ਕੁਲਵੰਤ ਕੌਰ ਮੌਤ ਮਾਮਲਾ: ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਜੁਲਾਈ
ਕੁਲਵੰਤ ਕੌਰ ਰਸੂਲਪੁਰ ਮਾਮਲੇ ’ਚ ਸਥਾਨਕ ਥਾਣਾ ਸ਼ਹਿਰੀ ਮੂਹਰੇ ਚੱਲ ਰਹੇ ਲਗਾਤਾਰ ਧਰਨੇ ਦੇ 467ਵੇਂ ਦਿਨ ਅੱਜ ਅੱਠ ਜਥੇਬੰਦੀਆਂ ਨੇ 21 ਜੁਲਾਈ ਨੂੰ ਵੱਡਾ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਸਕੱਤਰ ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਡਾ. ਗੁਰਚਰਨ ਸਿੰਘ ਰਾਏਕੋਟ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਨਜਿੰਦਰ ਸਿੰਘ ਮੋਰਕਰੀਮਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਜਸਪ੍ਰੀਤ ਸਿੰਘ ਢੋਲਣ ਨੇ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਪੁਲੀਸ ਤਸ਼ੱਦਦ ਨਾਲ ਨਕਾਰਾ ਹੋਣ ਤੋਂ ਬਾਅਦ ਸੋਲਾਂ ਵਰ੍ਹੇ ਮੰਜੇ ’ਤੇ ਪਏ ਰਹਿਣ ਮਗਰੋਂ ਫੌਤ ਹੋਈ ਕੁਲਵੰਤ ਕੌਰ ਦੇ ਮਾਮਲੇ ’ਚ ਇਨਸਾਫ਼ ਲੈਣ ਲਈ ਸਵਾ ਸਾਲ ਤੋਂ ਇਹ ਧਰਨਾ ਚੱਲ ਰਿਹਾ ਹੈ, ਪਰ ਅਫਸੋਸ ਕਿ ਸਰਕਾਰ ਅਤੇ ਪ੍ਰਸ਼ਾਸਨ ਅਣਡਿੱਠ ਕਰਦਾ ਆ ਰਿਹਾ ਹੈ।
ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ‘ਮੁਰਦਾਬਾਦ’ ਦੇ ਨਾਅਰੇ ਲਾਉਂਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਕੁਲਵੰਤ ਕੌਰ ਦੀ ਮੌਤ ਮਗਰੋਂ ਡੀਐੱਸਪੀ ਸਣੇ ਚਾਰਾਂ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਇਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਉਲਟਾ ਮੁਲਜ਼ਮਾਂ ਨੂੰ ਬਚਾਉਣ ਲਈ ਹਾਕਮ ਧਿਰ ਅਤੇ ਪੁਲੀਸ ਅਧਿਕਾਰੀ ਜ਼ੋਰ ਲਾਉਂਦੇ ਆ ਰਹੇ ਹਨ। ਨਿਆਂ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਦ੍ਰਿੜ ਸੰਕਲਪ ਲੈਣ ਵਾਲੇ ਆਗੂਆਂ ਨੇ ਕਿਹਾ ਕਿ 21 ਜੁਲਾਈ ਨੂੰ ਰੋਸ ਮਾਰਗ ਕਰਨ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਹੋਵੇਗਾ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੋਸ਼ ਲਗਾਇਆ ਕਿ ਪੁਲੀਸ ਅਧਿਕਾਰੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਿੱਲੀ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ। ਕੌਮੀ ਕਮਿਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪੀੜਤ ਮਾਤਾ ਨੂੰ ਪੈਨਸ਼ਨ ਦੇਣ ਦਾ ਹੁਕਮ ਵੀ ਹਾਲੇ ਤੱਕ ਲਾਗੂ ਨਹੀਂ ਕੀਤਾ ਹੈ। ਪੀੜਤ ਮਾਤਾ ਸੁਰਿੰਦਰ ਕੌਰ ਵੱਲੋਂ ਆਪਣੇ ਖੂਨ ਨਾਲ ਇਨਸਾਫ਼ ਲੈਣ ਲਈ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਹੱਥੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਚਿੱਠੀ ’ਤੇ ਵੀ ਕੋਈ ਕਾਰਵਾਈ ਨਾ ਕਰਨਾ ਅਫ਼ਸੋਸਨਾਕ ਹੈ।