For the best experience, open
https://m.punjabitribuneonline.com
on your mobile browser.
Advertisement

ਕੁਲਗਾਮ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ

06:56 AM May 08, 2024 IST
ਕੁਲਗਾਮ  ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ
ਕੁਲਗਾਮ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਮੋਰਚਾ ਸੰਭਾਲਦੇ ਹੋਏ ਫੌਜੀ ਜਵਾਨ। -ਫੋਟੋ: ਏਐੱਨਆਈ
Advertisement

ਸ੍ਰੀਨਗਰ, 7 ਮਈ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀ ਮੁਖੌਟਾ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਦੇ ਚੋਟੀ ਦੇ ਕਮਾਂਡਰ ਸਮੇਤ ਦੋ ਅਤਿਵਾਦੀ ਮਾਰੇ ਗਏ। ਕਸ਼ਮੀਰ ਦੇ ਆਈਜੀਪੀ ਵੀ ਕੇ ਬਿਰਦੀ ਨੇ ਮੀਡੀਆ ਨੂੰ ਦੱਸਿਆ ਕਿ ਟੀਆਰਐੱਫ ਦੇ ਕਮਾਂਡਰ ਦੀ ਪਛਾਣ ਬਾਸਿਤ ਡਾਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਕੁਲਗਾਮ ਦੇ ਰੇਡਵਾਨੀ ਇਲਾਕੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਰਾਤ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦਰਿਆਨ ਜਾਰੀ ਗੋਲੀਬਾਰੀ ਦੌਰਾਨ ਉਸ ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਅਤਿਵਾਦੀ ਲੁਕੇ ਹੋਏ ਸਨ। ਇਸ ਮੁਕਾਬਲੇ ਵਿੱਚ ਦੋਵੇਂ ਅਤਿਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਗੋਲੀਬਾਰੀ ਫਿਲਹਾਲ ਰੁਕ ਗਈ ਹੈ ਪਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕੇ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ ਅਤੇ ਕੁਲਗਾਮ ਇਸ ਹਲਕੇ ਵਿੱਚ ਪੈਂਦਾ ਹੈ।
ਉਧਰ, ਭਾਰਤੀ ਹਵਾਈ ਫੌਜ ਦੇ ਕਾਫ਼ਲੇ ’ਤੇ ਬੀਤੇ ਦਿਨੀਂ ਘਾਤ ਲਾ ਕੇ ਹਮਲਾ ਕਰਨ ਵਾਲੇ ਅਤਿਵਾਦੀਆਂ ਦੀ ਪੈੜ ਨੱਪਣ ਲਈ ਸੁਰੱਖਿਆ ਬਲਾਂ ਨੇ ਜੰਮੂ ਖੇਤਰ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਦੀਆਂ ਸਰਹੱਦਾਂ ’ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਣਛ ਜ਼ਿਲ੍ਹੇ ਦੇ ਸ਼ਾਹਸਿਤਾਰ ਇਲਾਕੇ ਵਿੱਚ ਭਾਰਤੀ ਹਵਾਈ ਫੌਜ ਦੇ ਕਾਫ਼ਲੇ ’ਤੇ ਕੀਤੇ ਗਏ ਹਮਲੇ ਵਿੱਚ ਹਵਾਈ ਫੌਜ ਦਾ ਇੱਕ ਜਵਾਨ ਮਾਰਿਆ ਗਿਆ ਸੀ, ਜਦੋਂਕਿ ਚਾਰ ਜ਼ਖ਼ਮੀ ਹੋ ਗਏ ਸਨ। ਸੁਰੱਖਿਆ ਏਜੰਸੀਆਂ ਨੇ 28 ਅਪਰੈਲ ਨੂੰ ਬਾਸਨਗੜ੍ਹ ਇਲਾਕੇ ਵਿੱਚ ਇੱਕ ਗ੍ਰਾਮੀਣ ਰੱਖਿਆ ਗਾਰਡ (ਵੀਡੀਜੀ) ਦੀ ਹੱਤਿਆ ਵਿੱਚ ਸ਼ਾਮਲ ਦੋ ਅਤਿਵਾਦੀ ਜਥੇਬੰਦੀਆਂ ਦਾ ਪਤਾ ਲਗਾਉਣ ਲਈ ਡੋਡਾ, ਊਧਮਪੁਰ ਅਤੇ ਕਠੂਆ ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਵੀ ਕਾਰਵਾਈ ਦਾ ਘੇਰਾ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਡਰੋਨਾਂ, ਖੋਜੀ ਕੁੱਤਿਆਂ ਸਮੇਤ ਨਿਗਰਾਨੀ ਉਪਕਰਨਾਂ ਨਾਲ ਲੈਸ ਤਲਾਸ਼ੀ ਮੁਹਿੰਮ, ਜੋ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਈ, ਪੁਣਛ ਜ਼ਿਲ੍ਹੇ ਦੇ ਸੂਰਨਕੋਟ ਬੈਲਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਾਹਸਿਤਾਰ, ਗੁਰਸਾਈਂ, ਸਨਾਈ, ਲਸਾਨਾ ਅਤੇ ਸ਼ੀਨਦਾਰਾ ਟੌਪ ਤੱਕ ਤੇਜ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁੱਛ-ਪੜਤਾਲ ਲਈ 22 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×