰ ਤਪਾ ਮੰਡੀ ’ਚ ਸਾਡੀ ਸਭਾ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ। ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ’ਚ ਇੱਕ ਸਾਹਿਤਕ ਸਮਾਗਮ ਸੀ ਜਿਹੜਾ ਯੂਨੀਵਰਸਿਟੀ ਦੇ ਮੁੰਡਿਆਂ ਦੀ ਸਾਹਿਤ ਸਭਾ ਨੇ ਕਰਵਾਇਆ ਸੀ। ਉਸ ਸਮਾਗਮ ’ਚ ਐੱਸ. ਤਰਸੇਮ, ਜੋ ਉਸ ਵੇਲ਼ੇ ਤਪੇ ਰਹਿੰਦਾ ਸੀ, ਨੇ ਕਹਾਣੀ ਪੜ੍ਹਨੀ ਸੀ ਤੇ ਪੜ੍ਹੀ ਕਹਾਣੀ ਬਾਰੇ ਕੁਝ ਗੱਲਾਂ ਕਰਨੀਆਂ ਸੀ। ਉਨ੍ਹਾਂ ਦਿਨਾਂ ’ਚ ਮੈਂ ਐੱਸ. ਤਰਸੇਮ ਨੂੰ ਨੇਤਰਹੀਣ ਹੋਣ ਕਰਕੇ ਵੱਖ-ਵੱਖ ਸ਼ਹਿਰਾਂ ਦੀਆਂ ਸਾਹਿਤ ਸਭਾਵਾਂ ’ਚ ਬਾਂਹ ਫੜ ਕੇ ਲਿਜਾਂਦਾ ਹੁੰਦਾ। ਮੇਰੀ ਸਾਹਿਤਕ ਰੁਚੀ ਉਸ ਦੇ ਥਾਂ-ਥਾਂ ਨਾਲ ਫਿਰਦੀ ਸੀ।
ਸਮਾਗਮ ’ਚ ਪੰਦਰਾਂ-ਵੀਹ ਵਿਦਿਆਰਥੀ ਸੀ। ਕੁਲਵੰਤ ਸਿੰਘ ਵਿਰਕ ਤੇ ਸੁਰਜੀਤ ਪਾਤਰ ਵੀ। ਕ੍ਰਿਸ਼ਨ ਅਦੀਬ ਯੂਨੀਵਰਸਿਟੀ ਦਾ ਫੋਟੋਗ੍ਰਾਫਰ ਹੋਣ ਦੇ ਨਾਤੇ ਆਇਆ ਸੀ। ਐੱਸ. ਤਰਸੇਮ ਦੀ ਲੰਬੀ ਕਹਾਣੀ ‘ਪਾਟਿਆ ਦੁੱਧ’ ਪੜ੍ਹੀ ਗਈ ਸੀ ਜਿਹੜੀ ਦੋ ਭਰਾਵਾਂ ਦੇ ਆਪਸੀ ਬਖੇੜੇ ਦੀ ਕਹਾਣੀ ਸੀ। ਐੱਸ. ਤਰਸੇਮ ਨੂੰ ਦਿਸਦਾ ਨਾ ਹੋਣ ਕਰਕੇ ਸੀ.ਆਰ. ਸ਼ਰਮਾ ਨੇ ਕਹਾਣੀ ਪੜ੍ਹੀ। ਪਲੋ-ਪਲ ਕਹਾਣੀ ਅੰਤਿਮ ਪੜਾਅ ਵੱਲ ਵਧ ਰਹੀ ਸੀ ਪਰ ਕੁਲਵੰਤ ਸਿੰਘ ਵਿਰਕ ’ਤੇ ਪੜ੍ਹੀ ਜਾਣ ਵਾਲੀ ਕਹਾਣੀ ਦਾ ਕੋਈ ਅਸਰ ਨਹੀਂ ਸੀ ਪੈ ਰਿਹਾ। ਕਦੇ ਉਹ ਆਪਣੀ ਇੱਕ ਲੱਤ ਨਿਸਾਲ ਲੈਂਦਾ। ਕਦੇ-ਕਦੇ ਸੱਜੀ ਲੱਤ ਨੂੰ ਆਪਣੀ ਖੱਬੀ ਲੱਤ ’ਤੇ ਰੱਖ ਲੈਂਦਾ। ਕਹਾਣੀ ਲਟਕਦੀ ਜਾ ਰਹੀ ਸੀ।
ਮੈਂ ਵਿਰਕ ਨੂੰ ਪਹਿਲੀ ਵਾਰ ਵੇਖਿਆ ਸੀ। ਪੜ੍ਹੀ ਜਾ ਰਹੀ ਕਹਾਣੀ ਮੇਰੀ ਪਹਿਲਾਂ ਹੀ ਪੜ੍ਹੀ ਹੋਈ ਸੀ। ਇੱਥੋਂ ਤੱਕ ਕਿ ਉਹ ਕਹਾਣੀ ਐੱਸ. ਤਰਸੇਮ ਨੇ ਬੋਲ ਕੇ ਮੈਥੋਂ ਹੀ ਲਿਖਵਾਈ ਸੀ। ਕਹਾਣੀ ਤੋਂ ਵੱਧ ਮੈਨੂੰ ਵਿਰਕ ਨੂੰ ਵੇਖਣਾ ਚੰਗਾ ਲੱਗ ਰਿਹਾ ਸੀ। ਮੈਂ ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸੀ। ਵੱਖ-ਵੱਖ ਪਾਠ-ਪੁਸਤਕਾਂ ’ਚ ਵੀ ਉਨ੍ਹਾਂ ਦੀਆਂ ਕਹਾਣੀਆਂ ਲੱਗੀਆਂ ਹੋਈਆਂ ਸਨ। ਉਸ ਦੀ ਇੱਕ ਕਹਾਣੀ ਸੀ ‘ਰਸਭਰੀਆਂ’। ਉਹ ਇੱਕ ਚਰਿੱਤਰਹੀਣ ਔਰਤ ਦੀ ਕਹਾਣੀ ਸੀ, ਪਰ ਵਿਰਕ ਨੇ ਉਸ ਨੂੰ ਕਿਤੇ ਚਰਿੱਤਰਹੀਣ ਨਹੀਂ ਸੀ ਲਿਖਿਆ। ਨਾ ਹੀ ਉਸ ਦੇ ਕਿਰਦਾਰ ਬਾਰੇ ਆਪਣੇ ਵੱਲੋਂ ਕੁਝ ਲਿਖਿਆ ਸੀ। ਬੱਸ ਉਸ ਦਾ ਵਰਣਨ ਕੀਤਾ ਸੀ। ਕਹਾਣੀ ਇਹ ਸੀ ਕਿ ਔਰਤ ਦਾ ਪਤੀ ਉਹਦੇ ਤੇ ਬੱਚੇ ਨਾਲ ਪਹਾੜਾਂ ’ਚ ਇੱਕ ਹੋਟਲ ’ਚ ਠਹਿਰਿਆ ਹੋਇਆ ਸੀ। ਖਾਣਾ ਖਾਣ ਪਿੱਛੋਂ ਹੋਟਲ ਦਾ ਬੈਰਾ ਪੁੱਛਦਾ ਹੈ ਕਿ ਮੈਂ ਬੱਚੇ ਲਈ ਦੁੱਧ ਲੈ ਆਵਾਂ? ਪਰ ਔਰਤ ਦਾ ਪਤੀ ਕਾਹਲ਼ ’ਚ ਹੈ ਸਗੋਂ ਉਸਨੂੰ ਕਹਿੰਦਾ ਹੈ ਕਿ ਦੁੱਧ ਦੀ ਕੋਈ ਲੋੜ ਨਹੀਂ ਪਰ ਬੈਰਾ ਫੇਰ ਕਹਿੰਦਾ ਹੈ ਕਿ ਇਸ ਬੱਚੇ ਨੂੰ ਰਾਤ ਨੂੰ ਦੁੱਧ ਪੀਣ ਦੀ ਆਦਤ ਹੈ। ਜਦੋਂ ਇਹ ਕਦੇ-ਕਦੇ ਆਪਣੇ ਮੰਮੀ-ਡੈਡੀ ਨਾਲ ਇੱਥੇ ਆਉਂਦਾ ਹੈ ਤਾਂ ਰਾਤ ਨੂੰ ਦੁੱਧ ਮੰਗਦਾ ਹੈ। ਇਸ ਫ਼ਿਕਰੇ ’ਤੇ ਲਿਆ ਕੇ ਉਸ ਨੇ ਕਹਾਣੀ ਖ਼ਤਮ ਕਰ ਦਿੱਤੀ ਸੀ। ਕਹਾਣੀ ’ਚ ਲਿਖਿਆ ਵੀ ਕੁਝ ਨਹੀਂ ਸੀ ਗਿਆ, ਛੱਡਿਆ ਵੀ ਕੁਝ ਨਹੀਂ ਸੀ। ਅੰਤ ਸੁੱਕਾ ਡੱਕਾ ਟੁੱਟਣ ਵਾਂਗ ਕਹਾਣੀ ਖ਼ਤਮ ਹੋ ਗਈ ਸੀ।
