ਤਿਲਕੂ ਦੀ ਕੁਲਫ਼ੀ
ਬਲਵਿੰਦਰ ਸਿੰਘ ਭੁੱਲਰ
ਜ਼ਮਾਨੇ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਨਸਾਨ ਨੂੰ ਭਲੇ ਦਿਨ ਆਉਣ ਦੀ ਉਡੀਕ ਰਹਿੰਦੀ ਹੈ। ਵਿਗਿਆਨ ਉਚਾਣਾਂ ’ਤੇ ਪਹੁੰਚ ਰਿਹਾ ਹੈ। ਲੋਕ ਅਮੀਰ ਹੋ ਰਹੇ ਹਨ, ਚੰਗੇ ਮਕਾਨ ਤੇ ਚੰਗੀਆਂ ਗੱਡੀਆਂ ਦਾ ਆਨੰਦ ਮਾਣ ਰਹੇ ਹਨ, ਪਰ ਜਦ ਪਿਛਲੇ ਜ਼ਮਾਨੇ ਵੱਲ ਝਾਤ ਮਾਰਦੇ ਹਾਂ ਤਾਂ ਇਉਂ ਲੱਗਦੈ ਕਿ ਭਲੇ ਦਿਨ ਤਾਂ ਸਗੋਂ ਚਲੇ ਗਏ ਹਨ। ਕਈ ਦਹਾਕੇ ਪਹਿਲਾਂ ਲੋਕ ਸੌਖੇ ਸਨ, ਸੰਤੁਸ਼ਟ ਸਨ। ਉਦੋਂ ਦਾ ਤਿਲਕੂ ਦੀ ਕੁਲਫ਼ੀ ਵਾਲਾ ਸੁਆਦਲਾ ਆਨੰਦ ਅੱਜ ਦੇ ਮਹਿੰਗੇ ਪਕਵਾਨਾਂ ਵਿਚ ਵੀ ਨਹੀਂ ਮਿਲਦਾ।
ਕਰੀਬ ਸੱਠ ਵਰ੍ਹੇ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਪ੍ਰਾਇਮਰੀ ਵਿਚ ਪੜ੍ਹਦਾ ਸੀ। ਸਾਡੇ ਪਿੰਡ ਪਿੱਥੋ ਇਕ ਕੁਲਫ਼ੀਆਂ ਵੇਚਣ ਵਾਲਾ ਸਾਈਕਲ ’ਤੇ ਆਇਆ ਕਰਦਾ ਸੀ। ਚਿੱਟੀ ਖਿੱਲਰੀ ਜਿਹੀ ਦਾੜ੍ਹੀ ਵਾਲੇ ਤਿਲਕੂ ਦੇ ਪਿੱਛੇ ਖੜ੍ਹ ਕੇ ਬੱਚੇ ਸ਼ਰਾਰਤ ਨਾਲ ਉੱਚੀ ਆਵਾਜ਼ ਵਿੱਚ ਕਹਿੰਦੇ, ‘‘ਤਿਲਕੂ, ਰਾਤ ਨੂੰ ਵਿਲਕੂ, ਤੜਕੇ ਦੁੱਧ ਰਿੜਕੂ’’ ਤੇ ਭੱਜ ਜਾਂਦੇ। ਪਰ ਉਹ ਗੁੱਸਾ ਨਾ ਕਰਦਾ, ਨਾ ਕਿਸੇ ਨੂੰ ਮੰਦਾ ਬੋਲਦਾ। ਉਸ ਦੇ ਸਾਈਕਲ ਦੇ ਕੈਰੀਅਰ ’ਤੇ ਲੱਕੜ ਦਾ ਇਕ ਬਕਸਾ ਬੰਨ੍ਹਿਆ ਹੁੰਦਾ, ਜਿਸ ਵਿਚ ਕੁਲਫ਼ੀਆਂ ਹੁੰਦੀਆਂ ਸਨ। ਕਾਠੀ ਦੇ ਮੂਹਰੇ ਡੰਡੇ ਹੇਠਾਂ ਝੋਲੀ ਬਣਾ ਕੇ ਇਕ ਕੱਪੜਾ ਬੰਨ੍ਹਿਆ ਹੁੰਦਾ, ਜੇ ਕਿਸੇ ਨੇ ਦਾਣਿਆਂ ਦੀ ਕੁਲਫ਼ੀ ਲੈਣੀ ਹੁੰਦੀ ਤਾਂ ਉਹ ਦਾਣੇ ਇਸ ਝੋਲੀ ਵਿਚ ਪਾ ਲੈਂਦਾ ਸੀ। ਉਹ ਪਿੰਡ ਵਿਚ ਕੁਲਫ਼ੀਆਂ ਵੇਚਣ ਲਈ ਗੇੜਾ ਦਿੰਦਾ ਤਾਂ ਔਰਤਾਂ ਜਾਂ ਬੱਚੇ ਦਾਣੇ ਦੇ ਕੇ ਕੁਲਫ਼ੀ ਲੈ ਲੈਂਦੇ, ਪਰ ਜਦ ਸਕੂਲ ਦੀ ਅੱਧੀ ਛੁੱਟੀ ਦਾ ਸਮਾਂ ਹੁੰਦਾ ਤਾਂ ਉਹ ਸਕੂਲ ਦੇ ਗੇਟ ਮੂਹਰੇ ਆ ਜਾਂਦਾ।
ਸਕੂਲ ਪੜ੍ਹਦੇ ਬੱਚਿਆਂ ਕੋਲ ਹੀ ਕੁੱਝ ਨਕਦ ਪੈਸੇ ਹੁੰਦੇ ਸਨ। ਗਲੀਆਂ ਵਿਚ ਸਾਮਾਨ ਵੇਚਣ ਵਾਲਿਆਂ ਤੋਂ ਲੋਕ ਦਾਣਿਆਂ ਵੱਟੇ ਹੀ ਸਾਮਾਨ ਖਰੀਦਿਆ ਕਰਦੇ ਸਨ।
ਤਿਲਕੂ ਅੱਧੀ ਛੁੱਟੀ ਤੋਂ ਪਹਿਲਾਂ ਹੀ ਸਕੂਲ ਮੂਹਰੇ ਆ ਖੜ੍ਹਦਾ ਤੇ ਹੋਕਾ ਦਿੰਦਾ, ‘‘ਕੁਲਫ਼ੀ ਠੰਢੀ ਠਾਰ, ਆਨੇ ਦੀਆਂ ਦੋ ਤੇ ਦੁਆਨੀ ਦੀਆਂ ਚਾਰ।’’ ਉਦੋਂ ਪੰਜੀਆਂ, ਦਸੀਆਂ, ਚੁਆਨੀਆਂ ਤੇ ਅਠਿਆਨੀਆਂ ਵਾਲੀ ਕਰੰਸੀ ਤਾਂ ਆ ਗਈ ਸੀ, ਪਰ ਉਹ ਉਸ ਸਮੇਂ ਪੰਜਾਹ ਵਰ੍ਹਿਆਂ ਨੂੰ ਟੱਪ ਚੁੱਕਾ ਸੀ ਤੇ ਆਪਣੇ ਬਚਪਨ ਦੇ ਸਮੇਂ ਵਾਲੀ ਕਰੰਸੀ ਆਨੇ-ਦੁਆਨੀ ਨੇ ਉਸ ਦੇ ਜ਼ਿਹਨ ਵਿਚ ਅਜਿਹਾ ਘਰ ਕੀਤਾ ਹੋਇਆ ਸੀ ਕਿ ਉਹ ਹੋਕਾ ਆਨੇ ਨਾਲ ਹੀ ਦਿੰਦਾ। ਉਂਜ ਪੰਜੀ ਦੀਆਂ ਦੋ ਕੁਲਫ਼ੀਆਂ ਦਿੰਦਾ, ਭਾਵ ਪੰਜ ਪੈਸਿਆਂ ਦੀਆਂ। ਜੇ ਕਦੇ ਉਹ ਲੇਟ ਹੋ ਜਾਂਦਾ ਤਾਂ ਬੱਚੇ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰਦੇ। ਕੁਲਫ਼ੀ ਵੀ ਬਸ ਥੋੜ੍ਹਾ ਜਿਹਾ ਲਾਲ ਰੰਗ ਤੇ ਮਿੱਠਾ ਪਾ ਕੇ ਜਮਾਈ ਬਰਫ਼ ਹੀ ਹੁੰਦੀ ਸੀ, ਜਿਸ ਨੂੰ ਚੂਸਦੇ ਬੱਚੇ ਭੱਜੇ ਫਿਰਦੇ ਤੇ ਗਰਮੀ ਤੋਂ ਰਾਹਤ ਹਾਸਲ ਕਰਦੇ। ਦਸ ਕੁ ਮਿੰਟਾਂ ਵਿਚ ਹੀ ਉਸ ਦੀਆਂ ਸਾਰੀਆਂ ਕੁਲਫ਼ੀਆਂ ਵਿਕ ਜਾਂਦੀਆਂ ਸਨ।
