ਕੁਲਦੀਪ ਨਈਅਰ: ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਅਲੰਬਰਦਾਰ
ਕੁਲਦੀਪ ਨਈਅਰ ਭਾਰਤੀ ਉਪ ਮਹਾਂਦੀਪ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਬੁਲੰਦ ਆਵਾਜ਼ ਸੀ। ਉਹ ਸਾਡੇ ਸਮੇਂ ਦੇ ਜੁਝਾਰੂ ਪੱਤਰਕਾਰ ਅਤੇ ਬਹੁ-ਪਰਤੀ ਸ਼ਖ਼ਸੀਅਤ ਸਨ। ਉਹ ਆਪਣੀ ਸਵੈ-ਜੀਵਨੀ ਵਿਚ ਲਿਖਦੇ ਹਨ ਕਿ ਜਿਨ੍ਹਾਂ ਲੋਕਾਂ ਬਾਰੇ ਮੈਂ ਲਿਖਿਆ ਹੈ ਅਤੇ ਜਿਨ੍ਹਾਂ ਸ਼ਬਦਾਂ ਨਾਲ ਮੈਂ ਲਿਖਿਆ ਹੈ, ਉਹ ਮੇਰੇ ਦਿਲ ਵਿਚੋਂ ਨਿਕਲੇ ਹਨ ਅਤੇ ਯਕੀਨਨ, ਮੇਰੀ ਕਦੇ ਵੀ ਕਿਸੇ ਸਿਆਸਤਦਾਨ ਨਾਲ ਕੋਈ ਦੁਸ਼ਮਣੀ ਨਹੀਂ ਸੀ, ਮੇਰੇ ਲਈ ਸਭ ਕੁਝ ਬਰਾਬਰ ਹੈ ਪਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੋ ਕੁਝ ਵੀ ਲਿਖਿਆ ਹੈ, ਉਹ ਮੇਰੀ ਕਲਮ ਦੀ ਤਾਕਤ ਬਣ ਗਿਆ ਹੈ।
ਜਦੋਂ ਮੈਂ ਉਨ੍ਹਾਂ ਨੂੰ 2016 ਵਿਚ ਮਿਲਿਆ ਤਾਂ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਵਿਚ ਉਰਦੂ ਅਖਬਾਰ ‘ਅੰਜਾਮ’ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਫਿਰ ਉਨ੍ਹਾਂ ਸਟੇਟਸਮੈਨ ਅਤੇ ਇੰਡੀਅਨ ਐਕਸਪ੍ਰੈਸ ਜਿਹੇ ਅਖ਼ਬਾਰਾਂ ਵਿਚ ਅਤੇ ਨਿਊਜ਼ ਏਜੰਸੀ ਯੂਐੱਨਆਈ ਵਿਚ ਕੰਮ ਕੀਤਾ। ਉਹ ਸੁਤੰਤਰ ਪੱਤਰਕਾਰੀ ਤੋਂ ਰਾਜਨੀਤਕ ਖੇਤਰ ਤੱਕ ਪਹੁੰਚੇ। ਉਹ ਇੰਗਲੈਂਡ ਵਿਚ ਭਾਰਤ ਦੇ ਹਾਈ ਕਮਿਸ਼ਨਰ ਤੇ ਰਾਜਦੂਤ ਅਤੇ ਰਾਜ ਸਭਾ ਮੈਂਬਰ ਵੀ ਬਣੇ ਪਰ ਉਨ੍ਹਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ।