ਇਸੇ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ ਇੱਕ ਕਹਾਣੀ ‘ਸ਼ੇਰਨੀਆਂ’ ਸੀ। ‘ਨਵੇਂ ਲੋਕ’ ਤੇ ‘ਭੌਂਕਦਾ ਐਤਵਾਰ’ ਤੋਂ ਇਲਾਵਾ ਹੋਰ ਕਹਾਣੀਆਂ ਪੜ੍ਹਨ ਕਾਰਨ ਵੀ ਮੇਰੇ ਮਨ ’ਚ ਉਸ ਦੀ ਥਾਂ ਬਣੀ ਹੋਈ ਸੀ। ਇਨ੍ਹਾਂ ਕਹਾਣੀਆਂ ਨੂੰ ਉਸ ਨੇ ਬੜੀ ਬਾਰੀਕੀ ਨਾਲ ਬੁਣਿਆ ਸੀ। ਕਹਾਣੀਆਂ ਦੇ ਭਾਵ ਇੱਕ-ਦੂਜੇ ਫ਼ਿਕਰੇ ’ਚ ਪਾਣੀ ’ਚ ਪਾਣੀ ਵਾਂਗ ਮਿਲੇ ਹੋਏ ਸੀ। ਬੜੀ ਲਚਕ ਸੀ ਉਸ ਦੀਆਂ ਕਹਾਣੀਆਂ ’ਚ। ਜਦੋਂ ਉਸ ਦੀ ਕਹਾਣੀ ਮੈਂ ਪੜ੍ਹਨੀ ਸ਼ੁਰੂ ਕਰਦਾ ਤਾਂ ਹੌਲ਼ੀ-ਹੌਲ਼ੀ ਮਨ ’ਚ ਇਹ ਗੱਲ ਉੱਭਰਨ ਲੱਗਦੀ ਕਿ ਇਸ ’ਚ ਆਖਿਆ ਕੀ ਗਿਆ ਹੈ? ਪਰ ਕਹਾਣੀ ਦੀਆਂ ਆਖ਼ਰੀ ਸਤਰਾਂ ’ਚ ਕਹਾਣੀ ਲਿਖਣ ਦਾ ਮੰਤਵ ਸਾਹਮਣੇ ਆਉਂਦਾ ਸੀ ਤੇ ਹਰ ਕਹਾਣੀ ਪੜ੍ਹਨ ਪਿੱਛੋਂ ਉਸ ਪ੍ਰਤੀ ਮੇਰੇ ਮਨ ’ਚ ਬਣੇ ਸਤਿਕਾਰ ’ਚ ਵਾਧਾ ਹੁੰਦਾ ਸੀ। ਮੈਂ ਸੋਚਦਾ, ਮੈਂ ਕਹਾਣੀ ਲਿਖਾਂ ਤਾਂ ਇਸੇ ਤਰ੍ਹਾਂ ਦੀ ਲਿਖਾਂ। ਗੱਲ ਨੂੰ ਲੁਕੋ-ਲੁਕੋ ਕੇ ਪੇਸ਼ ਕਰਾਂ। ਉਹ ਲਿਖਦਾ ਕੁਝ ਹੋਰ ਸੀ, ਅਹਿਸਾਸ ਕੁਝ ਹੋਰ ਕਰਵਾਉਂਦਾ ਸੀ।
ਸਮਾਗਮ ਖ਼ਤਮ ਹੋਇਆ ਤਾਂ ਮੈਂ ਵਿਰਕ ਨੂੰ ਦੱਸਿਆ ਕਿ ਮੈਂ ਉਸ ਦੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਨੇ। ਉਹ ਹਲਕਾ ਜਿਹਾ ਹੱਸਿਆ ਤੇ ਮੇਰੇ ਮੋਢੇ ਉੱਤੋਂ ਦੀ ਬਾਂਹ ਵਲ਼ ਕੇ ਹਿੱਕ ਨਾਲ ਲਾ ਲਿਆ। ਉਸ ਦਾ ਕੱਦ-ਬੁੱਤ ਬਹੁਤ ਵੱਡਾ ਸੀ, ਜਿਵੇਂ ਪੁਲੀਸ ਦਾ ਵੱਡਾ ਅਧਿਕਾਰੀ ਹੋਵੇ। ਉਸ ਦੇ ਨੈਣ-ਨਕਸ਼ ਮੋਟੇ ਸੀ, ਚਿਹਰੇ ’ਤੇ ਸਰਦਾਰੀ ਰੋਅਬ। ਉਹ ਵੱਡਾ ਅਫਸਰ ਰਹਿ ਚੁੱਕਾ ਸੀ ਤੇ ਅੱਜਕੱਲ੍ਹ ਘਰੇ ਸਮੇਂ ਨੂੰ ਮਾਣ ਰਿਹਾ ਸੀ ਤੇ ਕਦੇ-ਕਦੇ ਕਹਾਣੀ ਲਿਖਦਾ ਸੀ। ਜਦੋਂ ਮੈਂ ਉਸ ਦੀ ਬੁੱਕਲ਼ ’ਚੋਂ ਨਿੱਕਲ ਕੇ ਸਾਹਮਣੇ ਖੜ੍ਹਾ ਤਾਂ ਉਸ ਦੇ ਪਾਏ ਕੱਪੜਿਆਂ ਦਾ ਪ੍ਰਭਾਵ ਵੀ ਮੇਰੇ ’ਤੇ ਪਿਆ। ਕੱਪੜੇ ਬੜੇ ਮਹਿੰਗੇ ਸਨ। ਮੈਂ ਟੇਲਰ ਮਾਸਟਰ ਹੋਣ ਕਰਕੇ ਉਸ ’ਤੇ ਸਿਰ ਤੋਂ ਪੈਰਾਂ ਤੱਕ ਨਿਗ੍ਹਾ ਮਾਰੀ, ਜਿਸ ਕਾਰਨ ਉਸ ਦੀ ਦਿੱਖ ’ਚੋਂ ਵੀ ਉਸ ਦੀਆਂ ਕਹਾਣੀਆਂ ਵਰਗੀ ਵਿਸ਼ੇਸ਼ਤਾ ਨਜ਼ਰ ਆਈ ਸੀ।
ਇੱਕ ਵਾਰ ਮੈਂ ਰਾਮ ਸਰੂਪ ਅਣਖੀ ਨਾਲ ਵਿਰਕ ਦੀਆਂ ਕਹਾਣੀਆਂ ਦੀ ਗੱਲ ਕੀਤੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ, ‘‘ਵਿਰਕ ਛੋਟੀ ਕਹਾਣੀ ਦਾ ਬਹੁਤ ਵੱਡਾ ਕਹਾਣੀਕਾਰ ਹੈ। ਉਹ ਕਦੇ-ਕਦੇ ਕਹਾਣੀ ਲਿਖਦੈ। ਤਰਥੱਲੀ ਮਚਾ ਦਿੰਦੈ। ਵਿਰਕ ਬਣਨਾ ਬਹੁਤ ਮੁਸ਼ਕਿਲ ਐ।’’
