ਕ੍ਰਿਸ਼ੀ ਵਿਗਿਆਨ ਕੇਂਦਰ ਦਾਮਲਾ ਨੇ ਅੰਬ ਦਿਵਸ ਮਨਾਇਆ
ਦਵਿੰਦਰ ਸਿੰਘ
ਯਮੁਨਾਨਗਰ, 25 ਜੁਲਾਈ
ਕ੍ਰਿਸ਼ੀ ਵਿਗਿਆਨ ਕੇਂਦਰ ਦਾਮਲਾ ਵੱਲੋਂ ਪਿੰਡ ਬਕਾਨਾ ਵਿੱਚ ਅੰਬ ਦਿਵਸ ਮਨਾਇਆ ਗਿਆ ਜਿਸ ਵਿੱਚ ਲਗਪਗ 30 ਪ੍ਰਗਤੀਸ਼ੀਲ ਕਿਸਾਨਾਂ ਨੇ ਹਿੱਸਾ ਲਿਆ । ਪ੍ਰੋਗਰਾਮ ਵਿੱਚ ਕੇਂਦਰ ਦੇ ਪ੍ਰਿੰਸੀਪਲ ਸੀਨੀਅਰ ਵਿਗਿਆਨਕ ਡਾ. ਸੁਲੇਮਾਨ ਮੁਹੰਮਦ ਨੇ ਕਿਹਾ ਕਿ ਕਿਸਾਨ ਅੰਬਾਂ ਦੇ ਬਾਗਾਂ ਵਿੱਚ ਹਲਦੀ ਲਗਾ ਕੇ ਮੁਨਾਫਾ ਕਮਾ ਸਕਦੇ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਯਮੁਨਾਨਗਰ ਵਿੱਚ ਕਿਸਾਨਾਂ ਨੇ ਦੁਸ਼ਹਿਰੀ, ਲੰਗੜਾ ਆਦਿ ਅੰਬ ਦੀਆਂ ਕਿਸਮਾਂ ਦੀ ਖੇਤੀ ਕੀਤੀ ਹੋਈ ਹੈ, ਜਿਸ ਤੇ ਇਕ ਸਾਲ ਜ਼ਿਆਦਾ ਅਤੇ ਦੂਜੇ ਸਾਲ ਘੱਟ ਫਲ ਆਉਂਦੇ ਹਨ। ਇਸ ਕਾਰਨ ਕਿਸਾਨਾਂ ਨੂੰ ਮੁਨਾਫਾ ਘੱਟ ਹੁੰਦਾ ਹੈ । ਉਨ੍ਹਾਂ ਕਿਸਾਨਾਂ ਨੂੰ ਸਾਲ ਭਰ ਫਲ ਦੇਣ ਵਾਲੀਆਂ ਅਮਰਪਾਲੀ, ਮੱਲਿਕਾ, ਪੂਸਾ ਪਿਤਾਂਬਰ, ਪੂਸਾ ਪ੍ਰਤਿਭਾ, ਪੂਸਾ ਲਾਲਿਮਾ ਅਤੇ ਸੂਰਿਆ ਵਰਗੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ।
ਪਾਰਕ ਵਿੱਚ ਕੇਂਦਰੀ ਰਾਜ ਮੰਤਰੀ ਨੇ ਪੌਦੇ ਲਾਏ
ਫਰੀਦਾਬਾਦ (ਪੱਤਰ ਪ੍ਰੇਰਕ): ਕੇਂਦਰੀ ਰਾਜ ਮੰਤਰੀ ਤੇ ਸਥਾਨਕ ਲੋਕ ਸਭਾ ਮੈਂਬਰ ਕ੍ਰਿਸ਼ਨਪਾਲ ਗੁੱਜਰ ਵੱਲੋਂ ਸੈਕਟਰ-31 ਵਿੱਚ ਦੀਨ ਦਿਆਲ ਉਪਾਧਿਆਏ ਟਾਊਨ ਪਾਰਕ ਤੇ ਸੈਕਟਰ-31 ਵਿੱਚ ਬਣ ਰਹੇ ਸਟੇਡੀਅਮ ਵਿੱਚ ਪੌਦੇ ਲਾਏ ਗਏ। ਉਨ੍ਹਾਂ ਕਿਹਾ ਕਿ ਦਰੱਖ਼ਤਾਂ ਦਾ ਮਨੁੱਖ ਨਾਲ ਪੰਘੂੜੇ ਤੋਂ ਸਿਵਿਆਂ ਤਕ ਸਾਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਸਮ ਵੱਜੋਂ ਪੌਦੇ ਲਾ ਦੇਣ ਨਾਲ ਹੀ ਨਹੀਂ ਸਗੋਂ ਉਨ੍ਹਾਂ ਦੀ ਦੇਖ-ਭਾਲ ਕਰਕੇ ਵੱਡੇ ਦਰੱਖ਼ਤ ਬਣਨ ਤੱਕ ਸਾਂਭ ਕਰਨ ਦਾ ਜ਼ਿੰਮਾ ਲੈਣਾ ਚਾਹੀਦਾ ਹੈ। ਰਾਜ ਮੰਤਰੀ ਨੇ ਦੱਸਿਆ ਕਿ ਪਾਰਕ ਤੇ ਸਟੇਡੀਅਮ ਵਿੱਚ ਦਸ਼ਹਿਰੀ ਅੰਬ, ਰੁਦਰਾਖ਼ਸ਼, ਪਾਂਡਾ ਸਾਈਕਸ ਵਰਗੇ 200 ਪੌਦੇ ਲਾਏ ਗਏ ਹਨ। ਇਹ ਦਰੱਖ਼ਤ ਛਾਂ ਦੇਣ ਦੇ ਨਾਲ-ਨਾਲ ਫਲ ਵੀ ਦੇਣਗੇ। ਇਸ ਮੌਕੇ ਇਲਾਕੇ ਦੇ ਭਾਜਪਾ ਆਗੂਆਂ ਤੋਂ ਇਲਾਵਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਵਧੀਕ ਮੁੱਖ ਇੰਜਨੀਅਰ ਯਾਜੇਸ਼ ਮਹਿਰਾ, ਐਕਸ਼ੀਅਨ ਜੋਗੀਰਾਮ ਚੌਹਾਨ, ਐੱਸਡੀਓ ਨਰੇਸ਼ ਕੁਮਾਰ ਤੇ ਹੋਰ ਲੋਕ ਹਾਜ਼ਰ ਸਨ।