ਇਕ ਦਿਨ ਪਿੰਡ ਵਿਚ ਇਕ ਹੋਰ ਕੁਲਫ਼ੀ ਵੇਚਣ ਵਾਲਾ ਆਇਆ, ਜਿਸ ਦਾ ਨਾਂ ਦੌਲਾ ਸੀ। ਅੱਧੀ ਛੁੱਟੀ ਵੇਲੇ ਸਕੂਲ ਦੇ ਗੇਟ ਮੂਹਰੇ ਤਿਲਕੂ ਤੋਂ ਥੋੜ੍ਹਾ ਹਟਵਾਂ ਖੜ੍ਹ ਗਿਆ। ਤਿਲਕੂ ਨੂੰ ਉਸ ਦਾ ਖੜ੍ਹਨਾ ਰੜਕਿਆ ਕਿ ਜੇ ਇਸ ਦੀਆਂ ਅੱਜ ਕੁਲਫ਼ੀਆਂ ਵਿਕ ਗਈਆਂ ਤਾਂ ਇਹ ਰੋਜ਼ ਆਉਣ ਲੱਗ ਜਾਊ। ਬਹੁਤੇ ਬੱਚੇ ਤਾਂ ਤਿਲਕੂ ਦੇ ਦੁਆਲੇ ਹੀ ਖੜ੍ਹੇ ਸਨ, ਪਰ ਜਦ ਉਸ ਨੇ ਵੇਖਿਆ ਕਿ ਦੋ-ਚਾਰ ਬੱਚੇ ਉਸ ਨਵੇਂ ਕੁਲਫ਼ੀਆਂ ਵਾਲੇ ਕੋਲ ਖੜ੍ਹੇ ਹਨ ਤਾਂ ਉਸ ਨੇ ਮਨ ਵਿਚ ਧਾਰ ਲਈ ਕਿ ਉਸ ਦੀਆਂ ਕੁਲਫ਼ੀਆਂ ਨਹੀਂ ਵਿਕਣ ਦੇਵੇਗਾ। ਆਖ਼ਰ ਤਿਲਕੂ ਨੇ ਹੋਕਾ ਦਿੱਤਾ ‘‘’ਆ ਜੋ! ਪੰਜੀ ਦੀਆਂ ਚਾਰ ਕੁਲਫ਼ੀਆਂ, ਪੰਜੀ ਦੀਆਂ ਚਾਰ।’’ ਇਹ ਸੁਣਦਿਆਂ ਦੌਲੇ ਨੇ ਵੀ ਪੰਜੀ ਦੀਆਂ ਚਾਰ ਦਾ ਹੋਕਾ ਦੇ ਦਿੱਤਾ। ਤਿਲਕੂ ਹੋਰ ਗੁੱਸੇ ਵਿਚ ਆ ਗਿਆ ਤੇ ਉਸ ਨੇ ਹੋਕਾ ਦਿੱਤਾ, ‘‘ਆ ਜੋ ਬਈ! ਪੰਜੀ ਦੀਆਂ ਪੰਜ ਕੁਲਫ਼ੀਆਂ, ਪੰਜੀ ਦੀਆਂ ਪੰਜ।’’ ਤਿਲਕੂ ਵੱਲ ਭੀੜ ਵਧਣ ਲੱਗੀ ਤਾਂ ਦੌਲੇ ਨੇ ਵੀ ਇਹੋ ਹੋਕਾ ਦੇ ਦਿੱਤਾ। ਇਹ ਸੁਣ ਕੇ ਤਿਲਕੂ ਦਾ ਗੁੱਸਾ ਸੱਤ ਅਸਮਾਨੀ ਚੜ੍ਹ ਗਿਆ, ਉਸ ਨੂੰ ਇਉਂ ਲੱਗਿਆ ਜਿਵੇਂ ਸਿਰ ਧੜ ਦੀ ਬਾਜ਼ੀ ਲੱਗ ਗਈ ਹੋਵੇ। ਉਸ ਨੇ ਹੋਰ ਹੌਸਲਾ ਕੀਤਾ ਤੇ ਹੋਕਾ ਦਿੱਤਾ, ‘‘ਆਜੋ ਬੱਚਿਓ! ਮੁਫ਼ਤ ਕੁਲਫ਼ੀਆਂ, ਮੁਫ਼ਤ।’’ ਇਹ ਸੁਣ ਕੇ ਤਿਲਕੂ ਦੁਆਲੇ ਝੁਰਮਟ ਬੱਝ ਗਿਆ।
