ਕੁਲਰੀਆਂ ਜ਼ਮੀਨੀ ਵਿਵਾਦ: ਭਾਕਿਯੂ (ਏਕਤਾ ਡਕੌਂਦਾ) ਵੱਲੋਂ ਪਿੰਡਾਂ ’ਚ ਲਾਮਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਜ਼ਮੀਨੀ ਵਿਵਾਦ ਮਾਮਲੇ ਨੂੰ ਲੈਕੇ 20 ਸਤੰਬਰ ਤੋਂ ਲਾਏ ਜਾ ਰਹੇ ਪੱਕੇ ਮੋਰਚੇ ਲਈ ਬੁਢਲਾਡਾ ਬਲਾਕ ਦੇ ਪਿੰਡਾਂ ’ਚ ਲਗਾਤਾਰ ਲਾਮਬੰਦੀ ਜਾਰੀ ਹੈ। ਜਥੇਬੰਦੀ ਵੱਲੋਂ ਅੱਜ ਇਸ ਮੋਰਚੇ ਦੀ ਤਿਆਰੀ ਪਿੰਡ ਕੁਲਰੀਆਂ ਵਿੱਚ ਵਿਸ਼ਾਲ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਕੁਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕਾਂ ਦਵਾਉਣ ਤੱਕ ਇਹ ਸੰਘਰਸ਼ ਮੱਘਦਾ ਰੱਖਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਸਿਵਾਏ ਲਾਰਿਆਂ ਅਤੇ ਭਰੋਸਾ ਤੋਂ ਕੁੱਝ ਵੀ ਪੱਲੇ ਨਾ ਪਾਇਆ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ ਨੇ ਮਾਮਲੇ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਪਿੰਡ ਦੇ ਆਬਾਦਕਾਰ ਕਿਸਾਨਾਂ ਨੂੰ ਜੁਮਲਾ ਮਸਤਰਕਾ ਖਾਤੇ ਦੀ ਜ਼ਮੀਨ, ਜੋ ਮੁਰੱਬਾਬੰਦੀ ਵਿਭਾਗ ਵੱਲੋਂ ਅਲਾਟ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਉੱਤੇ ਕਾਸ਼ਤ ਕਰਨ ਤੋਂ ਵਾਂਝੇ ਕੀਤਾ ਹੋਇਆ ਹੈ ਅਤੇ ਜ਼ਮੀਨ ਨੂੰ ਜਬਰੀ ਹਥਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਇਨਸਾਫ਼ ਨਹੀਂ ਦਿੱਤੇ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਲਦੇਵ ਸਿੰਘ ਪਿੱਪਲੀਆਂ,ਤੇਜ ਰਾਮ ਅਹਿਮਦਪੁਰ, ਬਸਾਵਾ ਸਿੰਘ ਧਰਮਪੁਰਾ, ਜਗਜੀਵਨ ਸਿੰਘ ਨੇ ਵੀ ਸੰਬੋਧਨ ਕੀਤਾ।