Kshama Sawant: ਅਮਰੀਕਾ ’ਚ ਜਾਤਪਾਤ ਖ਼ਿਲਾਫ਼ ਕਾਨੂੰਨ ਪਾਸ ਕਰਵਾਉਣ ਵਾਲੀ ਕਸ਼ਮਾ ਸਾਵੰਤ ਨੂੰ ਭਾਰਤੀ ਵੀਜ਼ੇ ਤੋਂ ਨਾਂਹ
ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਭਾਰਤ ਆਉਣਾ ਚਾਹੁੰਦੀ ਹੈ ਕਸ਼ਮਾ; ਉਸ ਵੱਲੋਂ ਪੇਸ਼ ਜਾਤਪਾਤ ਵਿਰੋਧੀ ਕਾਨੂੰਨ ਤੇ ਸੀਏਏ-ਐਨਆਰਸੀ ਖ਼ਿਲਾਫ਼ ਮਤੇ ਅਮਰੀਕੀ ਸੂਬੇ ਵਾਸ਼ਿੰਗਟਲ ਦੇ ਸ਼ਹਿਰ ਸਿਆਟਲ ਦੀ ਸਿਟੀ ਕੌਂਸਲ ਨੇ ਕੀਤੇ ਸਨ ਪਾਸ
ਅਜੈ ਬੈਨਰਜੀ
ਨਵੀਂ ਦਿੱਲੀ, 7 ਫਰਵਰੀ
ਭਾਰਤੀ ਮੂਲ ਦੀ ਸਿਆਟਲ ਸਿਟੀ ਕੌਂਸਲ ਮੈਂਬਰ ਕਸ਼ਮਾ ਸਾਵੰਤ (Indian-origin Seattle City Council member, Kshama Sawant) ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਭਾਰਤ ਫੇਰੀ ਵਾਸਤੇ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।ਗ਼ੌਰਤਲਬ ਹੈ ਕਿ ਉਸ ਨੇ ਅਮਰੀਕਾ ਦੇ ਵਾਸ਼ਿੰਗਟਲ ਸੂਬੇ ਵਿਚ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਵਾਇਆ ਸੀ।
ਉਸ ਨੇ ਕਿਹਾ ਕਿ ਇਸ ਕਾਰਨ ਉਸ ਨੂੰ ਭਾਰਤ ਸਰਕਾਰ ਦੀ ‘ਵੀਜ਼ਾ ਨਾ ਦੇਣ’ ਵਾਲੀ ਸੂਚੀ ਵਿੱਚ ਰੱਖਿਆ ਗਿਆ ਹੈ। ਉਸ ਨੂੰ ਬੀਤੇ ਸਾਲ ਤੋਂ ਤੀਜੀ ਵਾਰ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ।
ਭਾਰਤ ਦੇ ਸਿਆਟਲ ਸਥਿਤ ਕੌਂਸਲਖ਼ਾਨੇ (Indian Consulate in Seattle) ਦੀ ਇਸ ਕਾਰਵਾਈ ਖ਼ਿਲਾਫ਼ ਸਾਵੰਤ ਅਤੇ ਉਸਦੀ ਸੰਸਥਾ ‘ਵਰਕਰਜ਼ ਸਟ੍ਰਾਈਕ ਬੈਕ’ (Workers Strike Back) ਦੇ ਮੈਂਬਰਾਂ ਨੇ ਭਾਰਤੀ ਕੌਂਸਲੇਟ ਵਿਖੇ ਧਰਨਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਪ੍ਰਦਰਸ਼ਨ ਨੂੰ ‘ਸ਼ਾਂਤਮਈ ਸਿਵਲ ਅਵੱਗਿਆ’ ਕਰਾਰ ਦਿੱਤਾ।
ਦੂਜੇ ਪਾਸੇ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਨਾਲ ਸਿੱਝਣ ਲਈ ਸਥਾਨਕ ਪੁਲੀਸ ਨੂੰ ਬੁਲਾ ਲਿਆ।
ਬੀਬੀ ਸਾਵੰਤ ਨੇ ‘ਐਕਸ’ (X) ਉਤੇ ਪਾਈ ਇਕ ਪੋਸਟ ਵਿਚ ਕੀਤਾ, "ਮੈਂ ਅਤੇ ਮੇਰੇ ਪਤੀ ਸਿਆਟਲ ਸਥਿਤ ਭਾਰਤੀ ਕੌਂਸਲੇਟ ਵਿੱਚ ਹਾਂ। ਉਨ੍ਹਾਂ ਨੇ ਮੇਰੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਤਾਂ ਐਮਰਜੈਂਸੀ ਵੀਜ਼ਾ ਦੇ ਦਿੱਤਾ, ਪਰ ਮੇਰਾ ਵੀਜ਼ਾ ਰੱਦ ਕਰ ਦਿੱਤਾ, ਸਾਫ਼ ਕਿਹਾ ਕਿ ਮੇਰਾ ਨਾਮ 'ਰੱਦ ਸੂਚੀ’ ਵਿੱਚ ਹੈ।"
ਉਸ ਨੇ ਕਿਹਾ, "ਉਹ ਇਸ ਬਾਰੇ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਕਿਉਂ। ਅਸੀਂ ਜਾਣ ਤੋਂ ਇਨਕਾਰ ਕਰ ਰਹੇ ਹਾਂ। ਉਹ ਸਾਡੇ 'ਤੇ ਪੁਲੀਸ ਬੁਲਾਉਣ ਦੀ ਧਮਕੀ ਦੇ ਰਹੇ ਹਨ।"
A Consular officer said I'm being denied a visa coz I'm on Modi govt's "reject list."
It's clear why.
My socialist City Council office passed a resolution condemning Modi's anti-Muslim anti-poor CAA-NRC citizenship law. We also won a historic ban on caste discrimination.…
— Kshama Sawant (@cmkshama) February 7, 2025
ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ X 'ਤੇ ਇਸ ਸਬੰਧੀ ਆਪਣਾ ਪੱਖ ਪੋਸਟ ਕਰਦੇ ਹੋਏ ਕਿਹਾ, "ਕੌਂਸਲੇਟ ਨੂੰ ਦਫਤਰੀ ਸਮੇਂ ਤੋਂ ਬਾਅਦ ਕੁਝ ਵਿਅਕਤੀਆਂ ਦੁਆਰਾ ਕੌਂਸਲੇਟ ਅਹਾਤੇ ਵਿੱਚ ਅਣਅਧਿਕਾਰਤ ਦਾਖ਼ਲੇ ਕਾਰਨ ਪੈਦਾ ਹੋਈ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਿਆ ਸੀ।"
ਕੌਂਸਲਖ਼ਾਨੇ ਨੇ ਹੋਰ ਕਿਹਾ, "ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਇਨ੍ਹਾਂ ਲੋਕਾਂ ਨੇ ਕੌਂਸਲੇਟ ਅਹਾਤੇ ਤੋਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕੌਂਸਲੇਟ ਸਟਾਫ ਨਾਲ ਹਮਲਾਵਰ ਅਤੇ ਧਮਕੀ ਭਰਿਆ ਵਿਵਹਾਰ ਕੀਤਾ। ਸਾਨੂੰ ਸਥਿਤੀ ਨਾਲ ਸਿੱਝਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ। ਘੁਸਪੈਠ ਕਰਨ ਵਾਲਿਆਂ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।"
ਸਾਵੰਤ ਨੇ ਇੱਕ ਹੋਰ X ਪੋਸਟ ਵਿੱਚ ਕੀਤਾ, "ਇੱਕ ਕੌਂਸਲਰ ਅਧਿਕਾਰੀ ਨੇ ਕਿਹਾ ਕਿ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਸਰਕਾਰ ਦੀ 'ਰੱਦ ਸੂਚੀ' ਵਿੱਚ ਹਾਂ।"
ਉਸ ਨੇ ਕਿਹਾ ਕਿ ਸਿਆਟਲ ਸਿਟੀ ਕੌਂਸਲ ਵਿੱਚ ਇੱਕ ਮਤਾ ਪੇਸ਼ ਕਰਨ ਕਾਰਨ ਉਸਨੂੰ ਵੀਜ਼ਾ ‘ਰੱਦ ਸੂਚੀ' ਵਿੱਚ ਰੱਖਿਆ ਗਿਆ। ਉਸ ਨੇ ਕਿਹਾ, "ਇਹ ਸਾਫ਼ ਹੀ ਹੈ ਕਿ ਕਿਉਂ।" ਕਸ਼ਮਾ ਦਾ ਕਹਿਣਾ ਸੀ, "ਮੇਰੇ ਸਮਾਜਵਾਦੀ ਸਿਟੀ ਕੌਂਸਲ ਦਫ਼ਤਰ ਨੇ ਮੋਦੀ ਦੇ ਮੁਸਲਿਮ-ਵਿਰੋਧੀ ਗਰੀਬ-ਵਿਰੋਧੀ CAA-NRC ਨਾਗਰਿਕਤਾ ਕਾਨੂੰਨ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ। ਅਸੀਂ ਜਾਤੀ ਵਿਤਕਰੇ ਖ਼ਿਲਾਫ਼ ਵੀ ਇਤਿਹਾਸਕ ਪਾਬੰਦੀ ਲਈ ਜਿੱਤ ਹਾਸਲ ਕੀਤੀ।"
CAA ਦਾ ਭਾਵ ਹੈ, ਭਾਰਤੀ ਸੰਸਦ ਵੱਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ, 2019 ਅਤੇ NRC ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਹੈ। ਸਿਆਟਲ ਸਿਟੀ ਕੌਂਸਲ ਨੇ 2023 ਵਿੱਚ ਸਾਵੰਤ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦੇ ਅਧਾਰ ’ਤੇ ਸ਼ਹਿਰ ਦੇ ਵਿਤਕਰੇ ਵਿਰੋਧੀ ਕਾਨੂੰਨਾਂ ਵਿੱਚ ਜਾਤੀ ਵਿਤਕਰੇ ਨੂੰ ਸ਼ਾਮਲ ਕੀਤਾ ਸੀ ਅਤੇ ਇਸ ਤਰ੍ਹਾਂ ਸਿਆਟਲ ਜਾਤਪਾਤ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣ ਗਿਆ ਅਤੇ ਦੱਖਣੀ ਏਸ਼ੀਆ ਤੋਂ ਬਾਹਰ ਅਜਿਹਾ ਕਾਨੂੰਨ ਪਾਸ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ।
ਇਸ ਕਾਨੂੰਨ ਜੋ ਕਿ ਜਾਤ ਦੇ ਆਧਾਰ 'ਤੇ ਵਿਤਕਰੇ ਨੂੰ ਗੈਰ-ਕਾਨੂੰਨੀ ਠਹਿਰਾਉਂਦਾ ਹੈ, ਨੂੰ ਅਮਰੀਕਾ ਵਿੱਚ ਦੱਖਣੀ ਏਸ਼ੀਆਈ ਭਾਈਚਾਰਿਆਂ ਦਾ ਭਾਰੀ ਸਮਰਥਨ ਪ੍ਰਾਪਤ ਹੋਇਆ। ਹਾਲਾਂਕਿ ਇਸ ਅੰਦੋਲਨ ਨੂੰ ਕੁਝ ਭਾਰਤੀਆਂ ਤੇ ਅਮਰੀਕੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੀ ਦਲੀਲ ਸੀ ਕਿ ਅਜਿਹਾ ਕਾਨੂੰਨ ਇੱਕ ਖਾਸ ਭਾਈਚਾਰੇ ਨੂੰ ਬਦਨਾਮ ਕਰਨ ਵਾਲਾ ਹੈ।