ਕੁਲਦੀਪ ਬੇਦੀ ਦੀਆਂ ਦੋ ਪੁਸਤਕਾਂ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਗਸਤ
ਅਦਾਰਾ ‘ਲਕੀਰ’ ਦੇ ਦਫ਼ਤਰ ’ਚ ਸਮਾਗਮ ਦੌਰਾਨ ਕੁਲਦੀਪ ਸਿੰਘ ਬੇਦੀ ਦੀ ਸਵੈ-ਜੀਵਨੀ ‘ਕਥਨਾ ਕਰੜਾ ਸਾਰੁ’ ਅਤੇ ਕਹਾਣੀ ਸੰਗ੍ਰਹਿ ‘ਪੂਰਨ ਅਪੂਰਨ’ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਸਮਾਗਮ ’ਚ ਸ਼ਾਮਲ ਦੇਸ ਰਾਜ ਕਾਲੀ ਨੇ ਬੇਦੀ ਦੀਆਂ ਕਹਾਣੀਆਂ ਬਾਰੇ ਕਿਹਾ ਕਿ ਉਹ ਨਿੱਕੀ ਹੁਨਰੀ ਕਹਾਣੀ ਦਾ ਇਕ ਜਾਣਿਆ ਪਛਾਣਿਆ ਹਸਤਾਖ਼ਰ ਹੈ। ਜੁਗਿੰਦਰ ਸਿੰਘ ਸੰਧੂ ਨੇ ਕਿਹਾ ਕਿ ਬੇਦੀ ਨੇ ਸਵੈ-ਜੀਵਨੀ ਵਿਚ ਆਪਣੇ ਕਿਸੇ ਸੱਚ ਨੂੰ ਲੁਕੋਇਆ ਨਹੀਂ। ਉਸ ਨੇ ਸਮਾਜਿਕ ਅਤੇ ਪਰਿਵਾਰਕ ਪੱਧਰ ’ਤੇ ਵਾਪਰੀ ਹਰ ਘਟਨਾ ਨੂੰ ਨਿਸੰਗ ਹੋ ਕੇ ਪੇਸ਼ ਕੀਤਾ।
ਲੇਖਕ ਕੁਲਦੀਪ ਸਿੰਘ ਬੇਦੀ ਨੇ ਆਪਣੀ ਸਵੈ ਜੀਵਨੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੇ 42 ਸਾਲ ਦੀ ਅਖਬਾਰ ਦੇ ਮੈਗਜ਼ੀਨ ਸੈਕਸ਼ਨ ’ਚ ਕੰਮ ਕਰਦਿਆਂ ਜੋ ਕੁਝ ਮਹਿਸੂਸ ਕੀਤਾ ਉਸ ਨੂੰ ਬਿਆਨ ਕੀਤਾ ਹੈ। ਉਸ ਨੇ ਕਿਹਾ ਕਿ ਅਖਬਾਰੀ ਰੁਝੇਵਿਆਂ ਦੇ ਬਾਵਜੂਦ ਉਸ ਨੇ ਲਗਾਤਾਰ ਸਾਹਿਤ ਦੀ ਰਚਨਾ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਨਾਵਲਕਾਰੀ ਵੱਲ ਆਉਣ ਕਰਕੇ ਉਸ ਨੇ ਕਹਾਣੀਆਂ ਲਿਖਣੀਆਂ ਛੱਡ ਦਿੱਤੀਆਂ ਸਨ ਪਰ ਪਿਛਲੇ ਸਾਲਾਂ ’ਚ ਲਿਖੀਆਂ ਕਹਾਣੀਆਂ ਨੂੰ ‘ਪੂਰਨ ਅਪੂਰਨ’ ਸੰਗ੍ਰਹਿ ’ਚ ਸ਼ਾਮਲ ਕੀਤਾ ਹੈ। ਪੁਸਤਕਾਂ ’ਤੇ ਗੋਸ਼ਟੀਆਂ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ।