For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਕੁਲਦੀਪ ਕੁਮਾਰ ਨਵੇਂ ਮੇਅਰ

06:58 AM Feb 21, 2024 IST
‘ਆਪ’ ਦੇ ਕੁਲਦੀਪ ਕੁਮਾਰ ਨਵੇਂ ਮੇਅਰ
ਕੁਲਦੀਪ ਕੁਮਾਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸ ਦੇ ਐੱਚਐੱਸ ਲੱਕੀ (ਖੱਬੇ) ਅਤੇ ‘ਆਪ’ ਦੇ ਐੱਸਐੱਸ ਆਹਲੂਵਾਲੀਆ (ਸੱਜੇ)। -ਫੋਟੋ: ਵਿੱਕੀ ਘਾਰੂ
Advertisement

* ਪ੍ਰੀਜ਼ਾਈਡਿੰਗ ਅਫਸਰ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਹੁਕਮ

Advertisement

* ਚੋਣਾਂ ਦਾ ਪਹਿਲਾਂ ਐਲਾਨਿਆ ਗਿਆ ਨਤੀਜਾ ਕੀਤਾ ਰੱਦ
* ਅਵੈਧ ਕਰਾਰ ਦਿੱਤੀਆਂ ਅੱਠ ਵੋਟਾਂ ‘ਆਪ’ ਉਮੀਦਵਾਰ ਦੇ ਹੱਕ ’ਚ ਭੁਗਤਾਈਆਂ
* ਲੋਕਤੰਤਰੀ ਪ੍ਰਕਿਰਿਆ ਨੂੰ ਨਾਕਾਮ ਨਾ ਹੋਣ ਦੇਣਾ ਸਾਡਾ ਫ਼ਰਜ਼: ਸੁਪਰੀਮ ਕੋਰਟ

ਨਵੀਂ ਦਿੱਲੀ, 20 ਫਰਵਰੀ
ਸੁਪਰੀਮ ਕੋਰਟ ਨੇ ਅੱਜ ਚੰਡੀਗੜ੍ਹ ਮੇਅਰ ਦੀ ਚੋਣ ਦਾ ਵਿਵਾਦਤ ਨਤੀਜਾ ਪਲਟਾਉਣ ਤੋਂ ਬਾਅਦ ਹਾਰੇ ਹੋਏ ਆਪ-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਸ਼ਹਿਰ ਦਾ ਨਵਾਂ ਮੇਅਰ ਐਲਾਨ ਦਿੱਤਾ ਹੈ। ਇਸ ਚੋਣ ’ਚ ਪਹਿਲਾਂ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਹੋਈ ਸੀ। ਅਦਾਲਤ ਨੇ ਚੋਣ ਪ੍ਰਕਿਰਿਆ ’ਚ ਗੰਭੀਰ ਖਾਮੀਆਂ ਪਾਏ ਜਾਣ ਮਗਰੋਂ ਚੋਣ ਅਧਿਕਾਰੀ ਅਨਿਲ ਮਸੀਹ ਜੋ ਕਿ ਭਾਜਪਾ ਆਗੂ ਵੀ ਹਨ, ਖ਼ਿਲਾਫ਼ ਅਦਾਲਤ ਸਾਹਮਣੇ ਝੂਠਾ ਬਿਆਨ ਦੇ ਕੇ ਗੰਭੀਰ ਅਪਰਾਧ ਕਰਨ ਦੇ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਹੁਕਮ ਵੀ ਦਿੱਤਾ ਹੈ।

ਰਿਟਰਨਿੰਗ ਅਫਸਰ ਅਨਿਲ ਮਸੀਹ ਕੇਸ ਦੀ ਸੁਣਵਾਈ ਲਈ ਸੁਪਰੀਮ ਕੋਰਟ ਪਹੁੰਚਦੇ ਹੋਏ। -ਫੋਟੋ: ਏਐੱਨਆਈ

ਸੁਪਰੀਮ ਕੋਰਟ ਨੇ ਸੰਵਿਧਾਨ ਦੇ ਆਰਟੀਕਲ 142 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਿਹਾ ਕਿ ਰਿਟਰਨਿੰਗ ਅਫਸਰ ਜੋ ਕਿ ਨਾਮਜ਼ਦ ਕੌਂਸਲਰ ਵੀ ਹੈ, ਵੱਲੋਂ ਐਲਾਨਿਆ ਗਿਆ ਨਤੀਜਾ ਸਪੱਸ਼ਟ ਤੌਰ ’ਤੇ ਕਾਨੂੰਨ ਅਨੁਸਾਰ ਗਲਤ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਅਜਿਹੇ ਮਾਮਲੇ ’ਚ ਸਿਖਰਲੀ ਅਦਾਲਤ ਫਰਜ਼ ਨਾਲ ਬੱਝੀ ਹੋਈ ਹੈ। ਖਾਸ ਕਰ ਕੇ ਸੰਵਿਧਾਨ ਦੇ ਆਰਟੀਕਲ 142 ਤਹਿਤ ਆਪਣੇ ਅਧਿਕਾਰ ਖੇਤਰ ਦੇ ਸੰਦਰਭ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਚੁਣਾਵੀ ਲੋਕਤੰਤਰ ਦੀ ਪ੍ਰਕਿਰਿਆ ਨੂੰ ਧੋਖੇ ਨਾਲ ਨਾਕਾਮ ਨਾ ਹੋਣ ਦਿੱਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਨੂੰ ਉੱਥੇ ਕਦਮ ਚੁੱਕਣਾ ਚਾਹੀਦਾ ਹੈ ਜਿੱਥੇ ਅਸਧਾਰਨ ਸਥਿਤੀਆਂ ਪੈਦਾ ਹੁੰਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੁਣਾਵੀ ਲੋਕਤੰਤਰ ਦਾ ਮੂਲ ਲੋਕ ਫਤਵਾ ਸੁਰੱਖਿਅਤ ਰਹੇ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ, ‘ਅਸੀਂ ਇਸੇ ਅਨੁਸਾਰ ਹੁਕਮ ਤੇ ਨਿਰਦੇਸ਼ ਦਿੰਦੇ ਹਾਂ ਕਿ ਪ੍ਰੀਜ਼ਾਈਡਿੰਗ ਅਫਸਰ (ਮਸੀਹ) ਵੱਲੋਂ ਐਲਾਨਿਆ ਚੋਣ ਨਤੀਜਾ ਰੱਦ ਕਰ ਦਿੱਤਾ ਜਾਵੇ ਤੇ ਇੱਕ ਪਾਸੇ ਰੱਖਿਆ ਜਾਵੇ। ਪਟੀਸ਼ਨਰ (ਕੁਲਦੀਪ ਕੁਮਾਰ) ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਵੈਧ ਤੌਰ ’ਤੇ ਚੁਣਿਆ ਉਮੀਦਵਾਰ ਐਲਾਨਿਆ ਜਾਂਦਾ ਹੈ।’ ਅਦਾਲਤ ਨੇ ਕਿਹਾ ਕਿ ਮਸੀਹ ਵੱਲੋਂ ਅਵੈਧ ਐਲਾਨੇ ਗਏ ਅੱਠ ਵੋਟ ਕੁਲਦੀਪ ਕੁਮਾਰ ਦੇ ਹੱਕ ’ਚ ਭੁਗਤਾਏ ਜਾਣ। ਬੈਂਚ ਨੇ ਕਿਹਾ ਕਿ ਰਿਟਰਨਿੰਗ ਅਫਸਰ ਮਸੀਹ ਨੇ ਸਪੱਸ਼ਟ ਤੌਰ ’ਤੇ ਇਨ੍ਹਾਂ ਅੱਠ ਵੋਟ ਪਰਚੀਆਂ ’ਤੇ ਆਪਣਾ ਨਿਸ਼ਾਨ ਲਾਇਆ ਸੀ ਤਾਂ ਉਨ੍ਹਾਂ ਨੂੰ ਅਵੈਧ ਸਾਬਤ ਕਰਨ ਲਈ ਆਧਾਰ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘ਇਸ ਤੋਂ ਇਲਾਵਾ ਇਹ ਸਪੱਸ਼ਟ ਹੈ ਕਿ ਪ੍ਰੀਜ਼ਾਈਡਿੰਗ ਅਫਸਰ (ਮਸੀਹ) ਨੇ ਪ੍ਰੀਜ਼ਾਈਡਿੰਗ ਅਫਸਰ ਵਜੋਂ ਆਪਣੀ ਭੂਮਿਕਾ ਤੇ ਸਮਰੱਥਾ ਤਹਿਤ ਜੋ ਕੀਤਾ, ਉਹ ਗੰਭੀਰ ਅਪਰਾਧ ਹੈ।’
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ ਵਿਚ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਮ ਆਦਮੀ ਪਾਰਟੀ ਕੌਂਸਲਰ ਕੁਲਦੀਪ ਕੁਮਾਰ ਨੇ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸਰਵਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਨੇ 30 ਜਨਵਰੀ ਨੂੰ ਹੋਈ ਚੋਣ ਵਿਚ ਕਾਂਗਰਸ-ਆਪ ਗੱਠਜੋੜ ਦੀਆਂ ਅੱਠ ਵੋਟਾਂ ਨੂੰ ਅਯੋਗ ਠਹਿਰਾ ਕੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਐਲਾਨ ਦਿੱਤਾ ਸੀ। ਸੋਨਕਰ ਨੂੰ 16 ਜਦੋਂਕਿ ਆਪ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ ਸਨ। ਸੋਨਕਰ ਨੇ ਹਾਲਾਂਕਿ ਪਿਛਲੇ ਦਿਨੀਂ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ

ਵੋਟਾਂ ਦੀ ਚੋਰੀ ਕਰਦੀ ਹੈ ਭਾਜਪਾ: ਕੇਜਰੀਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੇ ਮੇਅਰ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਵੋਟਾਂ ਦੀ ਚੋਰੀ ਕਰਦੀ ਹੈ ਤੇ ਇਹ ਚੋਰੀ ਸੀਸੀਟੀਵੀ ਕੈਮਰਿਆਂ ਰਾਹੀਂ ਫੜੀ ਵੀ ਗਈ ਹੈ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਜਦੋਂ ਭਾਜਪਾ ਵਾਲੇ 36 ਵੋਟਾਂ ਵਿੱਚੋਂ ਹੀ 8 ਵੋਟਾਂ (25 ਫੀਸਦ) ਦੀ ਚੋਰੀ ਕਰ ਸਕਦੀ ਹੈ ਤਾਂ ਅਗਲੇ ਸਮੇਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ 90 ਕਰੋੜ ਵੋਟਾਂ ਵਿੱਚੋਂ ਕਿੰਨੇ ਵੱਡੇ ਪੱਧਰ ’ਤੇ ਧਾਂਦਲੀ ਕਰਨਗੇ। ਉਨ੍ਹਾਂ ਕਿਹਾ, ‘ਸੁਣਦੇ ਸੀ ਭਾਜਪਾ ਵਾਲੇ ਗੜਬੜ ਕਰਦੇ ਹਨ। ਭਾਜਪਾ ਵਾਲੇ ਬਦਮਾਸ਼ੀ ਕਰਦੇ ਹਨ, ਵੋਟਾਂ ਦੀ ਚੋਰੀ ਕਰਦੇ ਹਨ। ਜਿਸ ਭਰੋਸੇ ਨਾਲ ਉਹ (ਭਾਜਪਾ) ਆਖ ਰਹੇ ਹਨ ਕਿ 370 ਸੀਟਾਂ ਅਉਣਗੀਆਂ, ਇਕ ਤਰ੍ਹਾਂ ਨਾਲ ਇਹ ਦੇਸ਼ ਦੇ ਲੋਕਾਂ ਨੂੰ ਚੁਣੌਤੀ ਦੇ ਰਹੇ ਹਨ ਕਿ ਉਨ੍ਹਾਂ ਦੀਆਂ ਵੋਟਾਂ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ 370 ਸੀਟਾਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਇਹ ਭਰੋਸਾ ਕਿੱਥੋਂ ਆ ਰਿਹਾ ਹੈ, ਕੁਝ ਤਾਂ ਗੜਬੜ ਕਰ ਰੱਖੀ ਹੈ।’ ਉਨ੍ਹਾਂ 3 ਕੌਂਸਲਰਾਂ ਦੇ ਭਾਜਪਾ ਵਿੱਚ ਜਾਣ ਬਾਰੇ ਕਿਹਾ ਕਿ ਉਹ (ਭਾਜਪਾ) ਕੌਂਸਲਰਾਂ ਤੇ ਵਿਧਾਇਕਾਂ ਨੂੰ ਖਰੀਦਣ ਲੱਗੇ ਹਨ। ਉਹ ਸਰਕਾਰਾਂ ਡੇਗਦੇ ਹਨ ਤੇ ਈਡੀ ਨੂੰ ਪਿੱਛੇ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਨੇ ਮਿਲ ਕੇ ਜਿੱਤ ਪ੍ਰਾਪਤ ਕੀਤੀ ਤੇ ਵੱਡਾ ਸੰਦੇਸ਼ ਦਿੱਤਾ ਹੈ ਕਿ ਮਿਲ ਕੇ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ।

ਲੋਕਤੰਤਰ ਤੇ ਸੱਚ ਦੀ ਜਿੱਤ ਹੋਈ: ਕੁਲਦੀਪ ਕੁਮਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਅੱਜ ਕਿਹਾ ਕਿ ਇਹ ਲੋਕਤੰਤਰ ਦੇ ਸ਼ਹਿਰ ਵਾਸੀਆਂ ਦੀ ਜਿੱਤ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਾਰਟੀ ਹੈੱਡਕੁਆਰਟਰ ’ਚ ਜਸ਼ਨ ਮਨਾਇਆ ਗਿਆ। ਕੁਲਦੀਪ ਨੇ ਅਦਾਲਤੀ ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਚੋਣਾਂ ’ਚ ਭਾਜਪਾ ਨੇ ਧਾਂਦਲੀ ਨਾ ਕੀਤੀ ਹੁੰਦੀ ਤਾਂ ਉਹ ਪਹਿਲਾਂ ਹੀ ਮੇਅਰ ਬਣ ਗਏ ਹੁੰਦੇ। ਉਨ੍ਹਾਂ ਕਿਹਾ, ‘ਇਹ ਲੋਕਤੰਤਰ ਦੀ ਜਿੱਤ ਹੈ, ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਹੈ ਤੇ ਸੱਚਾਈ ਦੀ ਜਿੱਤ ਹੈ।’ ਉਨ੍ਹਾਂ ਕਿਹਾ, ‘ਅੱਜ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਹਨ।’ -ਪੀਟੀਆਈ