ਕੁਲਦੀਪ ਨਈਅਰ ਦਾ ਜਨਮ 14 ਅਗਸਤ 1929 ਨੂੰ ਸਿਆਲਕੋਟ ਵਿਚ ਹੋਇਆ। ਉਨ੍ਹਾਂ ਦੇ ਪਿਤਾ ਗੁਰਬਖਸ਼ ਸਿੰਘ ਡਾਕਟਰ ਸਨ। ਉਨ੍ਹਾਂ ਦੀ ਪੱਤਰਕਾਰੀ ਦਾ ਸਫ਼ਰ ਬਹੁਤ ਵਿਆਪਕ ਸੀ। ਉਹ ਦੱਸਦੇ ਹੁੰਦੇ ਸਨ ਕਿ ਜਦੋਂ ਉਨ੍ਹਾਂ ਮਹਾਤਮਾ ਗਾਂਧੀ ਦੀ ਹੱਤਿਆ ਦੀ ਖ਼ਬਰ ਦਿੱਤੀ ਤਾਂ ਉਨ੍ਹਾਂ ਦੇ ਦਿਲ ਵਿਚ ਬਹੁਤ ਕੁਝ ਸੀ। ਉਨ੍ਹਾਂ ਨੇ ਭਾਰਤ ਦੇ ਭਵਿੱਖ, ਖ਼ਾਸ ਕਰ ਕੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਪ੍ਰੈੱਸ ਦੇ ਉਹ ਪਲ ਵੀ ਦੇਖੇ ਜਿਨ੍ਹਾਂ ਵਿਚ ਉਹ 1975 ਵਿਚ ਲੱਗੀ ਐਮਰਜੈਂਸੀ ਵੀ ਸ਼ਾਮਿਲ ਸੀ ਅਤੇ ਉਨ੍ਹਾਂ ਨੇ ਇਸ ਦੌਰਾਨ ਜੇਲ੍ਹ ਵੀ ਕੱਟੀ।
ਉਨ੍ਹਾਂ ਕੇਂਦਰੀ ਮੰਤਰੀ ਗੋਵਿੰਦ ਵੱਲਭ ਪੰਤ ਦੇ ਪ੍ਰੈੱਸ ਸਲਾਹਕਾਰ ਵਜੋਂ ਕੀਤਾ ਅਤੇ ਬਾਅਦ ਵਿਚ ਲਾਲ ਬਹਾਦੁਰ ਸ਼ਾਸਤਰੀ ਨਾਲ ਵੀ ਕੰਮ ਕੀਤਾ। ਜਦੋਂ ਉਨ੍ਹਾਂ ਨੂੰ ਨਕਾਰਾਤਮਕ ਪਹਿਲੂਆਂ ਤੋਂ ਦੇਖਿਆ ਗਿਆ ਤਾਂ ਉਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ। 1990 ਵਿਚ, ਉਸ ਨੂੰ ਬਰਤਾਨੀਆ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਅਤੇ 1997 ਵਿਚ ਰਾਜ ਸਭਾ ਦੇ ਨਾਮਜ਼ਦ ਮੈਂਬਰ ਬਣਾਏ ਗਏ।
ਮੈਂ ਉਨ੍ਹਾਂ ਨੂੰ ਪਹਿਲੀ ਵਾਰ 1980 ਵਿਚ ਮਿਲਿਆ ਸੀ ਜਦੋਂ ਉਹ ਲੁਧਿਆਣਾ ਆਏ ਹੋਏ ਸਨ। ਮੈਨੂੰ ਲੱਗਦਾ ਹੈ, ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਕੁਲਦੀਪ ਨਈਅਰ ਦੀ ਜੀਵਨੀ ਤੋਂ ਸਿੱਖਣਾ ਚਾਹੀਦਾ ਹੈ ਕਿ ਵਿਚਾਰ ਪ੍ਰਗਟਾਵੇ ਅਤੇ ਖ਼ਬਰਾਂ ਦੀ ਆਜ਼ਾਦੀ ਲਈ ਲੜ ਕੇ ਸੱਚੇ ਪੱਤਰਕਾਰ ਵਜੋਂ ਖੜ੍ਹੇ ਹੋਣਾ ਕੀ ਹੁੰਦਾ ਹੈ। ਉਨ੍ਹਾਂ ਐਡੀਟਰਜ਼ ਗਿਲਡ ਆਫ ਇੰਡੀਆ ਦੀ ਸਥਾਪਨਾ ਕੀਤੀ ਅਤੇ ਤਤਕਾਲੀਨ ਸਰਕਾਰਾਂ ’ਤੇ ਸਵਾਲ ਉਠਾਏ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਨੇ ਮੌਜੂਦਾ ਸਰਕਾਰ ’ਤੇ ਵੀ ਸਵਾਲ ਕੀਤਾ ਕਿ ਇਸ ਸਰਕਾਰ ਵਿਚ ਕਿਸੇ ਕੈਬਨਿਟ ਮੰਤਰੀ ਦੀ ਕੋਈ ਮਹੱਤਤਾ ਨਹੀਂ ਹੈ।
ਉਨ੍ਹਾਂ ਉਰਦੂ ਪੱਤਰਕਾਰੀ ਤੋਂ ਸ਼ੁਰੂਆਤ ਕੀਤੀ ਪਰ ਮੂਲ ਰੂਪ ਵਿਚ ਅੰਗਰੇਜ਼ੀ ਪੱਤਰਕਾਰ ਵਜੋਂ ਮਸ਼ਹੂਰ ਹੋਏ। ਉਨ੍ਹਾਂ ਦਾ ਭਾਰਤੀ ਭਾਸ਼ਾਵਾਂ ਦੀ ਪੱਤਰਕਾਰੀ ਲਈ ਬਹੁਤ ਸਤਿਕਾਰ ਸੀ ਅਤੇ ਉਹ ਭਾਸ਼ਾ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਸਮੁੱਚੀ ਭਾਰਤੀ ਪੱਤਰਕਾਰੀ ਤੇ ਮੀਡੀਆ ਲਈ ਸੋਚਦੇ ਤੇ ਲਿਖਦੇ ਰਹੇ। ਉਰਦੂ ਤੋਂ ਅੰਗਰੇਜ਼ੀ ਪੱਤਰਕਾਰੀ ਵੱਲ ਜਾਣ ਦੀ ਕਹਾਣੀ ਕਾਫੀ ਦਿਲਚਸਪ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਜ਼ਾਦੀ ਮਿਲਣ ਤੋਂ ਬਾਅਦ ਦਿੱਲੀ ਆਏ ਤਾਂ ਉਹ ਜਾਮਾ ਮਸਜਿਦ ਕੋਲ ਕਮਿਊਨਿਸਟ ਪਾਰਟੀ ਦੇ ਦਫ਼ਤਰ ਗਏ ਅਤੇ ਫਿਰ ਮੌਲਾਨਾ ਹਸਰਤ ਮੋਹਾਨੀ ਨੂੰ ਮਿਲੇ। ਉਨ੍ਹਾਂ ਨੇ ਇਕ ਉਰਦੂ ਅਖ਼ਬਾਰ ਵਿਚ ਕੰਮ ਸ਼ੁਰੂ ਕੀਤਾ ਅਤੇ ਸ਼ਾਇਰੀ ’ਤੇ ਵੀ ਹੱਥ ਅਜ਼ਮਾਇਆ। ਇਕ ਦਿਨ ਉਨ੍ਹਾਂ ਆਪਣਾ ਸ਼ੇਅਰ ਹਸਰਤ ਮੋਹਾਨੀ ਨੂੰ ਸੁਣਾਇਆ। ਹਸਰਤ ਮੋਹਾਨੀ ਨੇ ਸਲਾਹ ਦਿੱਤੀ ਕਿ ਸ਼ਾਇਰੀ ਉਨ੍ਹਾਂ ਦੇ ਵੱਸ ਦਾ ਕੰਮ ਨਹੀਂ ਅਤੇ ਉਰਦੂ ਪੱਤਰਕਾਰੀ ਦਾ ਦੇਸ਼ ਵਿਚ ਕੋਈ ਭਵਿੱਖ ਨਹੀਂ। ਇਸ ਤਰ੍ਹਾਂ ਕੁਲਦੀਪ ਨਈਅਰ ਅੰਗਰੇਜ਼ੀ ਪੱਤਰਕਾਰੀ ਵੱਲ ਮੁੜ ਗਏ।
