ਕੁਲਰੀਆਂ ਜ਼ਮੀਨ: ਕਿਸਾਨਾਂ ਨੇ ਹੱਕਾਂ ਦੀ ਬਹਾਲੀ ਲਈ ਵਿੱਢਿਆ ਮੋਰਚਾ
ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 26 ਸਤੰਬਰ
ਪਿੰਡ ਕੁਲਰੀਆਂ ਵਿੱਚ ਆਬਾਦਕਾਰ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਲੈ ਕੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਵਿੱਚ ‘ਜ਼ਮੀਨ ਬਚਾਓ ਮੋਰਚਾ’ ਮੁੜ ਸ਼ੁਰੂ ਕਰ ਦਿੱਤਾ ਗਿਆ। ਅੱਜ ਜਥੇਬੰਦੀ ਵੱਲੋਂ ਭਾਰੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਕੱਲ੍ਹ ਮਾਨਸਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿੱਚ ਇਸ ਮਸਲੇ ਸਬੰਧੀ ਹੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਸੀ ਜਿਸ ਕਾਰਨ ਜਥੇਬੰਦੀ ਵੱਲੋਂ ਅੱਜ ਬਕਾਇਦਾ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ।
ਜਥੇਬੰਦੀ ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਟਾਲ-ਮਟੋਲ ਦੀ ਨੀਤੀ ਤਿਆਗ ਕੇ ਮਸਲੇ ਦਾ ਸਥਾਈ ਹੱਲ ਕਰੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਦੇ ਹੱਕ ਬਹਾਲ ਨਹੀਂ ਕੀਤੇ ਜਾਂਦੇ, ਓਨੀ ਦੇਰ ਤੱਕ ਇਹ ਮੋਰਚਾ ਨਾ ਸਿਰਫ ਜਾਰੀ ਰਹੇਗਾ, ਸਗੋਂ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ, ਉਨ੍ਹਾਂ ਦਾ ਉਜਾੜਾ ਕਰਨ ’ਤੇ ਲੱਗੀ ਹੋਈ ਹੈ ਅਤੇ ਧੱਕੇ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕਰਕੇ ਭੂ-ਮਾਫੀਆ ਦਾ ਪੱਖ ਪੂਰ ਰਹੀ ਹੈ। ਰੈਲੀ ਕਰਨ ਉਪਰੰਤ ਕਿਸਾਨਾਂ ਨੇ ਪਿੰਡ ਦੀ ਦਾਣਾ ਮੰਡੀ ਤੋਂ ਲੈਕੇ ਪੁਲੀਸ ਚੌਕੀ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਹਰਵਿੰਦਰ ਸਿੰਘ ਕੋਟਲੀ, ਮਾਨਸਾ ਤੋਂ ਲਖਵੀਰ ਸਿੰਘ ਅਕਲੀਆ, ਮਾਲੇਰਕੋਟਲਾ ਤੋਂ ਬੂਟਾ ਖਾਨ, ਸੰਗਰੂਰ ਤੋਂ ਰਣਧੀਰ ਸਿੰਘ ਭੱਟੀਵਾਲ, ਕਪੂਰਥਲਾ ਤੋਂ ਰਾਣਾ ਸਿੰਘ ਸੈਦੋਵਾਲ, ਬਲਕਾਰ ਸਿੰਘ ਚਹਿਲਾਂਵਾਲੀ, ਗੁਰਨਾਮ ਸਿੰਘ, ਨਾਹਰ ਸਿੰਘ ਬਠਿੰਡਾ, ਚਰਨਜੀਤ ਸਿੰਘ ਅਮਰਗੜ੍ਹ, ਸੁਖਦੇਵ ਸਿੰਘ ਘਰਾਂਚੋ, ਇਕਬਾਲ ਸਿੰਘ ਪਥਰਾਲਾ, ਮਨਜਿੰਦਰ ਕਮਲ ਕਪੂਰਥਲਾ, ਹਰਬੰਸ ਸਿੰਘ ਟਾਂਡੀਆਂ, ਤਾਰਾ ਚੰਦ ਬਰੇਟਾ ਨੇ ਵੀ ਸੰਬੋਧਨ ਕੀਤਾ।
ਸੰਘਰਸ਼ ਦਾ ਐਲਾਨ 30 ਨੂੰ
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਵਿੱਚ ਭਾਵੇਂ ਇੱਕ ਹਫ਼ਤੇ ਦਾ ਸਮਾਂ ਲਿਆ ਹੈ, ਪ੍ਰੰਤੂ ਜਥੇਬੰਦੀ 30 ਸਤੰਬਰ ਤੋਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਕਰੇਗੀ।