ਕੱੁਲਰੀਆਂ ਵਿਵਾਦਤ ਜ਼ਮੀਨ: ਕਿਸਾਨ ਲੜਨਗੇ ਆਰ-ਪਾਰ ਦੀ ਲੜਾਈ
ਪੱਤਰ ਪ੍ਰੇਰਕ
ਮਾਨਸਾ/ਬਰੇਟਾ, 2 ਅਕਤੂਬਰ
ਮਾਨਸਾ ਪ੍ਰਸ਼ਾਸਨ ਵੱਲੋਂ ਕੁਲਰੀਆਂ ਵਿਵਾਦਤ ਜ਼ਮੀਨ ਮਾਮਲੇ ਨੂੰ ਲੈ ਕੇ ਜਥੇਬੰਦਕ ਆਗੂਆਂ ਨੂੰ ਦਿੱਤੇ ਗਏ ਭਰੋਸੇ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿਕਲਣ ਕਾਰਨ ਕਿਸਾਨਾਂ ਦੇ ਸਰਕਾਰ ਪ੍ਰਤੀ ਤੇਵਰ ਤਿੱਖੇ ਹੋਣ ਲੱਗੇ ਹਨ। ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਅੱਜ ਕੁਲਰੀਆਂ ਵਿਖੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਕਿਸਾਨਾਂ ਦੇ ਇਕੱਠ ਦੌਰਾਨ ਐਲਾਨ ਕੀਤਾ ਕਿ ਹੁਣ ਪੰਜਾਬ ਸਰਕਾਰ ਖਿਲਾਫ਼ ਕੁਲਰੀਆਂ ਦੇ ’ਜ਼ਮੀਨ ਬਚਾਓ ਮੋਰਚੇ’ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਲੜਾਈ ਦੀ ਸ਼ੁਰੂਆਤ 5 ਅਕਤੂਬਰ ਤੋਂ ਆਰੰਭੀ ਜਾਵੇਗੀ, ਜਿਸ ਵਿੱਚ ਮਾਲਵਾ ਖੇਤਰ ’ਚੋਂ ਕਿਸਾਨਾਂ ਦੇ ਕਾਫ਼ਲੇ ਕੂਚ ਕਰਨਗੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਬੇਸ਼ੱਕ ਮੀਟਿੰਗ ਦੌਰਾਨ ਮਸਲੇ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ ਅਤੇ ਉਹ ਸਮਾਂ ਬੀਤਣ ਦੇ ਬਾਵਜੂਦ ਮਾਨਸਾ ਪ੍ਰਸ਼ਾਸਨ ਨੇ ਮੁੜ ਜਥੇਬੰਦੀ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਹੈ, ਜਿਸ ਤੋਂ ਜਾਪਦਾ ਹੈ ਕਿ ਪ੍ਰਸ਼ਾਸਨ ਤੋਂ ਕੋਈ ਵੱਡੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡ ਕੁਲਰੀਆਂ ਦੇ ਆਬਾਦਕਾਰ ਕਿਸਾਨ ਦਹਾਕਿਆਂ ਤੋਂ ਆਪਣੀ ਜਮੀਨ ਦੇ ਉੱਤੇ ਕਾਸ਼ਤ ਕਰਦੇ ਆ ਰਹੇ ਹਨ ਅਤੇ ਸਰਕਾਰੀ ਵਿਭਾਗ ਵੱਲੋਂ ਇਹ ਜਮੀਨ ਕਿਸਾਨਾਂ ਨੂੰ ਉਹਨਾਂ ਦੀ ਜੱਦੀ ਢੇਰੀ ਦੇ ਅਨੁਸਾਰ ਵੰਡਕੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ,ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਵਿਭਾਗ ਇਸ ਨੂੰ ਪੰਚਾਇਤੀ ਦੱਸ ਕੇ ਨਜਾਇਜ਼ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ 11 ਅਕਤੂਬਰ ਨੂੰ ਸੂਬਾ ਪੱਧਰੀ ਵੱਡਾ ਇਕੱਠ ਕਰਕੇ ਕੁਲਰੀਆਂ ’ਚ ਮਨਾਈ ਜਾਵੇਗੀ।