ਸਾਡੀ ਪੀੜ੍ਹੀ ਨੇ ਕੁਲਦੀਪ ਨਈਅਰ ਦੀਆਂ ਲਿਖਤਾਂ ਪੜ੍ਹੀਆਂ ਅਤੇ ਉਨ੍ਹਾਂ ਦਾ ਪ੍ਰਭਾਵ ਸਵੀਕਾਰ ਕੀਤਾ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਕ ਵਾਰ ਇਕ ਮੀਟਿੰਗ ਵਿਚ ਸਵੀਕਾਰ ਕੀਤਾ ਸੀ ਕਿ ਇਸ ਆਦਮੀ ਦੀਆਂ ਲਿਖਤਾਂ ਦਾ ਮੇਰੇ ਉੱਤੇ ਪ੍ਰਭਾਵ ਹੈ ਅਤੇ ਇਸ ਦਾ ਅਸਰ ਸਰਕਾਰ ਦੇ ਕੰਮਕਾਜ ’ਤੇ ਵੀ ਹੈ। ਐਮਰਜੈਂਸੀ ਦੌਰਾਨ ਕੁਲਦੀਪ ਨਈਅਰ ਦੀਆਂ ਕਿਤਾਬਾਂ ਲੱਖਾਂ ਦੀ ਗਿਣਤੀ ਵਿਚ ਪੜ੍ਹੀਆਂ ਅਤੇ ਛਾਪੀਆਂ ਗਈਆਂ। ਉਨ੍ਹਾਂ ਦੇ ਲਿਖੇ ਕਾਲਮ ਨੂੰ ਭਾਰਤ ਦੀਆਂ 14 ਭਾਸ਼ਾਵਾਂ ਵਿਚ ਲੱਖਾਂ ਲੋਕ ਪੜ੍ਹਦੇ।
ਉਨ੍ਹਾਂ ਨੇ ਬਲੈਕ ਪ੍ਰੈੱਸ ਬਿੱਲ ਦਾ ਡਟ ਕੇ ਵਿਰੋਧ ਕੀਤਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੇ ਮੁੱਦੇ ਅਤੇ ਭਾਰਤ-ਪਾਕਿ ਦੋਸਤੀ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਲਈ ਜ਼ੋਰਦਾਰ ਆਵਾਜ਼ ਉਠਾਉਣ ਵਾਲੇ ਪੱਤਰਕਾਰ ਸਨ। ਉਹ ਭਾਰਤੀ ਪੱਤਰਕਾਰੀ ਦੀਆਂ ਜਮਹੂਰੀ ਕਦਰਾਂ-ਕੀਮਤਾਂ ਦੇ ਪ੍ਰਤੀਕ ਸਨ। ਉਹ ਸਾਡੀਆਂ ਯਾਦਾਂ ’ਚ ਸਦਾ ਵਸਦੇ ਰਹਿਣਗੇ।
ਭਾਰਤ-ਪਾਕਿਸਤਾਨ ਸਬੰਧਾਂ ਲਈ ਉਹ ਉਨ੍ਹਾਂ ਨੇ ਜੋ ਕੰਮ ਕੀਤਾ, ਉਹ ਹੈਰਾਨੀਜਨਕ ਹੈ ਅਤੇ ਜਦੋਂ ਤੱਕ ਉਹ ਜਿਊਂਦੇ ਰਹੇ, ਉਹ ਭਾਰਤ-ਪਾਕਿਸਤਾਨ ਸਰਹੱਦ ’ਤੇ ਅਟਾਰੀ ਵਿਖੇ 14 ਅਗਸਤ ਦੀ ਰਾਤ ਨੂੰ ਮੋਮਬੱਤੀਆਂ ਜਗਾਉਣ ਦੇ ਸਾਂਝੇ ਸ਼ਾਂਤੀ ਕਾਫ਼ਲੇ ਦੇ ਮੋਹਰੀ ਆਗੂ ਰਹੇ। ਉਨ੍ਹਾਂ ਦੀ ਇਹ ਪਛਾਣ ਅੱਜ ਵੀ 14 ਅਗਸਤ ਦੀ ਰਾਤ ਨੂੰ ਯਾਦ ਕੀਤੀ ਜਾਂਦੀ ਹੈ ਅਤੇ ਦੋਵਾਂ ਦੇਸ਼ਾਂ ਦੇ ਲੋਕ ਆ ਕੇ ਮੋਮਬੱਤੀਆਂ ਜਗਾਉਂਦੇ ਹਨ ਤਾਂ ਜੋ ਇਸ ਦੀ ਰੌਸ਼ਨੀ ਵਿਚ ਹਮੇਸ਼ਾ ਸ਼ਾਂਤੀ ਦੀ ਆਵਾਜ਼ ਆਵੇ। ਉਨ੍ਹਾਂ ਕਿਹਾ ਸੀ ਕਿ ਵੰਡ ਦਾ ਦਰਦ ਸਮਾਜ ਦੀ ਅਸਲੀਅਤ ਹੈ ਕਿ ਇਹ ਅਜਿਹਾ ਬਿਆਨ ਹੈ ਜਿਸ ’ਤੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਦੋਹਾਂ ਦੇਸ਼ਾਂ ਵਿਚ ਅਮਨ ਦੀ ਦੁਆ ਮੰਗਣ ਲਈ ਜਗਾਈਆਂ ਜਾਂਦੀਆਂ ਮੋਮਬੱਤੀਆਂ ਦਾ ਸਿਲਸਿਲਾ ਉਨ੍ਹਾਂ ਦੀ ਅਗਵਾਈ ਵਿਚ 1996 ਤੋਂ ਸ਼ੁਰੂ ਹੋਇਆ ਸੀ।
ਡਿਪਲੋਮੈਟ ਅਤੇ ਸਿਆਸਤਦਾਨ ਵਜੋਂ ਉਨ੍ਹਾਂ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਹਨ, ਉਨ੍ਹਾਂ ਵਿਚ ਉਨ੍ਹਾਂ ਦੀ ਆਤਮ-ਕਥਾ ਵੀ ਸ਼ਾਮਲ ਹੈ। ਉਨ੍ਹਾਂ ਨੇ ਆਪਣੀਆਂ ਕਿਤਾਬਾਂ ਵਿਚ ਭਾਰਤੀ ਰਾਜਨੀਤੀ ਦੇ ਕਈ ਰਾਜ਼ ਖੋਲ੍ਹੇ ਹਨ; ਉਦਾਹਰਨ ਵਜੋਂ, ਉਨ੍ਹਾਂ ਆਪਣੀ ਆਤਮ-ਕਥਾ ‘ਬਿਟਵਿਨ ਦਿ ਲਾਈਨਜ਼’ ਵਿਚ ਲਿਖਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਹਨ; ਕੁਝ ਲੋਕ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਲੜਾਉਂਦੇ ਹਨ। ਆਪਣੀਆਂ ਕਿਤਾਬਾਂ ਵਿਚ ਉਨ੍ਹਾਂ ਭਾਰਤੀ ਰਾਜਨੀਤੀ ਦੇ ਛੁਪੇ ਸੱਚ ਨੂੰ ਵੀ ਉਜਾਗਰ ਕੀਤਾ ਹੈ। ਉਨ੍ਹਾਂ ਭਗਤ ਸਿੰਘ ਦੀ ਜਿ਼ੰਦਗੀ ’ਤੇ ‘ਵਿਦਆਊਟ ਫੀਅਰ: ਦਿ ਲਾਈਫ ਐਂਡ ਟ੍ਰਾਇਲ ਆਫ ਭਗਤ ਸਿੰਘ’ ਵਿਚ ਉਸ ਦੇ ਕ੍ਰਾਂਤੀਕਾਰੀ ਜੀਵਨ ਦੇ ਕਈ ਪੱਖਾਂ ’ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਆਪਣੀ ਕਿਤਾਬ ‘ਦਿ ਜਜਮੈਂਟ: ਇਨਸਾਈਡ ਸਟੋਰੀ ਆਫ ਦਿ ਐਮਰਜੈਂਸੀ ਇਨ ਇੰਡੀਆ’ ਵਿਚ ਇਲਾਹਾਬਾਦ ਹਾਈ ਕੋਰਟ ਦੇ 12 ਜੂਨ 1975 ਦੇ ਫ਼ੈਸਲੇ ਬਾਰੇ ਵਿਸਥਾਰ ਨਾਲ ਲਿਖਿਆ; ਇਹ ਫ਼ੈਸਲਾ ਇੰਦਰਾ ਗਾਂਧੀ ਦੇ ਖਿ਼ਲਾਫ਼ ਸੀ।
ਕੁਲਦੀਪ ਨਈਅਰ ਉਹ ਪੱਤਰਕਾਰ ਸਨ ਜਿਨ੍ਹਾਂ ਨੇ ਸਮੇਂ ਸਮੇਂ ’ਤੇ ਸਰਕਾਰਾਂ ਨੂੰ ਜਗਾਇਆ। ਉਹ ਆਪਣੀਆਂ ਯਾਦਾਂ ਵਿਚ ਲਿਖਦੇ ਹਨ ਕਿ ਉਹ ਆਪਣੇ ਆਪ ਨੂੰ ਪੀਆਈਬੀ, ਸਟੇਟਸਮੈਨ, ਇੰਡੀਅਨ ਐਕਸਪ੍ਰੈੱਸ ਤੋਂ ਬਾਅਦ ਲੰਡਨ ਟਾਈਮਜ਼ ਦੇ ਪੱਤਰਕਾਰ ਵਜੋਂ ਦੇਖਦੇ ਹਨ। ਉਨ੍ਹਾਂ ਦੀਆਂ ਕਈ ਪੁਸਤਕਾਂ ਦੇ ਅਨੁਵਾਦ ਵੀ ਪੰਜਾਬੀ ਵਿਚ ਉਪਲਬਧ ਹਨ। ‘ਬਿਟਵੀਨ ਦਿ ਲਾਈਨਜ਼’ ‘ਡਿਸਟੈਂਟ ਨੇਬਰਜ਼: ਏ ਟੇਲ ਆਫ ਦਿ ਸਬਕੌਂਟੀਨੈਂਟ’, ‘ਇੰਡੀਆ ਆਫਟਰ ਨਹਿਰੂ’ ਵਰਗੀਆਂ ਕਿਤਾਬਾਂ ਬਹੁਤ ਮਸ਼ਹੂਰ ਹੋਈਆਂ। ‘ਇੰਡੀਆ ਪਾਕਿਸਤਾਨ ਰਿਲੇਸ਼ਨਜ਼’, ‘ਇੰਡੀਆ ਹਾਊਸ’, ‘ਸਕੂਪ’ ਆਦਿ ਪੂਰੀ ਦੁਨੀਆ ਵਿਚ ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਦੀ ਸਵੈ-ਜੀਵਨੀ ਦੀ ਬਹੁਤ ਚਰਚਾ ਹੋਈ ਹੈ ਅਤੇ ਇਸ ਦਾ ਪੰਜਾਬੀ ਅਨੁਵਾਦ ਵੀ ਉਪਲਬਧ ਹੈ। ਉਨ੍ਹਾਂ ਨੇ ਗੁਰਮੁਖੀ ਅੱਖਰਾਂ ਵਿਚ ਇਕ ਨਾਵਲ ‘ਮੈਨੂੰ ਹਨੇਰਾ ਕਿਉਂ ਨਹੀਂ ਦਿਸਦਾ’ ਲਿਖਿਆ। ਉਨ੍ਹਾਂ ਨੂੰ ਨਾਰਥ ਵੈਸਟ ਯੂਨੀਵਰਸਿਟੀ ਮੈਰਿਟ ਅਵਾਰਡ ਮਿਲਿਆ ਅਤੇ ਪਦਮ ਵਿਭੂਸ਼ਨ ਨਾਲ ਵੀ ਸਨਮਾਨਿਆ ਗਿਆ। ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਪੁਰਸਕਾਰ ਮਿਲੇ।
ਉਨ੍ਹਾਂ ਦੀ ਆਖ਼ਰੀ ਕਿਤਾਬ ‘ਆਨ ਲੀਡਰਜ਼ ਐਂਡ ਆਈਕਨਜ਼: ਫਰੌਮ ਜਿਨਾਹ ਟੂ ਮੋਦੀ’ ਹੈ। ਕੁਲਦੀਪ ਨਈਅਰ ਹਮੇਸ਼ਾ ਕਿਹਾ ਕਰਦੇ ਸਨ ਕਿ ਸੰਕਟ ਦੀ ਘੜੀ ਵਿਚ ਚੰਗੀ ਪੱਤਰਕਾਰੀ ਦੇ ਵਿਸ਼ੇਸ਼ ਅਰਥ ਹੁੰਦੇ ਹਨ ਅਤੇ ਚੰਗੀ ਪੱਤਰਕਾਰੀ ਵਿਚ ਲੋਕਾਂ ਦੀ ਆਵਾਜ਼ ਸਭ ਤੋਂ ਪਹਿਲਾਂ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਆਪਣੀ ਇਕ ਮੁਲਾਕਾਤ ਵਿਚ ਇਹ ਵੀ ਦੱਸਿਆ: ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਰੀ ਆਲੋਚਨਾ ਦਾ ਨੋਟਿਸ ਲਿਆ ਹੈ।
ਅੱਜ ਵੀ ਜਦੋਂ ਅਸੀਂ ਕੁਲਦੀਪ ਨਈਅਰ ਦਾ ਨਾਂ ਭਾਰਤੀ ਪੱਤਰਕਾਰੀ ਦੇ ਮੋਢੀ ਅਤੇ ਲੜਾਕੂ ਪੱਤਰਕਾਰ ਵਜੋਂ ਲੈਂਦੇ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਦੇ ਦਿਲ ਵਿਚ ਕਿੰਨੀਆਂ ਵੱਡੀਆਂ ਤਾਂਘਾਂ ਸਨ। ਦੋਹਾਂ ਦੇਸ਼ਾਂ ਦੇ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋਸਤੀ ਦਾ ਪੁਲ ਸਥਾਪਿਤ ਹੋਣਾ ਚਾਹੀਦਾ ਹੈ। ਖਾਸ ਤੌਰ ’ਤੇ ਉਹ ਦੋਵੇਂ ਪਾਸੇ ਦੇ ਪੰਜਾਬੀਆਂ ਨੂੰ ਕਿਹਾ ਕਰਦੇ ਸਨ ਕਿ ਇਥੇ ਅਤੇ ਉਥੇ ਦੇ ਪੰਜਾਬੀਆਂ ਦੇ ਦਿਲ-ਦਿਮਾਗ 24 ਘੰਟੇ ਇਧਰ-ਉਧਰ ਘੁੰਮਦੇ ਰਹਿੰਦੇ ਹਨ।
ਇੱਕ ਪੱਤਰਕਾਰ ਹਨੇਰੇ ਵਿਰੁੱਧ ਕਿਵੇਂ ਖੜ੍ਹਾ ਹੋ ਸਕਦਾ ਹੈ, ਇਹ ਅਸੀਂ ਕੁਲਦੀਪ ਨਈਅਰ ਤੋਂ ਸਿੱਖ ਸਕਦੇ ਹਾਂ। ਉਹ ਜੁਝਾਰੂ ਪੱਤਰਕਾਰ ਅਤੇ ਭਾਰਤੀ ਪੱਤਰਕਾਰੀ ਦੇ ਥੰਮ੍ਹ ਸਨ ਜਿਨ੍ਹਾਂ ਭਾਰਤੀ ਪੱਤਰਕਾਰੀ ਦੀ ਨੀਂਹ ਹੋਰ ਮਜ਼ਬੂਤ ਕੀਤੀ। ਉਹ ਬਹੁ-ਭਾਸ਼ਾਈ ਪੱਤਰਕਾਰ ਸਨ। 14 ਅਗਸਤ ਦੀ ਅੱਧੀ ਰਾਤ ਨੂੰ ਵਾਹਗਾ ਬਾਰਡਰ ’ਤੇ ਬਲਦੀਆਂ ਮੋਮਬੱਤੀਆਂ ਕੁਲਦੀਪ ਨਈਅਰ ਨੂੰ ਭਾਲਦੀਆਂ ਅਤੇ ਉਨ੍ਹਾਂ ਨੂੰ ਯਾਦ ਕਰਦੀਆਂ ਹਨ।
*ਲੇਖਕ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ।
ਸੰਪਰਕ: 94787-30156