ਸੁਪਰੀਮ ਕੋਰਟ ਦਾ ਫ਼ੈਸਲਾ ਜਮਹੂਰੀਅਤ ਤੇ ਸੱਚ ਦੀ ਜਿੱਤ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ‘ਲੋਕਤੰਤਰ ਅਤੇ ਸਚਾਈ ਦੀ ਜਿੱਤ’ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਹੈ। ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ‘ਸਭ ਤੋਂ ਕਾਲੇ ਦਿਨ’ ਵਜੋਂ ਯਾਦ ਕੀਤਾ ਜਾਵੇਗਾ। ਇਸ ਦਿਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕੀਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਮੁੱਚੀ ਜਮਹੂਰੀ ਪ੍ਰਕਿਰਿਆ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਦਾਲਤ ਨੇ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਅੱਠ ਵੋਟਾਂ ਰੱਦ ਕਰਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਠ ਵੋਟਾਂ ਬਹਾਲ ਹੋਣ ਨਾਲ ‘ਆਪ’ ਦੇ ਕੁਲਦੀਪ ਕੁਮਾਰ ਦੇ ਚੰਡੀਗੜ੍ਹ ਨਿਗਮ ਦਾ ਮੇਅਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।

ਲੋਕਤੰਤਰ ਨੂੰ ਤਾਨਾਸ਼ਾਹ ਭਾਜਪਾ ਤੋਂ ਬਚਾਇਆ: ਕਾਂਗਰਸ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਦੇ ਨਤੀਜੇ ਪਲਟੇ ਜਾਣ ਮਗਰੋਂ ਅੱਜ ਕਾਂਗਰਸ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਲੋਕਤੰਤਰ ਨੂੰ ‘ਤਾਨਾਸ਼ਾਹ ਭਾਜਪਾ’ ਦੇ ਜਬਾੜੇ ਤੋਂ ਬਚਾਇਆ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੋਣਾਂ ’ਚ ਧਾਂਦਲੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਚੋਣ ਅਧਿਕਾਰੀ ਅਨਿਲ ਮਸੀਹ ਤਾਂ ਸਿਰਫ਼ ਇੱਕ ਮੋਹਰਾ ਸਨ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਸੁਪਰੀਮ ਕੋਰਟ ਨੇ ਲੋਕਤੰਤਰ ਨੂੰ ਤਾਨਾਸ਼ਾਹ ਭਾਜਪਾ ਦੇ ਜਬਾੜੇ ਤੋਂ ਬਚਾਇਆ ਹੈ। ਭਾਜਪਾ ਚੋਣ ’ਚ ਹੇਰਾਫੇਰੀ ਦਾ ਸਹਾਰਾ ਲੈਂਦੀ ਹੈ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਸੰਸਥਾਤਮਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਮੋਦੀ-ਸ਼ਾਹ ਦੀ ਲੋਕਤੰਤਰ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ।’ ਉਨ੍ਹਾਂ ਕਿਹਾ, ‘ਸਾਰੇ ਭਾਰਤੀ ਨਾਗਰਿਕਾਂ ਨੂੰ ਸਾਡੇ ਸੰਵਿਧਾਨ ’ਤੇ ਇਸ ਹਮਲੇ ਦਾ ਮਿਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਕਦੀ ਨਾ ਭੁੱਲੋ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਡਾ ਲੋਕਤੰਤਰ ਚੌਰਾਹੇ ’ਤੇ ਹੋਵੇਗਾ।’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਮੇਅਰ ਦੀਆਂ ਚੋਣਾਂ ’ਚ ਜੋ ਕੁਝ ਵੀ ਹੋਇਆ ਹੈ, ਉਸ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਲੋਕਤੰਤਰ ਦੀ ਹੱਤਿਆ ਦੀ ਭਾਜਪਾਈ ਸਾਜ਼ਿਸ਼ ਵਿੱਚ ਮਸੀਹ ਸਿਰਫ਼ ਮੋਹਰਾ ਹਨ, ਪਿੱਛੇ ਮੋਦੀ ਦਾ ਚਿਹਰਾ ਹੈ।’ ਇਸੇ ਤਰ੍ਹਾਂ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਵੀ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×