ਅਸੀਂ ਸਾਰਿਆਂ ਨੇ ਮੁਫ਼ਤ ’ਚ ਕੁਲਫ਼ੀਆਂ ਲਈਆਂ ਤੇ ਇਉਂ ਨੱਚਣ ਲੱਗੇ ਜਿਵੇਂ ਖਿਡਾਰੀ ਖੇਡ ਦੇ ਮੈਦਾਨ ’ਚ ਤਗ਼ਮਾ ਜਿੱਤਣ ਬਾਅਦ ਖੁਸ਼ੀ ਪ੍ਰਗਟ ਕਰਦੇ ਹੁੰਦੇ ਨੇ। ਮਿੰਟਾਂ ਵਿਚ ਹੀ ਉਸ ਦਾ ਬਕਸਾ ਖਾਲੀ ਹੋ ਗਿਆ, ਦੌਲਾ ਖੜ੍ਹਾ ਵੇਖਦਾ ਰਿਹਾ। ਓਧਰ ਅੱਧੀ ਛੁੱਟੀ ਖਤਮ ਹੋਣ ਦੀ ਘੰਟੀ ਵੱਜ ਗਈ ਤੇ ਅਸੀਂ ਸਕੂਲ ਅੰਦਰ ਚਲੇ ਗਏ। ਤਿਲਕੂ ਸਾਈਕਲ ਰੋੜ੍ਹ ਕੇ ਦੌਲੇ ਸਾਹਮਣੇ ਥੋੜ੍ਹਾ ਰੁਕਿਆ ਤੇ ਚਿਹਰੇ ’ਤੇ ਮੁਸਕਰਾਹਟ ਲਿਆਉਂਦਾ ਭਰਵੱਟੇ ਉਤਾਂਹ ਨੂੰ ਚੁੱਕਦਾ ਹੋਇਆ ਬੋਲਿਆ, ‘‘ਕੱਲ੍ਹ ਨੂੰ ਫੇਰ ਆ ਜਾਈਂ, ਐਸੇ ਵੇਲੇ।’’ ਇਹ ਕਹਿ ਕੇ ਉਹ ਅੱਗੇ ਤੁਰ ਗਿਆ। ਉਹ ਇਸ ਤਰ੍ਹਾਂ ਜਾ ਰਿਹਾ ਸੀ, ਜਿਵੇਂ ਝੰਡੇ ਦੀ ਕੁਸ਼ਤੀ ਜਿੱਤ ਕੇ ਜਾ ਰਿਹਾ ਹੋਵੇ। ਉਸ ਤੋਂ ਬਾਅਦ ਸਕੂਲ ਦੇ ਗੇਟ ਮੂਹਰੇ ਇਕੱਲਾ ਤਿਲਕੂ ਹੀ ਹੁੰਦਾ ਸੀ। ਦੌਲਾ ਤਾਂ ਕਦੇ ਪਿੰਡ ਵਿੱਚ ਨਹੀਂ ਸੀ ਦਿਸਿਆ।
ਉਦੋਂ ਸਾਡੀ ਸਮਝ ਕੇਵਲ ਕੁਲਫ਼ੀ ਲੈਣ ਤਕ ਹੀ ਸੀਮਤ ਸੀ, ਪਰ ਕਦੇ ਸੋਚਦੇ ਕਿ ਤਿਲਕੂ ਨੇ ਐਵੇਂ ਈ ਮੁਫ਼ਤ ਕੁਲਫ਼ੀਆਂ ਦੇ ਕੇ ਆਪਣਾ ਨੁਕਸਾਨ ਕਰਵਾ ਲਿਆ। ਉਸ ਦੀ ਮੁਫ਼ਤ ਦੀ ਕੁਲਫ਼ੀ ਦੇ ਆਨੰਦ ਦਾ ਅਹਿਸਾਸ ਤਾਂ ਹੁਣ ਤਕ ਵੀ ਯਾਦ ਹੈ, ਪਰ ਜਦ ਅੱਜ ਇਸ ਸਾਰੀ ਘਟਨਾ ਬਾਰੇ ਖ਼ਿਆਲ ਆਉਂਦਾ ਹੈ ਤਾਂ ਲੱਗਦੈ ਤਿਲਕੂ ਦੀ ਕਾਰਵਾਈ ਕੁਲਫ਼ੀਆਂ ਵੇਚਣ ਦੀ ਨਹੀਂ ਸੀ, ਸਥਾਪਤੀ ਦੀ ਸੀ। ਲੰਬੇ ਸਮੇਂ ਤੋਂ ਸਕੂਲ ਦੇ ਗੇਟ ’ਤੇ ਖੜ੍ਹ ਕੇ ਕੁਲਫ਼ੀਆਂ ਵੇਚਣ ਨੂੰ ਉਹ ਆਪਣਾ ਹੱਕ ਸਮਝਦਾ ਸੀ ਤੇ ਹੋਰ ਦਾ ਉੱਥੇ ਖੜ੍ਹਨਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਅੱਜ ਵੀ ਤਿਲਕੂ ਦੀ ਕੁਲਫ਼ੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੰਦੀ ਹੈ।
ਸੰਪਰਕ: 98882-75913