ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੁੱਪ ਹੋ ਗਈ ਕੂ

07:52 AM Jul 05, 2024 IST

ਚਾਰ ਕੁ ਸਾਲ ਪਹਿਲਾਂ ਜਦੋਂ ‘ਕੂ’ ਐਪ ਲਾਂਚ ਕੀਤੀ ਗਈ ਸੀ ਤਾਂ ਇਸ ਨੂੰ ਭਾਰਤ ਵਲੋਂ ਟਵਿਟਰ ਦੇ ਬਦਲ ਦੇ ਰੂਪ ਵਿਚ ਪ੍ਰਚਾਰਿਆ ਗਿਆ ਸੀ। ਪਰ ਹੁਣ ਇਸ ਨੂੰ ਫੰਡਾਂ ਦੇ ਸੋਕੇ ਕਾਰਨ ਬੰਦ ਕਰਨਾ ਪੈ ਗਿਆ ਹੈ। ਭਾਰਤੀ ਭਾਸ਼ਾਵਾਂ ਵਿਚ ਵਾਰਤਾਲਾਪ ਕਰਨ ਦੇ ਮੰਤਵ ਨਾਲ ਕੂ ਦੀ ਸ਼ੁਰੂਆਤ ਅਪ੍ਰੇਮਯਾ ਰਾਧਾਕ੍ਰਿਸ਼ਨ ਅਤੇ ਮਾਯੰਕ ਬਿਦਵਾਤਕਾ ਨੇ ਕੀਤੀ ਸੀ ਜਿਸ ਨੂੰ ਭਾਰਤੀ ਬਾਜ਼ਾਰ ਵਿਚ ਟਵਿਟਰ ਦੀ ਧਾਂਕ ਲਈ ਇਕ ਚੁਣੌਤੀ ਤੱਕ ਆਖਿਆ ਜਾ ਰਿਹਾ ਸੀ। ਇਕ ਸਮੇਂ ਇਸ ਦੇ ਰੋਜ਼ਾਨਾ ਸਰਗਰਮ ਵਰਤੋਂਕਾਰਾਂ ਦੀ ਸੰਖਿਆ 21 ਲੱਖ ਦੇ ਅੰਕੜੇ ਨੂੰ ਛੂਹ ਗਈ ਸੀ ਪਰ ਇਸ ਦੇ ਬਾਵਜੂਦ ਕੂ ਦਾ ਸਫ਼ਰ ਚੁਣੌਤੀਪੂਰਨ ਬਣਿਆ ਰਿਹਾ।
ਕੂ ਦੀ ਸ਼ੁਰੂਆਤ 2020 ਵਿਚ ਹੋਈ ਸੀ ਅਤੇ ਛੇਤੀ ਹੀ ਇਹ ਭਾਰਤ ਦੇ ਡਿਜੀਟਲ ਆਤਮਨਿਰਭਰਤਾ ’ਤੇ ਦਿੱਤੇ ਜਾਂਦੇ ਜ਼ੋਰ ਦਾ ਪ੍ਰਤੀਕ ਬਣ ਗਈ ਸੀ। ਫਿਰ ਜਦੋਂ ਸਮੱਗਰੀ ਨੇਮਬੰਦੀ ਨੂੰ ਲੈ ਕੇ ਭਾਰਤ ਸਰਕਾਰ ਅਤੇ ਟਵਿਟਰ ਵਿਚਕਾਰ ਟਕਰਾਅ ਤੇਜ ਹੋ ਗਿਆ ਤਾਂ ਕਈ ਨਾਮੀ ਗਰਾਮੀ ਵਰਤੋਂਕਾਰ ਜਿਨ੍ਹਾਂ ਵਿਚ ਕਈ ਸਰਕਾਰੀ ਅਹਿਲਕਾਰ ਅਤੇ ਮਸ਼ਹੂਰ ਹਸਤੀਆਂ ਵੀ ਸ਼ਾਮਲ ਸਨ, ਇਸ ਨਾਲ ਜੁੜ ਗਏ ਸਨ। ਬਹੁਤ ਸਾਰੇ ਵਰਤੋਂਕਾਰਾਂ ਨੂੰ ਇਸ ਪਲੈਟਫਾਰਮ ਦਾ ਠੇਠ ਲਹਿਜ਼ਾ, ਬਹੁਭਾਸ਼ਾਈ ਸੋਸ਼ਲ ਮੀਡੀਆ ਸਪੇਸ ਕਾਫ਼ੀ ਪਸੰਦ ਆਇਆ ਸੀ। ਉਂਝ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਕੂ ਦੇ ਕਰੀਬੀ ਸਬੰਧ ਹੋਣ ਅਤੇ ਬਾਅਦ ਵਿਚ ਕਈ ਸਿਆਸੀ ਵਿਵਾਦਾਂ ਕਰ ਕੇ ਇਸ ਦੇ ਅਗਲੇਰੇ ਵਿਕਾਸ ਵਿਚ ਅੜਿੱਕੇ ਪੈਦਾ ਹੋਣ ਲੱਗ ਪਏ। ਇਸ ਪਲੈਟਫਾਰਮ ਦੀ ਇਸ ਗੱਲੋਂ ਕਾਫ਼ੀ ਨੁਕਤਾਚੀਨੀ ਹੁੰਦੀ ਰਹੀ ਕਿ ਇਹ ਸੱਜੇ-ਪੱਖੀ ਪ੍ਰਾਪੇਗੰਡਾ ਕਰਨ ਵਾਲਿਆਂ ਲਈ ਜੰਨਤ ਬਣਿਆ ਹੋਇਆ ਹੈ ਜਿਸ ਕਰ ਕੇ ਨਵੇਂ ਵਰਤੋਂਕਾਰ ਇਸ ਨਾਲ ਜੁੜਨ ਤੋਂ ਪਾਸਾ ਵੱਟਣ ਲੱਗ ਪਏ। ਇਸ ਤੋਂ ਇਲਾਵਾ ਬਾਹਰੀ ਫੰਡਾਂ ’ਤੇ ਇਸ ਦੀ ਟੇਕ ਵੀ ਸਮੱਸਿਆ ਬਣ ਗਈ। ਲੰਮਾ ਸਮਾਂ ਫੰਡਾਂ ਦਾ ਸੋਕਾ ਜਾਰੀ ਰਹਿਣ ਅਤੇ ਪ੍ਰਮੁੱਖ ਇੰਟਰਨੈੱਟ ਕੰਪਨੀਆਂ ਨਾਲ ਸਾਂਝ ਭਿਆਲੀ ਲਈ ਗੱਲਬਾਤ ਟੁੱਟਣ ਕਰ ਕੇ ਛੇਤੀ ਹੀ ਇਸ ਦੇ ਪੈਰ ਉੱਖੜ ਗਏ। ਖ਼ਾਸ ਤੌਰ ’ਤੇ ਡੇਲੀਹੰਟ ਨਾਲ ਇਸ ਦੀ ਸੰਧੀ ਟੁੱਟਣ ਕਰ ਕੇ ਕੂ ਦਾ ਕੰਮ-ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਟਾਈਗਰ ਗਲੋਬਲ ਦੀ ਅਗਵਾਈ ਹੇਠ 3 ਕਰੋੜ ਡਾਲਰ ਦੇ ਫੰਡ ਇਕੱਤਰ ਕਰਨ ਦੇ ਬਾਵਜੂਦ ਕੂ ਆਪਣੀ ਪ੍ਰਵਾਜ਼ ਨੂੰ ਉਚਿਆਂ ਨਾ ਲਿਜਾ ਸਕੀ। ਇਸ ਪਲੈਟਫਾਰਮ ਦੇ ਤਕਨੀਕੀ ਫਾਇਦੇ ਅਤੇ ਵਰਤੋਂਕਾਰ ਕੇਂਦਰਤ ਪਹੁੰਚ ਕਿਸੇ ਸੋਸ਼ਲ ਮੀਡੀਆ ਸੇਵਾ ਨੂੰ ਚਲਦਾ ਰੱਖਣ ਲਈ ਲੋੜੀਂਦੀਆਂ ਲਾਗਤਾਂ ਦੀ ਭਰਪਾਈ ਲਈ ਨਾਕਾਫ਼ੀ ਸਾਬਿਤ ਹੋਏ। ਇਸ ਤੋਂ ਇਲਾਵਾ ਮਾਰਕਿਟ ਦੀਆਂ ਤਲਖ਼ ਹਕੀਕਤਾਂ ਹਾਵੀ ਹੋ ਗਈਆਂ ਅਤੇ ਅੰਤ ਨੂੰ ਕੂ ਦਾ ਪਤਨ ਨਿਸ਼ਚਤ ਹੋ ਗਿਆ।
ਕੂ ਦਾ ਪਤਨ ਅੱਤ ਦੀਆਂ ਉਤਸ਼ਾਹੀ ਸਟਾਰਟਅੱਪ ਕੰਪਨੀਆਂ ਲਈ ਇਕ ਸਬਕ ਵੀ ਹੈ। ਹਾਲਾਂਕਿ ਇਸ ਦੇ ਨਜ਼ਰੀਏ ਅਤੇ ਸ਼ੁਰੂਆਤੀ ਸਫ਼ਲਤਾ ਦੀ ਕਾਫੀ ਸਲਾਹੁਤਾ ਹੋਈ ਸੀ ਪਰ ਪਲੈਟਫਾਰਮ ਦੀ ਨਾਕਾਮੀ ਹੰਢਣਸਾਰ ਫੰਡਿੰਗ, ਮਾਰਕਿਟ ਮੁਤਾਬਕ ਢਲਣ ਅਤੇ ਸਥਾਪਤ ਖਿਡਾਰੀਆਂ ਨੂੰ ਚੁਣੌਤੀ ਦੇਣ ਵਿਚ ਔਕੜਾਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਇਸ ਦੇ ਬਾਵਜੂਦ ਕੂ ਦੀ ਕਹਾਣੀ ਨੂੰ ਭਾਰਤ ਦੇ ਡਿਜੀਟਲ ਉਭਾਰ ਦੇ ਇਕ ਕਾਂਡ ਵਜੋਂ ਯਾਦ ਰੱਖਿਆ ਜਾ ਸਕਦਾ ਹੈ।

Advertisement

Advertisement