ਅਣਖੀ ਵਾਂਗ ਮੈਂ ਇੱਕ ਦਿਨ ਐੱਸ. ਤਰਸੇਮ ਨਾਲ ਵਿਰਕ ਦੀਆਂ ਕਹਾਣੀਆਂ ਬਾਰੇ ਗੱਲਾਂ ਕਰਨ ਲੱਗ ਪਿਆ। ਉਸ ਨੇ ਮੇਰੀ ਗੱਲ ਕੱਟਦਿਆਂ ਕਿਹਾ, ‘‘ਉਹ ਸਰਕਾਰੀ ਅਫਸਰ ਰਿਹੈ। ਮਾਸਟਰਾਂ ਦੇ ਖ਼ਿਲਾਫ਼ ਐ। ਉਹ ਅਗਾਂਹਵਧੂ ਕਹਾਣੀਆਂ ਨੂੰ ਕਹਾਣੀਆਂ ਹੀ ਨਹੀਂ ਮੰਨਦਾ। ਉਹਨੇ ਮਾਸਟਰਾਂ ਦੇ ਖ਼ਿਲਾਫ਼ ਵੀ ਇੱਕ ਕਹਾਣੀ ਲਿਖੀ ਐ।’’
‘‘ਉਹ ਕਿਹੜੀ ਕਹਾਣੀ ਐ?’’ ਮੈਂ ਪੁੱਛਿਆ।
‘‘ਕਹਾਣੀ ਦਾ ਨਾਂ ਤਾਂ ਮੈਨੂੰ ਹੁਣ ਯਾਦ ਨਹੀਂ ਪਰ ਕਹਾਣੀ ਇਹ ਹੈ ਕਿ ਕੁੜੀ ਇੱਕ ਮਾਸਟਰ ਕੋਲ ਟਿਊਸ਼ਨ ਪੜ੍ਹਨ ਜਾਂਦੀ ਹੈ ਤੇ ਮਾਸਟਰ ਕੁੜੀ ਦੀ ਮਾਸੂਮੀਅਤ ਦਾ ਫ਼ਾਇਦਾ ਉਠਾਉਂਦਾ ਹੈ। ਇਹ ਕਹਾਣੀ ਲਿਖ ਕੇ ਉਸ ਨੇ ਅਧਿਆਪਕ ਜਮਾਤ ਨੂੰ ਬਦਨਾਮ ਕਰਨ ਦਾ ਯਤਨ ਕੀਤੈ। ਆਪਣੀ ਸੋਚ ਕਹਾਣੀ ’ਚ ਮੱਲੋ-ਮੱਲੀ ਘੁਸੇੜੀ ਐ।’’
ਐੱਸ. ਤਰਸੇਮ ਅਜੇ ਗੱਲ ਕਰੀ ਜਾ ਰਿਹਾ ਸੀ। ਮੇਰੇ ਮਨ ’ਚ ਆਲ਼ੇ-ਦੁਆਲ਼ੇ ਦੇ ਕਈ ਮਾਸਟਰ ਘੁੰਮ ਗਏ ਤੇ ਘੁੰਮੇ ਮਾਸਟਰਾਂ ’ਚੋਂ ਮੈਨੂੰ ਵਿਰਕ ਦੀ ਕਹਾਣੀ ਸੱਚੀ ਲੱਗੀ, ਜੋ ਐੱਸ. ਤਰਸੇਮ ਨੇ ਦੱਸੀ ਸੀ।
ਵਿਰਕ ਨੂੰ ਮਾਰਕੰਡਾ ਜਾਣਦਾ ਸੀ। ਕਈ ਵਾਰ ਮਿਲ ਵੀ ਚੁੱਕਿਆ ਸੀ। ਉਸ ਨੇ ਹੀ ਵਿਰਕ ਨਾਲ ਚਿੱਠੀ-ਪੱਤਰ ਕੀਤਾ ਤੇ ਵਿਰਕ ਨੇ ਸਾਡੀ ਛੋਟੀ ਜਿਹੀ ਸਭਾ ਦਾ ਨਿੱਕਾ ਜਿਹਾ ਇਨਾਮ ਲੈਣਾ ਪ੍ਰਵਾਨ ਕਰ ਲਿਆ ਸੀ। ਨਹੀਂ, ਕਿਹੜਾ ਸਾਹਿਤਕ ਇਨਾਮ ਸੀ ਜਿਹੜਾ ਉਸ ਨੂੰ ਨਹੀਂ ਸੀ ਮਿਲਿਆ।
ਸਮਾਗਮ ਪਿੱਛੋਂ ਰਾਮ ਸਰੂਪ ਅਣਖੀ ਤੇ ਕੁਲਵੰਤ ਸਿੰਘ ਵਿਰਕ ਵੀ ਸ਼ਾਮ ਹੋ ਜਾਣ ਕਾਰਨ ਮਾਰਕੰਡਾ ਦੇ ਘਰ ਰਹਿ ਪਏ ਸੀ। ਉਨ੍ਹਾਂ ਦਿਨਾਂ ’ਚ ਅੱਜ ਵਰਗੀ ਕਾਹਲ਼ ਵੀ ਲੋਕਾਂ ’ਚ ਨਹੀਂ ਸੀ। ਲੋਕ ਜ਼ਿੰਦਗੀ ਜਿਉਣ ਦੇ ਨਾਲ-ਨਾਲ ਕੁਝ ਨਾ ਕੁਝ ਮਾਣਦੇ ਵੀ ਸੀ।
ਸ਼ਾਮ ਗਰਕਣ ਲੱਗੀ ਤਾਂ ਮਾਰਕੰਡੇ ਨੇ ਆਪਣੇ ਵਰਾਂਡੇ ਵਿਚਲੀ ਬੈਠਕ ’ਚ ਮਹਿਫ਼ਲ ਸਜਾ ਲਈ ਤੇ ਬੋਤਲ ਕੱਢ ਕੇ ਮੇਜ਼ ’ਤੇ ਰੱਖ ਦਿੱਤੀ, ਜਿਹੜਾ ਇੱਕ ਪਾਸੇ ਡਹੇ ਮੰਜੇ ਤੇ ਦੂਜੇ ਪਾਸੇ ਡਹੀਆਂ ਕੁਰਸੀਆਂ ਦੇ ਵਿਚਾਲ਼ੇ ਪਿਆ ਸੀ। ਮਟਰਾਂ ਦੀ ਸੁੱਕੀ ਸਬਜ਼ੀ ਬਣੀ ਹੋਈ ਸੀ। ਸਨਾਤਨੀ ਪਰਿਵਾਰ ਹੋਣ ਕਰਕੇ ਘਰੇ ਮਾਸ-ਮਿੱਟੀ ਬਣਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਮਾਰਕੰਡੇ ਨੇ ਸਾਰਿਆਂ ਨੂੰ ਪੈੱਗ ਪਾ ਕੇ ਦਿੱਤੇ। ਵਿਰਕ ਦੂਜਾ ਪੈੱਗ ਪੀਣ ਪਿੱਛੋਂ ਹੱਥ ਖੜ੍ਹੇ ਕਰ ਗਿਆ, ਪਰ ਅਣਖੀ ਤੇ ਧੀਰ ਨੇ ਮਾਰਕੰਡਾ ’ਤੇ ਜ਼ੋਰ ਪਾ ਕੇ ਵਿਰਕ ਨੂੰ ਇਕ ਪੈੱਗ ਹੋਰ ਪਾ ਕੇ ਦੇਣ ਲਈ ਕਿਹਾ। ਉਸ ਨੇ ਫੇਰ ਦੋ-ਤਿੰਨ ਵਾਰ ਨਾਂਹ-ਨੁੱਕਰ ਕੀਤੀ, ਪਰ ਜਦੋਂ ਧੀਰ ਤੇ ਅਣਖੀ ਆਪਣੀ ਜ਼ਿੱਦ ’ਤੇ ਅੜੇ ਰਹੇ ਤਾਂ ਵਿਰਕ ਨੇ ਮਾਰਕੰਡਾ ਦਾ ਪਾਇਆ ਹੋਇਆ ਪੈੱਗ ਫੜ ਲਿਆ। ਇਸ ਕੀਤੇ ਗਏ ਧੱਕੇ ਦੇ ਭਾਵ ਉਸ ਦੇ ਚਿਹਰੇ ’ਤੇ ਸਾਫ਼ ਦਿਖਾਈ ਦਿੰਦੇ ਸਨ।
ਇਸ ਮੌਕੇ ਧੀਰ ਨੇ ਸਵਾਲ ਕੀਤਾ, ‘‘ਵਿਰਕ! ਤੂੰ ਬੜੀਆਂ ਮਾਸਟਰ ਪੀਸ ਕਹਾਣੀਆਂ ਲਿਖੀਆਂ ਨੇ, ਇਹ ਤੈਨੂੰ ਅਹੁੜਦੀਆਂ ਕਿਵੇਂ ਨੇ?’’
