For the best experience, open
https://m.punjabitribuneonline.com
on your mobile browser.
Advertisement

ਕੁਲਰੀਆਂ ਮਸਲਾ: ਮਾਨਸਾ ਪੁਲੀਸ ਮੁਖੀ ਦੇ ਘਿਰਾਓ ਲਈ ਕਾਫ਼ਲੇ ਰਵਾਨਾ

11:17 AM Apr 03, 2024 IST
ਕੁਲਰੀਆਂ ਮਸਲਾ  ਮਾਨਸਾ ਪੁਲੀਸ ਮੁਖੀ ਦੇ ਘਿਰਾਓ ਲਈ ਕਾਫ਼ਲੇ ਰਵਾਨਾ
ਬਲਾਕ ਜਗਰਾਉਂ ਤੋਂ ਜਥਾ ਰਵਾਨਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਸੱਤ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫ਼ਲੇ ਮਾਨਸਾ ਲਈ ਰਵਾਨਾ ਹੋਏ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਜਗਰਾਉਂ ਤੋਂ ਜਥਾ ਰਵਾਨਾ ਕਰਨ ਮੌਕੇ ਦੱਸਿਆ ਕਿ ਜਗਰਾਉਂ ਤੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ’ਚ, ਸਿੱਧਵਾਂ ਬੇਟ ਬਲਾਕ ਦੇ ਕਿਸਾਨ ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਖਹਿਰਾ, ਰਾਏਕੋਟ ਬਲਾਕ ਤੋਂ ਸਰਬਜੀਤ ਸਿੰਘ ਧੂੜਕੋਟ, ਹਾਕਮ ਸਿੰਘ ਤੁੰਗਾਹੇੜੀ, ਹੰਬੜਾਂ ਬਲਾਕ ਤੋਂ ਸੁਖਵਿੰਦਰ ਸਿੰਘ ਮਾਂਗਟ ਅਤੇ ਬੇਅੰਤ ਸਿੰਘ ਬਾਣੀਏਵਾਲ, ਸੁਧਾਰ ਤੇ ਪੱਖੋਵਾਲ ਬਲਾਕ ਸਰਬਜੀਤ ਸਿੰਘ ਗਿੱਲ, ਹਰਦੀਪ ਟੂਸੇ ਅਤੇ ਮਲੌਦ ਬਲਾਕ ਤੋਂ ਤਰਨਜੀਤ ਸਿੰਘ ਕੂਹਲੀ ਦੀ ਅਗਵਾਈ ’ਚ ਕਿਸਾਨਾਂ ਦੇ ਜਥੇ ਰਵਾਨਾ ਹੋਏ।
ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਕਿਸਾਨ ਡੀਐੱਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਪੱਕਾ ਧਰਨਾ ਦੇ ਰਹੇ ਹਨ ਪਰ ਵਿਧਾਇਕ ਦੀ ਕਥਿਤ ਸ਼ਹਿ ’ਤੇ ਨਾ ਤਾਂ ਕਿਸਾਨਾਂ ਨੂੰ ਜ਼ਮੀਨ ਦਾ ਬਣਦਾ ਹੱਕ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਆਬਾਦਕਾਰ ਕਿਸਾਨਾਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ‘ਆਪ’ ਇੱਕੋ ਸੋਚ ’ਤੇ ਚੱਲ ਰਹੀਆਂ ਹਨ। ਜੇ ਦੇਸ਼ ‘ਚੋਂ ਜਮਹੂਰੀਅਤ ਗਾਇਬ ਹੈ ਤਾਂ ਪੰਜਾਬ ‘ਚ ਵੀ ਜਮਹੂਰੀਅਤ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਵੀ ਹਫ਼ਤਾ ਹੋ ਗਿਆ ਹੈ ਪਰ ਪੰਜਾਬ ਦੇ ਕਿਸੇ ਵਿਧਾਇਕ ਜਾਂ ਅਧਿਕਾਰੀ ਨੇ ਅਜੇ ਤਕ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਲੋਕ ਇਨ੍ਹਾਂ ਤੋਂ ਜਵਾਬ ਮੰਗਣਗੇ।

Advertisement

Advertisement
Author Image

sukhwinder singh

View all posts

Advertisement
Advertisement
×