For the best experience, open
https://m.punjabitribuneonline.com
on your mobile browser.
Advertisement

ਕੁਲਵੰਤ ਕੌਰ ਤਸ਼ਦੱਦ ਮਾਮਲਾ: ਦੋ ਸਾਲਾਂ ਤੋਂ ਇਨਸਾਫ਼ ਲਈ ਥਾਣੇ ਅੱਗੇ ਡਟਿਆ ਪਰਿਵਾਰ

06:30 AM Mar 25, 2024 IST
ਕੁਲਵੰਤ ਕੌਰ ਤਸ਼ਦੱਦ ਮਾਮਲਾ  ਦੋ ਸਾਲਾਂ ਤੋਂ ਇਨਸਾਫ਼ ਲਈ ਥਾਣੇ ਅੱਗੇ ਡਟਿਆ ਪਰਿਵਾਰ
ਜਗਰਾਉਂ ਦੇ ਥਾਣਾ ਸਿਟੀ ਅੱਗੇ ਚੱਲਦੇ ਧਰਨੇ ’ਚ ਸ਼ਾਮਲ ਜਥੇਬੰਦੀਆਂ ਦੇ ਨੁਮਾਇੰਦੇ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਮਾਰਚ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ’ਚ ਇਨਸਾਫ਼ ਲਈ ਇੱਥੇ ਥਾਣਾ ਸਿਟੀ ਮੂਹਰੇ ਚੱਲ ਰਿਹਾ ਧਰਨਾ ਅੱਜ 731ਵੇਂ ਦਿਨ ਵੀ ਜਾਰੀ ਰਿਹਾ। 23 ਮਾਰਚ ਦੇ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬੁਲਾਰਿਆਂ ਨੇ ਹਾਕਮ ਧਿਰ ’ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਾਏ। ਆਗੂਆਂ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਹੇਠ ਵੱਡਾ ਫਤਵਾ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰ ਰਹੀ। ਇਹ ਸਰਕਾਰ ਵੀ ਪਹਿਲੀਆਂ ਰਵਾਇਤੀ ਸਿਆਸੀ ਧਿਰਾਂ ਵਾਲੀਆਂ ਸਰਕਾਰਾਂ ਦੇ ਰਾਹ ਪੈ ਗਈ ਹੈ। ਸੰਗਰੂਰ ਇਲਾਕੇ ’ਚ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ’ਚ ਜਿਹੋ ਜਿਹਾ ਰਵੱਈਆ ਇਸ ਸਰਕਾਰ ਨੇ ਅਖਤਿਆਰ ਕੀਤਾ ਹੈ ਉਸ ਤੋਂ ਹੁਣ ਇਸ ਤੋਂ ਬਹੁਤੀਆਂ ਉਮੀਦਾਂ ਨਹੀਂ ਰਹੀਆਂ। ਏਟਕ‌ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੋਤੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਅੰਬੇਡਕਟਰ ਟਰੱਸਟ ਦੇ ਸਰਪ੍ਰਸਤ ਰਣਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਰਛਪਾਲ ਸਿੰਘ ਗਾਲਬਿ, ਬਲਵਿੰਦਰ ਸਿੰਘ ਕੋਠੇ ਪੋਨਾ, ਜਗਦੀਸ਼ ਸਿੰਘ ਕਾਉਂਕੇ ਨੇ ਕਿਹਾ ਕਿ ਥਾਣੇ ਮੂਹਰੇ ਇਹ ਧਰਨਾ ਦੋ ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਪੰਜ ਹਮਦਰਦ ਧਰਨਾਕਾਰੀਆਂ ਦੀ ਵੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਮਾਮਲੇ ’ਚ ਇਨਸਾਫ਼ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀੜਤ ਪਰਿਵਾਰ ਦੀ ਖੂਨ ਨਾਲ ਲਿਖੀ ਚਿੱਠੀ ਅਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਧਰਨੇ ’ਚ ਪਹੁੰਚ ਕੇ ਦਿੱਤੇ ਭਰੋਸਿਆਂ ਦੇ ਬਾਵਜੂਦ ਕੁਝ ਨਹੀਂ ਹੋਇਆ। ਕੁਲਵੰਤ ਕੌਰ ਦੀ ਮੌਤ ਮਗਰੋਂ ਪੁਲੀਸ ਅਧਿਕਾਰੀ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਪਰ ਉਸ ਤੋਂ ਅੱਗੇ ਕਾਰਵਾਈ ਨਹੀਂ ਤੁਰੀ। ਆਗੂਆਂ ਨੇ ਥਾਣਾ ਮੁਖੀ ਰਾਹੀਂ ਇਕ ਮੰਗ ਪੱਤਰ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੰਜਾਬ ਨੂੰ ਭੇਜ ਕੇ ਨਿਆਂ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ, ਪੀੜਤ ਸੁਰਿੰਦਰ ਕੌਰ ਰਸੂਲਪੁਰ ਤੇ ਕੁਲਵੰਤ ਸਿੰਘ ਸਹੋਤਾ, ਕੈਪਟਨ ਬਲਜੀਤ ਸਿੰਘ, ਮਾਤਾ ਮਹਿੰਦਰ ਕੌਰ ਤੇ ਕੁਲਵੰਤ ਕੌਰ ਭੰਮੀਪੁਰਾ ਆਦਿ ਮੌਜੂਦ ਸਨ।

Advertisement

Advertisement
Author Image

sanam grng

View all posts

Advertisement
Advertisement
×