‘‘ਔੜਨੀਆਂ ਕੀ ਸੀ। ਮੈਨੂੰ ਕਿਸੇ ਤੋਂ ਸੁਣੀ ਹੋਈ ਕੋਈ ਗੱਲ ਚੰਗੀ ਲਗਦੀ ਹੈ ਤਾਂ ਮੈਂ ਉਸ ਦੁਆਲ਼ੇ ਕਹਾਣੀ ਉਸਾਰ ਲੈਨਾਂ। ਕਹਾਣੀ ਛੇਤੀ ਵੀ ਲਿਖੀ ਜਾਂਦੀ ਹੈ ਤੇ ਕਈ-ਕਈ ਸਾਲਾਂ ਪਿੱਛੋਂ ਵੀ। ਮੈਂ ਲੋਕਾਂ ਦੀਆਂ ਗੱਲਾਂ ਸੁਣਦਾਂ। ਗੱਲਾਂ-ਗੱਲਾਂ ’ਚੋਂ ਹੀ ਕਹਾਣੀਆਂ ਮਿਲਦੀਆਂ ਰਹਿੰਦੀਆਂ ਨੇ।’’
ਵਿਰਕ ਨੇ ਗੱਲ ਖ਼ਤਮ ਕੀਤੀ ਤਾਂ ਅਣਖੀ ਲੋਰ ’ਚ ਆ ਗਿਆ, ‘‘ਵਿਰਕ ਸਾਹਿਬ! ‘ਧਰਤੀ ਹੇਠਲਾ ਬਲਦ’ ਤੁਹਾਡੀ ਬਹੁਤ ਵਧੀਆ ਕਹਾਣੀ ਐਂ। ਕਮਾਲ ਦੀ ਗੱਲ ਐ। ਬਜ਼ੁਰਗ ਦਾ ਫ਼ੌਜੀ ਮੁੰਡਾ ਮਰਿਆ ਹੋਇਆ ਹੈ। ਉਸ ਦਾ ਇੱਕ ਹੋਰ ਫ਼ੌਜੀ ਮਿੱਤਰ ਛੁੱਟੀ ਕੱਟਣ ਆਇਆ ਹੋਇਐ ਪਰ ਉਸ ਦਾ ਪਿਉ ਅੰਤ ਤੱਕ ਆਪਣੇ ਮਰੇ ਪੁੱਤ ਦੀ ਮੌਤ ਦਾ ਉਸ ਦੇ ਆਏ ਦੋਸਤ ਨੂੰ ਪਤਾ ਨਹੀਂ ਲੱਗਣ ਦਿੰਦਾ ਕਿ ਉਸ ਦਾ ਜਵਾਨ ਪੁੱਤ ਫ਼ੌਜ ’ਚ ਮਾਰਿਆ ਗਿਆ ਹੈ ਤਾਂ ਕਿ ਉਹਦੀ ਕੱਟੀ ਜਾਣ ਵਾਲੀ ਛੁੱਟੀ ਖ਼ਰਾਬ ਨਾ ਹੋ ਜੇ। ਵਾਹ... ਬਈ... ਵਾਹ... ਤੁਹਾਡੀ ‘ਖੱਬਲ਼’ ਕਹਾਣੀ ਵੀ ਬੜੇ ਕਮਾਲ ਦੀ ਹੈ... ਨਹੀਂ ਰੀਸਾਂ ਬਈ... ਵਿਰਕ ਸਾਹਿਬ ਦੀਆਂ।’’ ਇਹ ਕਹਿ ਕੇ ਅਣਖੀ ਮਾਰਕੰਡੇ ਵੱਲ ਝਾਕਣ ਲੱਗ ਪਿਆ।
... ... ...
ਸਮਾਗਮ ਚੱਲ ਪਿਆ ਸੀ। ਵਿਰਕ ਅਜੇ ਨਹੀਂ ਸੀ ਆਇਆ। ਸਟੇਜ ਮਾਰਕੰਡਾ ਚਲਾ ਰਿਹਾ ਸੀ। ਮੈਂ ਕਈ ਵਾਰ ਸਕੂਲ ਦੇ ਗੇਟ ਤੱਕ ਵੇਖਣ ਗਿਆ। ਉਹ ਗਿਆਰਾਂ ਕੁ ਵਜੇ ਆਇਆ। ਅੱਡੇ ਤੋਂ ਉਤਰ ਕੇ ਰਿਕਸ਼ਾ ’ਤੇ ਹੀ ਆਇਆ। ਹੱਥ ’ਚ ਨਾ ਕੋਈ ਅਟੈਚੀ, ਨਾ ਮੋਢੇ ’ਚ ਬੈਗ। ਮੈਂ ਬੜੇ ਅਦਬ ਨਾਲ ਉਸ ਦਾ ਸਵਾਗਤ ਕੀਤਾ। ਦੋਵੇਂ ਹੱਥ ਜੋੜ ਕੇ ਉਸ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ। ਉਸ ਨੇ ਮੇਰੇ ਜੁੜੇ ਹੱਥਾਂ ਨੂੰ ਆਪਣੇ ਲੰਮੇ ਹੱਥਾਂ ’ਚ ਲੈ ਲਿਆ ਤੇ ਮੇਰੇ ਪਿੱਛੇ-ਪਿੱਛੇ ਹੋ ਤੁਰਿਆ।
ਮੈਂ ਰਿਕਸ਼ੇ ਤੋਂ ਉੱਤਰਨ ਵੇਲੇ ਵੇਖਿਆ ਸੀ ਕਿ ਉਸ ਦੀ ਖੱਬੇ ਪਾਸੇ ਦਾੜ੍ਹੀ ’ਚੋਂ ਦੋ ਕੁ ਉਂਗਲਾਂ ਥਾਂ ਚਿੱਟੀ ਸੀ ਪਰ ਜਦੋਂ ਉਸ ਨੂੰ ਪੰਜਾਬੀ ਯੂਨੀਵਰਸਿਟੀ ਲੁਧਿਆਣੇ ਮਿਲਿਆ ਸੀ ਤਾਂ ਇੰਨੀ ਕੁ ਥਾਂ ਸੱਜੇ ਪਾਸੇ ਚਿੱਟੀ ਸੀ। ਮੈਂ ਕਈ ਵਾਰ ਉਸ ਵੱਲ ਵੇਖਿਆ ਸੀ।
ਹੁਣ ਵੀ ਮੇਰੀ ਨਿਗ੍ਹਾ ਉਸ ਦੇ ਚਿਹਰੇ ਦੀ ਬਜਾਏ ਚਿੱਟੀ ਦਾੜ੍ਹੀ ਵਾਲੀ ਥਾਂ ’ਤੇ ਵਾਰ-ਵਾਰ ਟਿਕ ਰਹੀ ਸੀ। ਮੇਰੇ ਵਾਰ-ਵਾਰ ਵੇਖਣ ਤੋਂ ਉਹ ਭਾਂਪ ਗਿਆ ਕਿ ਮੈਂ ਉਸ ਦੀ ਚਿੱਟੀ ਦਾੜ੍ਹੀ ਵੇਖ ਰਿਹਾ ਹਾਂ। ਉਹ ਬੋਲਿਆ, ‘‘ਮੇਰੀ ਦਾੜ੍ਹੀ ਬਹੁਤ ਸਾਲਾਂ ਦੀ ਚਿੱਟੀ ਹੈ। ਮੈਂ ਸਾਰੀ ਦਾੜ੍ਹੀ ਕਾਲ਼ੀ ਨਹੀਂ ਕਰਦਾ। ਕਦੇ ਸੱਜੇ ਪਾਸੇ ਕੁਝ ਹਿੱਸਾ ਚਿੱਟਾ ਛੱਡ ਲਈਦੈ, ਕਦੇ ਖੱਬੇ ਪਾਸੇ। ਇੰਦਰਾ ਗਾਂਧੀ ਦੇ ਵੀ ਸਿਰ ਦੇ ਸਾਰੇ ਵਾਲ਼ ਚਿੱਟੇ ਸੀ। ਉਹ ਵੀ ਏਵੇਂ ਕਰਦੀ ਸੀ ਤਾਂ ਕਿ ਲੋਕ ਸਮਝਣ ਕਿ ਉਹਦੇ ਸਾਰੇ ਵਾਲ਼ ਚਿੱਟੇ ਨਹੀਂ।’’
‘‘ਵਿਰਕ ਸਾਹਿਬ... ਤੁਸੀਂ ਇੰਦਰਾ ਗਾਂਧੀ ਦਾ ਪ੍ਰਭਾਵ ਕਬੂਲ ਲਿਆ। ਇਹ ਤਾਂ ਧੀਰ ਸਾਹਿਬ ਨੂੰ ਕਬੂਲਣਾ ਚਾਹੀਦਾ ਸੀ। ਇਨ੍ਹਾਂ ਦੀ ਸੀ.ਪੀ.ਆਈ. ਦਾ ਕਾਂਗਰਸ ਨਾਲ ਸਮਝੌਤੈ।’’ ਅਣਖੀ ਨੇ ਕਿਹਾ। ਧੀਰ ਨੇ ਹਲਕਾ ਜਿਹਾ ਵੱਟ ਖਾਧਾ। ਅਣਖੀ ਵੱਲ ਚੀਰਵਾਂ ਵੀ ਵੇਖਿਆ, ਪਰ ਬੋਲਿਆ ਨਹੀਂ। ਅਣਖੀ ਸਮਝ ਗਿਆ ਸੀ। ਉਸ ਨੇ ਸਮੇਂ ਨੂੰ ਮੋੜਾ ਦਿੱਤਾ। ਮੈਨੂੰ ਪੁੱਛਣ ਲੱਗਾ, ‘‘ਹੋਰ ਤੇਰੇ ਕੰਮ ਕਾਰ ਦਾ ਕੀ ਹਾਲ ਐ? ਸਿਆਲ਼ ਦੇ ਦਿਨ ਨੇ। ਵੱਢਦਾ ਹੋਏਂਗਾ ਲਾਲਿਆਂ ਨੂੰ ਫੱਟੇ ’ਤੇ ਧਰ ਕੇ।’’
ਮੈਂ ਅਣਖੀ ਦਾ ਜਵਾਬ ਦੇਣ ਹੀ ਲੱਗਿਆ ਸੀ ਕਿ ਵਿਰਕ ਬੋਲ ਪਿਆ, ‘‘ਕਾਹਦਾ ਕੰਮ ਕਰਦੈ ਇਹ?’’
‘‘ਟੇਲਰ ਮਾਸਟਰ ਐ ਸਿਰੇ ਦਾ। ਦੁੱਗਣਾ ਰੇਟ ਲੈਂਦੈ ਹੋਰਾਂ ਦਰਜ਼ੀਆਂ ਤੋਂ।’’
ਸੁਣ ਕੇ ਵਿਰਕ ਮੇਰੇ ਵੱਲ ਮੂੰਹ ਕਰਕੇ ਬੋਲਿਆ, ‘‘ਪੰਜਾਬ ਦੇ ਟੇਲਰ ਚੰਗੇ ਕੱਪੜੇ ਕਿਉਂ ਨਹੀਂ ਸਿਉਂਦੇ?’’
ਮੈਂ ਕਿਹਾ, ‘‘ਪੰਜਾਬ ਦੇ ਦਰਜ਼ੀ ਅਜੇ ਬਹੁਤ ਪਿੱਛੇ ਨੇ। ਅਸੀਂ ਬਹੁਤੇ ਪੜ੍ਹੇ-ਲਿਖੇ ਨਹੀਂ ਹੁੰਦੇ। ਜੋ ਗੁਰੂ ਦੱਸ ਜਾਂਦਾ ਹੈ, ਉਨ੍ਹਾਂ ਗੁਰਾਂ ਨੂੰ ਹੀ ਸਾਰੀ ਉਮਰ ਵਰਤਦੇ ਰਹਿੰਦੇ ਐ। ਮੇਰੀ ਗੱਲ ਛੱਡੋ। ਮੈਂ ਉਨ੍ਹਾਂ ਵਾਂਗ ਨਹੀਂ ਸੋਚਦਾ। ਸਾਡੇ ਵੱਡੇ ਦਰਜ਼ੀਆਂ ਦੇ ਮਨਾਂ ’ਚ ਅੱਗੇ ਵਧਣ ਦੀ ਲਾਲਸਾ ਨਹੀਂ ਹੁੰਦੀ। ਉਹ ਰੈਡੀਮੇਡ ਕੰਪਨੀਆਂ ਨਾਲ ਆਪਣਾ ਮੁਕਾਬਲਾ ਨਹੀਂ ਕਰਦੇ। ਹਰ ਰੋਜ਼ ਹੁੰਦੀ ਕਮਾਈ ਨੂੰ ਆਪਣੀ ਮੁੱਠੀ ’ਚ ਘੁੱਟ ਲੈਂਦੇ ਨੇ। ਜਾਇਦਾਦ ਵਧਾਉਣੀ, ਆਪਣੇ ਜੁਆਕਾਂ ਨੂੰ ਪੜ੍ਹਾਉਣਾ ਤੇ ਕੁੜੀਆਂ-ਮੁੰਡਿਆਂ ਲਈ ਚੰਗੇ ਥਾਂ ਭਾਲਣੇ ਹੀ ਉਨ੍ਹਾਂ ਦੀ ਇੱਛਾ ਹੁੰਦੀ ਹੈ ਤਾਂ ਹੀ ਦਿਨ-ਬ-ਦਿਨ ਰੈਡੀਮੇਡ ਕੰਪਨੀਆਂ ਵਾਲੇ ਦਰਜ਼ੀਆਂ ਦੀ ਹਿੱਕ ’ਤੇ ਚੜ੍ਹੀ ਜਾਂਦੇ ਐ। ਬਾਹਰਲੇ ਦੇਸ਼ਾਂ ’ਚ ਕੰਮ ਸਾਡੇ ਵਾਂਗ ਅੰਦਾਜ਼ੇ ਨਾਲ ਨਹੀਂ ਹੁੰਦਾ। ਪੈਟਰਨ ’ਤੇ ਕੰਮ ਹੁੰਦੈ। ਉਨ੍ਹਾਂ ਨੇ ਇਸ ਨੂੰ ਥਿਉਰੀ ਬਣਾ ਲਿਐ। ਅਸੀਂ ਅਜੇ ਓਥੇ ਹੀ ਗੇੜੇ ਕੱਢੀ ਜਾਨੇ ਆਂ। ਤੁਰਨ ਵਾਲੇ ਤੇ ਖੜ੍ਹੇ ਬੰਦੇ ’ਚ ਫ਼ਰਕ ਤਾਂ ਹੁੰਦਾ ਹੀ ਐ ਨਾ।’’
ਮੇਰੀ ਗੱਲ ਸੁਣ ਕੇ ਉਹ ਦੱਸਣ ਲੱਗਾ, ‘‘ਵਿਦੇਸ਼ੀ ਕੱਪੜੇ ਇਉਂ ਲਗਦੇ ਨੇ, ਜਿਵੇਂ ਸਰੀਰ ’ਤੇ ਪਾਏ ਹੀ ਨਾ ਹੋਣ। ਆਪਣਾ ਅਹਿਸਾਸ ਨਹੀਂ ਕਰਵਾਉਂਦੇ। ਮੈਂ ਤਾਂ ਹੀ ਵਿਦੇਸ਼ੀ ਕੱਪੜੇ ਪਾਉਨਾਂ। ਮੇਰੀ ਕੁੜੀ ਬਾਹਰ ਰਹਿੰਦੀ ਹੈ। ਉਹ ਮੈਨੂੰ ਉੱਧਰੋਂ ਕੱਪੜੇ ਭੇਜਦੀ ਰਹਿੰਦੀ ਹੈ। ਮੇਰੇ ਨਾਪ ਦਾ ਉਹਨੂੰ ਪਤੈ। ਉਹਨੇ ਮੈਨੂੰ ਇੱਕ ਕੋਟ-ਪੈਂਟ ਦੀ ਕਟਿੰਗ ਵਾਲੀ ਕਿਤਾਬ ਵੀ ਭੇਜੀ ਹੈ। ਉਹ ਬਹੁਤ ਵੱਡੇ ਸਾਈਜ਼ ਦੀ ਹੈ। ਮੈਂ ਤੈਨੂੰ ਉਹ ਭੇਜਾਂਗਾ। ਉਹ ਤੇਰੇ ਕੰਮ ਦੀ ਹੈ। ਸਾਡੇ ਕਿਸੇ ਕੰਮ ਦੀ ਨਹੀਂ।’’
