‘ਕ੍ਰਿਸ਼ 4’: ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖੇਗਾ ਰਿਤਿਕ
ਮੁੰਬਈ: ਬੌਲੀਵੁੱਡ ਸੁਪਰਸਟਾਰ ਰਿਤਿਕ ਰੌਸ਼ਨ ਆਪਣੀ ਫ਼ਿਲਮ ‘ਕ੍ਰਿਸ਼ 4’ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਿਹਾ ਹੈ। ਇਹ ਉਸ ਦੀ ਬਲਾਕਸਟਰ ਫ਼ਿਲਮ ‘ਕ੍ਰਿਸ਼’ ਦਾ ਅਗਲਾ ਭਾਗ ਹੈ। ਫ਼ਿਲਮ ਨਿਰਮਾਤਾਵਾਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਰਾਕੇਸ਼ ਰੌਸ਼ਨ ਦੇ ‘ਫਿਲਮਕਰਾਫਟ ਪ੍ਰੋਡਕਸ਼ਨ’ ਨਾਲ ਮਿਲ ਕੇ ਯਸ਼ ਰਾਜ ਫਿਲਮਜ਼ (ਵਾਈਆਰਐੱਫ) ਦੇ ਬੈਨਰ ਹੇਠ ਬਣਾਈ ਜਾਵੇਗੀ। ਫਿਲਮ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਯੋਜਨਾ ਹੈ। ‘ਕ੍ਰਿਸ਼’ ਦੇ ਪਹਿਲੇ ਤਿੰਨ ਭਾਗਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਰਿਤਿਕ ਨੇ ਆਪਣੇ ਪਿਤਾ ਰਾਕੇਸ਼ ਤੋਂ ਇਸ ਫ਼ਿਲਮ ਦੇ ਨਿਰਦੇਸ਼ਨ ਦੀ ਕਮਾਨ ਲੈ ਲਈ ਹੈ। ਰਾਕੇਸ਼ ਨੇ ਕਿਹਾ, ‘‘ਮੈਂ ‘ਕ੍ਰਿਸ਼ 4’ ਦੇ ਨਿਰਦੇਸ਼ ਦੀ ਕਮਾਨ ਆਪਣੇ ਪੁੱਤਰ ਰਿਤਿਕ ਨੂੰ ਸੌਂਪ ਰਿਹਾ ਹਾਂ ਜਿਸ ਨੇ ਇਸ ਲੜੀ ਵਿੱਚ ਸ਼ੁਰੂ ਤੋਂ ਹੀ ਮੇਰੇ ਨਾਲ ਕੰਮ ਕੀਤਾ ਹੈ, ਤਜਰਬਾ ਹਾਸਲ ਕੀਤਾ ਹੈ ਅਤੇ ਇਸ ਦੇ ਸੁਫ਼ਨੇ ਦੇਖੇ ਹਨ। ਰਿਤਿਕ ਕੋਲ ਅਗਲੇ ਦਹਾਕਿਆਂ ਤੱਕ ਦਰਸ਼ਕਾਂ ਲਈ ‘ਕ੍ਰਿਸ਼’ ਦੇ ਸਫ਼ਰ ਨੂੰ ਅੱਗੇ ਵਧਾਉਣ ਦਾ ਸਪਸ਼ਟ ਤੇ ਬਹੁਤ ਹੀ ਉਤਸ਼ਾਹ ਵਾਲਾ ਨਜ਼ਰੀਆ ਹੈ। ਮੈਨੂੰ ਉਸ ਨੂੰ ਅਜਿਹੀ ਫ਼ਿਲਮ ਦਾ ਨਿਰਦੇਸ਼ਕ ਬਣਦਿਆਂ ਦੇਖਣਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਸਾਲ 2003 ਵਿੱਚ ‘ਕੋਈ ਮਿਲ ਗਿਆ...’ ਫ਼ਿਲਮ ਰਿਲੀਜ਼ ਹੋਈ ਸੀ, ਜਿਸ ਦਾ ਅਗਲਾ ਭਾਗ ਸਾਲ 2006 ਵਿੱਚ ‘ਕ੍ਰਿਸ਼’ ਵਜੋਂ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਦੇ ਸਾਲ 2013 ਵਿੱਚ ਰਿਲੀਜ਼ ਹੋਏ ਤੀਸਰੇ ਭਾਗ ਨੂੰ ‘ਕ੍ਰਿਸ਼ 3’ ਦਾ ਨਾਮ ਦਿੱਤਾ ਗਿਆ ਸੀ। ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ। -ਪੀਟੀਆਈ