ਕੁੱਲ੍ਹੜ ਪੀਜ਼ਾ ਜੋੜੇ ਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ
ਜਲੰਧਰ (ਹਤਿੰਦਰ ਮਹਿਤਾ):
ਨਿਹੰਗ ਮਾਨ ਸਿੰਘ ਦੇ ਵਿਰੋਧ ਕਾਰਨ ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਜੋੜੇ ਨੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਨਿਹੰਗ ਸਿੰਘ ਮਾਨ ਨੇ ਬੀਤੇ ਦਿਨੀਂ ਪੁਲੀਸ ਨਾਲ ਮੀਟਿੰਗ ਦੌਰਾਨ ਜੋੜੇ ਖ਼ਿਲਾਫ਼ 18 ਅਕਤੂਬਰ ਤੱਕ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਕਾਰਵਾਈ ਨਾ ਹੋਣ ਜਾਂ ਦੋਵਾਂ ਵੱਲੋਂ ਸੋਸ਼ਲ ਮੀਡੀਆ ਤੋਂ ਆਪਣੀ ਵੀਡੀਓ ਡਿਲੀਟ ਨਾ ਕਰਨ ’ਤੇ ਰੈਸਟੋਰੈਂਟ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਹਾਲ ਹੀ ’ਚ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਸਮੇਤ ਕੁੱਲ੍ਹੜ ਪੀਜ਼ਾ ਜੋੜੇ ਦੇ ਰੈਸਟੋਰੈਂਟ ਅੱਗੇ ਪ੍ਰਦਰਸ਼ਨ ਕਰਦੇ ਹੋਏ ਸਹਿਜ ਅਰੋੜਾ ਨੂੰ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਸਾਰੀਆਂ ਵੀਡੀਓਜ਼ ਹਟਾ ਦੇਣ ਅਤੇ ਜੇ ਅਜਿਹਾ ਨਹੀਂ ਕਰਦੇ ਤਾਂ ਉਹ ਪੱਗ ਨੂੰ ਵਾਪਸ ਕਰ ਦੇਵੇ। ਥਾਣਾ-4 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਜੋੜੇ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਸੀ ਕਿ ਨਿਹੰਗ ਮੁਖੀ ਬਾਬਾ ਮਾਨ ਸਿੰਘ ਪਿਛਲੇ ਹਫਤੇ ’ਚ ਦੋ ਵਾਰ ਜਲੰਧਰ ’ਚ ਉਨ੍ਹਾਂ ਦੇ ਰੈਸਟੋਰੈਂਟ ’ਚ ਆਏ ਤੇ ਉਨ੍ਹਾਂ ਨੂੰ ਪੱਗ ਉਤਾਰਨ ਦੀ ਧਮਕੀ ਦੇ ਚੁੱਕੇ ਹਨ। ਅਜਿਹੀ ਸਥਿਤੀ ’ਚ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਹੈ ਜਾਂ ਨਹੀਂ, ਉਹ ਜਥੇਦਾਰ ਨੂੰ ਅਪੀਲ ਕਰਨਗੇ।