ਰਾਤ ਢਲ਼ਣੀ ਸ਼ੁਰੂ ਹੋ ਗਈ ਸੀ। ਸਮਾਂ ਦਸ ਦੇ ਨੇੜੇ-ਤੇੜੇ ਸੀ। ਧੀਰ ਹੱਥ ਖੜ੍ਹੇ ਕਰ ਚੁੱਕਾ ਸੀ, ਪਰ ਅਣਖੀ ਤੇ ਮਾਰਕੰਡਾ ਅਜੇ ਵੀ ਦੂਜੀ ਬੋਤਲ ਨਾਲ ਆਢਾ ਲਾਈ ਬੈਠੇ ਸਨ।
ਮੈਂ ਬੈਠਕ ’ਚੋਂ ਬਾਹਰ ਜਾ ਕੇ ਮਾਰਕੰਡੇ ਦੇ ਛੋਟੇ ਮੁੰਡੇ ਸਮੀਰ ਨੂੰ ਰੋਟੀ ਲਿਆਉਣ ਲਈ ਕਿਹਾ। ਮਟਰਾਂ ਦੀ ਸੁੱਕੀ ਸਬਜ਼ੀ ਨਾਲ ਦਾਲ਼ ਵੀ ਬਣੀ ਹੋਈ ਸੀ। ਜਦੋਂ ਸਮੀਰ ਨੇ ਵਿਰਕ ਅੱਗੇ ਰੋਟੀ ਵਾਲਾ ਥਾਲ਼ ਕੀਤਾ ਤਾਂ ਉਸ ਨੇ ਥਾਲ ਨਹੀਂ ਫੜਿਆ। ਸਿਰਫ਼ ਮਟਰਾਂ ਦੀ ਸਬਜ਼ੀ ਵਾਲੀ ਕੌਲੀ ਚੁੱਕ ਲਈ। ਜਦੋਂ ਸਾਰੀ ਸਬਜ਼ੀ ਮੁਕਾ ਕੇ ਉਸ ਨੇ ਕੌਲੀ ਮੇਜ਼ ’ਤੇ ਰੱਖੀ ਤਾਂ ਅਣਖੀ ਕਹਿਣ ਲੱਗਿਆ, ‘‘ਵਿਰਕ ਸਾਹਿਬ! ਰੋਟੀ ਤਾਂ ਖਾ ਲਉ।’’
‘‘ਮੈਂ ਰਾਤ ਨੂੰ ਰੋਟੀ ਨਹੀਂ ਖਾਂਦਾ। ਰਾਤ ਨੂੰ ਕਿਹੜਾ ਕੋਈ ਕੰਮ ਕਰਨਾ ਹੁੰਦੈ। ਪੈ ਹੀ ਜਾਣਾ ਹੁੰਦੈ। ਦਿਨੇ ਮੈਂ ਫਲ-ਫਰੂਟ ਖਾਂਦਾ ਰਹਿੰਨਾਂ। ਰਾਤ ਨੂੰ ਸਬਜ਼ੀ ਖਾ ਲਈਦੀ ਹੈ।’’
ਰੋਟੀ ਖਾ ਕੇ ਉਹ ਤਿੰਨੇ ਅੰਦਰਲੇ ਕਮਰੇ ’ਚ ਜਾ ਪਏ। ਮੈਂ ਸਾਈਕਲ ਚੁੱਕ ਕੇ ਘਰੇ ਆ ਗਿਆ। ਅਗਲੇ ਦਿਨ ਮੈਂ ਤੜਕੇ ਮਾਰਕੰਡੇ ਦੇ ਘਰੇ ਚਲਿਆ ਗਿਆ। ਮੈਂ ਹੀ ਵਿਰਕ ਨੂੰ ਅੰਦਰਲੇ ਬੱਸ ਅੱਡੇ ਤੋਂ ਬੱਸ ਚੜ੍ਹਾਉਣਾ ਸੀ। ਮੈਂ ਗਿਆ ਤਾਂ ਉਹ ਤਿੰਨੇ ਮਾਰਕੰਡੇ ਦੇ ਅੰਦਰਲੇ ਸੌਣ-ਕਮਰੇ ’ਚ ਆਲੂਆਂ ਵਾਲੇ ਪਰੌਂਠੇ ਖਾ ਰਹੇ ਸੀ। ਸਮਾਂ ਲੰਘਦਾ ਵੇਖ ਕੇ ਮੈਂ ਮਾਰਕੰਡੇ ਦੇ ਵਰਾਂਡੇ ਵਾਲੇ ਕਮਰੇ ’ਚ ਆ ਗਿਆ। ਮੇਜ਼ ਉੱਤੋਂ ਅਖ਼ਬਾਰ ਚੁੱਕਦੇ ਹੋਏ ਨੇ ਜਦੋਂ ਸਾਹਮਣੇ ਵੇਖਿਆ ਤਾਂ ਇੱਕ ਸ਼ੀਸ਼ੇ ਵਾਲੀ ਤਾਕੀ ਅੱਧੀ ਖੁੱਲ੍ਹੀ ਸੀ। ਮੈਂ ਬੰਦ ਕੀਤੀ ਤਾਂ ਹੈਰਾਨ ਰਹਿ ਗਿਆ। ਉਸ ਦੇ ਪਿੱਛੇ ਸ਼ਰਾਬ ਦਾ ਪੈੱਗ ਪਿਆ ਸੀ ਜਿਹੜਾ ਰਾਤ ਧੀਰ ਤੇ ਅਣਖੀ ਨੇ ਮਾਰਕੰਡੇ ਤੋਂ ਮੱਲੋ-ਮੱਲੀ ਵਿਰਕ ਲਈ ਪੁਆ ਦਿੱਤਾ ਸੀ। ਮੈਂ ਹੈਰਾਨ ਰਹਿ ਗਿਆ। ਅਸੀਂ ਚਾਰੇ ਜਣੇ ਰਾਤ ਉਸ ਦੇ ਕੋਲ਼ ਸੀ। ਪੈੱਗ ਉਸ ਨੇ ਕਦੋਂ ਰੱਖਿਆ ਤੇ ਕਿਵੇਂ ਹੌਲ਼ੀ-ਹੌਲ਼ੀ ਉਹ ਤਾਕੀ ਖੋਲ੍ਹੀ? ਪਰ ਫਿਰ ਮੇਰਾ ਮਨ ਟਿਕਾਣੇ ਆਉਣਾ ਸ਼ੁਰੂ ਹੋ ਗਿਆ। ਸੋਚਿਆ, ਉਸ ਦੀ ਕਹਾਣੀ ਲਿਖਣ ’ਚ ਵੀ ਇਹੋ ਜਿਹੀ ਚਤੁਰਾਈ ਹੁੰਦੀ ਹੈ। ਆਪਣੇ ਮਨ ਦੀ ਗੱਲ ਵੀ ਕਹਿ ਦਿੰਦਾ ਹੈ, ਪਤਾ ਵੀ ਨਹੀਂ ਲੱਗਣ ਦਿੰਦਾ।
ਪਰੌਂਠੇ ਖਾਣ ਪਿੱਛੋਂ ਚਾਹ ਪੀ ਕੇ ਉਹ ਤਿੰਨੇ ਵਿਹੜੇ ’ਚ ਆ ਗਏ। ਤਿੰਨਾਂ ਨੇ ਮਾਰਕੰਡੇ ਦੇ ਬੱਚਿਆਂ ਨੂੰ ਪਿਆਰ ਦਿੱਤਾ। ਮੈਂ ਸਾਈਕਲ ’ਤੇ ਆਇਆ ਸੀ ਤੇ ਉਨ੍ਹਾਂ ਨਾਲ ਸਾਈਕਲ ਰੋੜ੍ਹਦਾ-ਰੋੜ੍ਹਦਾ ਅੰਦਰਲੇ ਬੱਸ ਅੱਡੇ ਤੱਕ ਆ ਗਿਆ। ਬਰਨਾਲੇ ਵਾਲੀ ਬੱਸ ਆਈ। ਵਿਰਕ ਪਿੱਛੇ ਖੜ੍ਹਾ ਸੀ। ਉਹ ਅਣਖੀ ਤੇ ਧੀਰ ਤੋਂ ਪਿੱਛੋਂ ਚੜ੍ਹਨਾ ਚਾਹੁੰਦਾ ਸੀ, ਪਰ ਧੀਰ ਨੇ ਉਸ ਨੂੰ ਆਪਣੇ ਤੋਂ ਪਹਿਲਾਂ ਚੜ੍ਹਨ ਲਈ ਕਿਹਾ। ਅਣਖੀ ਲਈ ਇਹ ਕੋਈ ਮਸਲਾ ਨਹੀਂ ਸੀ। ਬੱਸ ਹੀ ਚੜ੍ਹਨੈ। ਕੋਈ ਪਹਿਲਾਂ ਚੜ੍ਹੇ, ਪਿੱਛੋਂ ਚੜ੍ਹੇ। ਬੱਸ ਚੜ੍ਹਦਿਆਂ ਤਿੰਨਾਂ ਨੇ ਮੇਰੇ ਵੱਲ ਵੇਖ ਕੇ ਹੱਥ ਹਿਲਾਏ।
ਉਨ੍ਹਾਂ ਦੇ ਜਾਣ ਪਿੱਛੋਂ ਮੇਰੇ ਮਨ ’ਚ ਵਾਰ-ਵਾਰ ਗੱਲ ਆਈ ਕਿ ਆਉਂਦੇ ਸਮੇਂ ’ਚ ਜੋ ਲਿਖਾਂ, ਹਲਕਾ ਨਾ ਲਿਖਾਂ। ਘੱਟ ਲਿਖਾਂ ਤੇ ਚੰਗਾ ਲਿਖਾਂ। ਮੈਂ ਉਨ੍ਹਾਂ ਦਿਨਾਂ ’ਚ ਗ਼ਜ਼ਲਾਂ ਹੀ ਲਿਖਦਾ ਸੀ। ਮੇਰੇ ਮਨ ’ਚ ਕਹਾਣੀਆਂ ਲਿਖਣ ਦੀ ਰੀਝ ਵੀ ਪ੍ਰਬਲ ਹੋਣ ਲੱਗੀ। ਮੈਂ ‘ਸ਼ਰਤ’ ਕਹਾਣੀ ਲਿਖੀ। ‘ਨਾਗਮਣੀ’ ਨੂੰ ਭੇਜ ਦਿੱਤੀ। ਲਿਖਣ ਵੇਲ਼ੇ ਧਿਆਨ ਰੱਖਿਆ ਕਿ ਕਹਾਣੀ ਨੂੰ ਅੰਤ ਤੱਕ ਬਿਨਾਂ ਸਪੱਸ਼ਟ ਕਰਿਆਂ ਲਿਜਾਇਆ ਜਾਵੇ। ਅੰਮ੍ਰਿਤਾ ਪ੍ਰੀਤਮ ਨੇ ਅਗਲੇ ਅੰਕ ’ਚ ਕਹਾਣੀ ਛਾਪ ਕੇ ਮੈਗਜ਼ੀਨ ਭੇਜ ਦਿੱਤਾ। ਮੈਨੂੰ ਲੱਗਿਆ, ਇਹ ਜਿਵੇਂ ਕੁਲਵੰਤ ਸਿੰਘ ਵਿਰਕ ਦਾ ਹੀ ਮੇਰੇ ਮੋਢੇ ’ਤੇ ਧਰਿਆ ਹੱਥ ਹੋਵੇ।
ਉਸ ਪਿੱਛੋਂ ਮੈਂ ਦਿੱਲੀ ਗਿਆ। ਕੁਲਵੰਤ ਸਿੰਘ ਵਿਰਕ ਦੀਆਂ ਹੋਰ ਕਿਤਾਬਾਂ ਵੀ ਆਰਸੀ ਪਬਲਿਸ਼ਰਜ਼ ਤੋਂ ਲੈ ਆਇਆ। ਨਿੱਠ ਕੇ ਪੜ੍ਹੀਆਂ। ਕਹਾਣੀਆਂ ਪੜ੍ਹਨ ਪਿੱਛੋਂ ਉਸ ਦਾ ਪੂਰਨ ਬਿੰਬ ਮੇਰੇ ਮਨ ’ਚ ਉੱਭਰ ਆਇਆ। ਉਹ ਸਰਦਾਰੀ ਸੋਚ ਵਾਲਾ ਸੀ। ਸਰਦਾਰਾਂ ਵਾਲੀਆਂ ਵਿਸ਼ੇਸ਼ਤਾਵਾਂ ਵੀ ਉਸ ’ਚ ਸਨ। ਔਰਤਾਂ ’ਚ ਉਸ ਦੀ ਵਿਸ਼ੇਸ਼ ਰੁਚੀ ਸੀ। ਉਸ ਨੇ ਆਪਣੀਆਂ ਕਹਾਣੀਆਂ ਰਾਹੀਂ ਮਰਦਾਂ ਦੇ ਨਾਲ-ਨਾਲ ਔਰਤਾਂ ਦੇ ਮਨ ਵੀ ਫਰੋਲ਼ੇ। ਉਸ ਦੇ ਸਮਿਆਂ ’ਚ ਜੇ ਆਦਮੀ ਦੀ ਤੀਵੀਂ ਮਰ ਜਾਂਦੀ ਸੀ ਤਾਂ ਉਹਦੀ ਸਾਲ਼ੀ ਨਾਲ ਉਹਦਾ ਵਿਆਹ ਹੋ ਜਾਂਦਾ ਸੀ। ਘਰ ਦੀ ਗੱਲ ਘਰੇ ਰੱਖਣ ਦਾ ਰਿਵਾਜ਼ ਸੀ। ਇਹ ਪੱਖ ਵੀ ਨਾਂਹ-ਪੱਖੀ ਰੂਪ ’ਚ ਉਸ ਦੀਆਂ ਕਹਾਣੀਆਂ ’ਚ ਆਏ। ਉਸ ਨੇ ਕਿਸੇ ਦੀ ਧਿਰ ਬਣ ਕੇ ਕਹਾਣੀਆਂ ਨਹੀਂ ਲਿਖੀਆਂ ਸਗੋਂ ਮਨੁੱਖੀ ਮਨਾਂ ਦੀ ਗਹਿਰਾਈ ’ਚ ਕੀ ਪਿਆ ਹੈ, ਉਸ ਨੂੰ ਚਿਤਰਿਆ। ਬਾਹਰੀ ਦਿਸਦਾ ਉਸ ਨੇ ਨਹੀਂ ਲਿਖਿਆ। ਅਣਛੋਹਿਆ ਲਿਖਣ ਕਾਰਨ ਹੀ ਉਸ ਦਾ ਸਦੀਵੀ ਨਾਂ ਬਣ ਸਕਿਆ। ਉਸ ਦੀਆਂ ਕਹਾਣੀਆਂ ਸਮੇਂ ਦੀ ਮਾਰ ਦਾ ਟਾਕਰਾ ਕਰਨ ਵਾਲੀਆਂ ਹਨ। ਉਸ ਦੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਹੋ ਕੇ ਇੱਕ ਬੰਦ ਮੁੱਠੀ ਬਣ ਜਾਂਦੀਆਂ ਅਤੇ ਪੜ੍ਹਨ ਵਾਲੇ ਨੂੰ ਕਹਿੰਦੀਆਂ ਹਨ, ਬੁੱਝ ਸਾਡੀ ਮੁੱਠੀ ਵਿੱਚ ਕੀ! ਵਿਰਕ ਨੂੰ ਪੜ੍ਹਨ ਦੇ ਨਾਲ-ਨਾਲ ਬੁੱਝਣਾ ਪੈਂਦੈ। ਉਸ ਦੀਆਂ ਕਹਾਣੀਆਂ ਦੇ ਪੈਰਾਂ ’ਚ ਏਨੀ ਜਾਨ ਹੈ ਕਿ ਉਹ ਕਿਸੇ ਵੀ ਭਾਸ਼ਾ ਦੇ ਵਿਹੜੇ ’ਚ ਆਪਣੇ ਪੈਰ ਲਾ ਸਕਦੀਆਂ ਨੇ। ਵਿਰਕ ਵਿਦੇਸ਼ੀ ਸਾਹਿਤ ਬਹੁਤ ਪੜ੍ਹਦਾ ਸੀ। ਉਹ ਪੰਜਾਬੀ ਕਹਾਣੀ ’ਚ ਫਰਾਂਸ ਦੇ ਪ੍ਰਸਿੱਧ ਲੇਖਕ ਮੋਪਾਂਸਾ ਦੀ ਤਕਨੀਕ ਲੈ ਕੇ ਆਇਆ। ਮੋਪਾਂਸਾ ਦੀ ਕਹਾਣੀ ਲਿਖਣ ਦਾ ਮਕਸਦ ਵੀ ਆਖ਼ਰੀ ਸਤਰਾਂ ਵਿੱਚ ਪਤਾ ਲੱਗਦਾ ਸੀ। ਵਿਰਕ ਦੀਆਂ ਕਹਾਣੀਆਂ ਦਾ ਵੀ।
ਜਿਸ ਤਰ੍ਹਾਂ ਉਹ ਕਹਾਣੀਆਂ ਲਿਖਣ ’ਚ ਆਪਣੇ ਸਮਕਾਲੀ ਕਹਾਣੀਕਾਰਾਂ ਤੋਂ ਵੱਖਰਾ ਖੜ੍ਹਾ ਦਿਖਾਈ ਦਿੰਦਾ ਸੀ, ਉੱਥੇ ਉਸ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਉਨ੍ਹਾਂ ਤੋਂ ਨਿਖੇੜਦੀਆਂ ਸਨ। ਸਾਡੇ ਵੱਡੇ ਲੇਖਕਾਂ ਦੀ ਰੁਚੀ ਹੁੰਦੀ ਹੈ ਕਿ ਉਹ ਜਿੱਥੇ ਜਾਣ, ਜਿੱਥੇ ਵਿਚਰਣ, ਉਨ੍ਹਾਂ ਦੀ ਆਉ-ਭਗਤ ਹੋਵੇ, ਉਨ੍ਹਾਂ ਨੂੰ ਅੱਖਾਂ ’ਤੇ ਬਿਠਾਇਆ ਜਾਵੇ, ਖਵਾਇਆ-ਪਿਆਇਆ ਜਾਵੇ। ਉਨ੍ਹਾਂ ਦੇ ਰਾਹ ’ਚ ਵਿਛਿਆ ਜਾਵੇ। ਉਨ੍ਹਾਂ ਨੂੰ ਹੀ ਸੁਣਿਆ ਜਾਵੇ ਪਰ ਵਿਰਕ ਆਪਣੀ ਬਾਲ਼ ਕੇ ਸੇਕਣ ਵਾਲਾ ਸੀ, ਜੇ ਕਦੇ ਯਾਰਾਂ-ਮਿੱਤਰਾਂ ਦੀ ਢਾਣੀ ’ਚ ਬਹਿੰਦਾ। ਕਿਸੇ ਦੀ ਮਜਾਲ ਨਹੀਂ ਸੀ ਕਿ ਕੋਈ ਉਸ ਦੇ ਹੁੰਦੇ ਜੇਬ ’ਚੋਂ ਬਟੂਆ ਕੱਢ ਸਕੇ। ਪੈਸੇ ਦੇਣੇ ਤਾਂ ਬਹੁਤ ਦੂਰ ਦੀ ਗੱਲ ਸੀ। ਉਹ ਸਵੈ-ਨਿਰਭਰ ਸੀ। ਕਿਸੇ ਦਾ ਸਹਾਰਾ ਨਹੀਂ ਸੀ ਤੱਕਦਾ। ਮਾਰਕੰਡੇ ਦੇ ਘਰੇ ਉਹ ਕਾਲ਼ੀ ਲੋਈ ਦੀ ਬੁੱਕਲ਼ ਮਾਰੀ ਮੰਜੇ ’ਤੇ ਬੈਠਾ ਸੀ ਪਰ ਕੰਧ ਨਾਲ ਢੋਅ ਨਹੀਂ ਸੀ ਲਾਈ। ਉਹ ਲੋਕਾਂ ਨੂੰ ਫਰੋਲਣ ਆਇਆ ਸੀ। ਆਪਣੇ ਬਾਰੇ ਆਪ ਕੁਝ ਨਹੀਂ ਸੀ ਦੱਸਦਾ। ਪੁੱਛੇ ਤੋਂ ਹੀ ਸਵਾਲ ਦਾ ਜਵਾਬ ਦਿੰਦਾ ਸੀ, ਛੋਟਾ ਜਿਹਾ। ਆਪਣੀ ਕਹਾਣੀ ਦੇ ਕਿਸੇ ਫ਼ਿਕਰੇ ਵਰਗਾ। ਆਪਣੀ ਕਹਾਣੀ ਦੇ ਕਿਸੇ ਸਿਰਲੇਖ ਵਰਗਾ। ਮੈਂ ਕਈ ਵਾਰ ਸੋਚਿਆ। ਮਾਰਕੰਡੇ ਤੋਂ ਉਸ ਦਾ ਪਤਾ ਲਵਾਂ। ਇੱਕ ਲੰਮੀ ਚਿੱਠੀ ਉਸ ਦੀਆਂ ਕਹਾਣੀਆਂ ਬਾਰੇ ਲਿਖਾਂ, ਪਰ ਸਮੇਂ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ।
ਇੱਕ ਦਿਨ ਮੈਂ ਰੋਜ਼ ਵਾਂਗ ਤੜਕੇ ਦੁਕਾਨ ’ਤੇ ਆਇਆ। ਕੱਪੜੇ ਕੱਟਣ ਲੱਗਣ ਤੋਂ ਪਹਿਲਾਂ ਅਖ਼ਬਾਰ ਦੇ ਮੁੱਖ ਸਫ਼ੇ ’ਤੇ ਸਰਸਰੀ ਨਿਗ੍ਹਾ ਮਾਰੀ। ਪਹਿਲੇ ਸਫ਼ੇ ’ਤੇ ਹੀ ਖ਼ਬਰ ਛਪੀ ਹੋਈ ਸੀ ਕਿ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨਹੀਂ ਰਹੇ। ਪੜ੍ਹ ਕੇ ਇਕਦਮ ਮਨ ਸੁੰਨ ਹੋ ਗਿਆ। ਅਣਚਾਹੇ ਸ਼ਬਦਾਂ ਨੇ ਮਨ ਦਾ ਪਾਣੀ ਹੁੰਗਾਲ਼ ਦਿੱਤਾ। ਨਿਗ੍ਹਾ ਕੰਬਣ ਲੱਗ ਪਈ। ਸਮੇਂ ਦੇ ਪੈਰੀਂ ਸੰਗਲ਼ ਆ ਪਿਆ। ਉਹ ਭਾਵੇਂ ਮੇਰਾ ਕੁਝ ਵੀ ਨਹੀਂ ਸੀ ਲਗਦਾ, ਪਰ ਬਹੁਤ ਕੁਝ ਲਗਦਾ ਸੀ ਉਹ ਮੇਰਾ। ਆਪਮੁਹਾਰੇ ਕੋਇਆਂ ’ਚੋਂ ਪਾਣੀ ਵਗਣ ਲੱਗਿਆ।
ਸੰਪਰਕ: 98143-80749

Advertisement
Author Image

Advertisement