For the best experience, open
https://m.punjabitribuneonline.com
on your mobile browser.
Advertisement

ਕੇਪੀ ਸ਼ਰਮਾ ਓਲੀ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

07:35 AM Jul 16, 2024 IST
ਕੇਪੀ ਸ਼ਰਮਾ ਓਲੀ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ
ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲੈਂਦੇ ਹੋਏ ਕੇਪੀ ਓਲੀ। -ਫੋਟੋ: ਪੀਟੀਆਈ
Advertisement

ਕਾਠਮੰਡੂ, 15 ਜੁਲਾਈ
ਕੇਪੀ ਸ਼ਰਮਾ ਓਲੀ ਨੇ ਅੱਜ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਨਵੀਂ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਓਲੀ ਨੂੰ ਦੇਸ਼ ਵਿਚ ਸਿਆਸੀ ਸਥਿਰਤਾ ਮੁਹੱਈਆ ਕਰਵਾਉਣ ਜਿਹੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਨੇਪਾਲ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦੇ ਆਗੂ ਓਲੀ ਨੂੰ ਐਤਵਾਰ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਓਲੀ (72) ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਥਾਂ ਲੈ ਰਹੇ ਹਨ, ਜੋ ਸ਼ੁੱਕਰਵਾਰ ਨੂੰ ਸੰਸਦ ਵਿਚ ਭਰੋਸੇ ਦਾ ਵੋਟ ਹਾਰ ਗਏ ਸਨ। ਰਾਸ਼ਟਰਪਤੀ ਪੌਡੇਲ ਨੇ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ (ਸੀਪੀਐੱਨ-ਯੂਐੱਮਐੱਲ) ਦੇ ਚੇਅਰਮੈਨ ਓਲੀ ਨੂੰ ਇਥੇ ਸ਼ੀਤਲ ਨਿਵਾਸ ਵਿਚ ਹਲਫ਼ ਦਿਵਾਇਆ। ਹਲਫ਼ਦਾਰੀ ਸਮਾਗਮ ਮਿੱਥੇ ਨਾਲੋਂ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਨਿਊਜ਼ ਪੋਰਟਲ ‘ਮਾਈਰਿਪਬਲਿਕਾ’ ਮੁਤਾਬਕ ਹਲਫ਼ਦਾਰੀ ਸਮਾਗਮ ਵਿਚ ਦੇਰੀ ਹੋਈ ਕਿਉਂਕਿ ਨੇਪਾਲੀ ਕਾਂਗਰਸ ਪਾਰਟੀ ਵਿਚਲੇ ਅੰਦਰੂਨੀ ਕਲੇਸ਼ ਕਰਕੇ ਸਰਕਾਰ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਵਿਚ ਨਾਕਾਮ ਰਹੀ। ਹਲਫ਼ਦਾਰੀ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਦੋ ਉਪ ਪ੍ਰਧਾਨ ਮੰਤਰੀਆਂ- ਪ੍ਰਕਾਸ਼ ਮਾਨ ਸਿੰਘ ਤੇ ਬਿਸ਼ਨੂ ਪੌਡੇਲ ਤੇ 19 ਹੋਰਨਾਂ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਸਿੰਘ ਨੂੰ ਜਿੱਥੇ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ, ਉਥੇ ਵਿਸ਼ਨੂ ਪ੍ਰਕਾਸ਼ ਪੌਡੇਲ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਕੈਬਨਿਟ ਵਿਚ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਦੀ ਪਤਨੀ ਆਰਜ਼ੂ ਰਾਣਾ ਦਿਓਬਾ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਕੈਬਨਿਟ ਵਿਚ 10 ਮੰਤਰੀ ਨੇਪਾਲੀ ਕਾਂਗਰਸ, 8 (ਪ੍ਰਧਾਨ ਮੰਤਰੀ ਨੂੰ ਛੱਡ ਕੇ) ਸੀਪੀਐੱਨ-ਯੂਐੱਮਐੱਲ, ਦੋ ਜਨਤਾ ਸਮਾਜਵਾਦੀ ਪਾਰਟੀ ਤੇ ਇਕ ਲੋਕਤਾਂਤਰਿਕ ਸਮਾਜਵਾਦੀ ਪਾਰਟੀ ਦੇ ਹਨ। -ਪੀਟੀਆਈ

Advertisement

‘ਭਾਰਤ-ਨੇਪਾਲ ਰਿਸ਼ਤਿਆਂ ਦੀ ਮਜ਼ਬੂਤੀ ਲਈ ਵਚਨਬੱਧ’

ਕਾਠਮੰਡੂ: ਨੇਪਾਲ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅੱਜ ਕਿਹਾ ਕਿ ਉਹ ਨੇਪਾਲ-ਭਾਰਤ ਰਿਸ਼ਤਿਆਂ ਦੀ ਮਜ਼ਬੂਤੀ ਤੇ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ। ਓਲੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੇ ਵਧਾਈ ਸੰਦੇਸ਼ ਦੇ ਹਵਾਲੇ ਨਾਲ ਬੋਲ ਰਹੇ ਸਨ। ਓਲੀ ਨੇ ਸ੍ਰੀ ਮੋਦੀ ਵੱਲੋਂ ਭੇਜੀਆਂ ਨਿੱਘੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। -ਪੀਟੀਆਈ

Advertisement

ਓਲੀ ਦੀ ਨਿਯੁਕਤੀ ਖਿਲਾਫ਼ ਸੁਪਰੀਮ ਕੋਰਟ ’ਚ ਰਿੱਟ ਪਟੀਸ਼ਨ ਦਾਇਰ

ਕਾਠਮੰਡੂ: ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕੇਪੀ ਸ਼ਰਮਾ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀ ਰਿੱਟ ਪਟੀਸ਼ਨ ਨੇਪਾਲ ਦੀ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਗਈ ਹੈ। ਤਿੰਨ ਵਕੀਲਾਂ- ਦੀਪਕ ਅਧਿਕਾਰੀ, ਖਾਗੇਂਦਰ ਪ੍ਰਸਾਦ ਚਪਾਗੇਨ ਤੇ ਸ਼ੈਲੇਂਦਰ ਕੁਮਾਰ ਗੁਪਤਾ ਵੱਲੋਂ ਦਾਇਰ ਰਿੱਟ ਪਟੀਸ਼ਨ ਵਿਚ ਓਲੀ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਨੂੰ ਗੈਰਸੰਵਿਧਾਨਕ ਦੱਸਿਆ ਗਿਆ ਹੈ। ਵਕੀਲਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਦੀ ਧਾਰਾ 76(2) ਤਹਿਤ ਜਦੋਂ ਕੋਈ ਸਰਕਾਰ ਸੰਸਦ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਨਾਕਾਮ ਰਹਿੰਦੀ ਹੈ ਤਾਂ ਧਾਰਾ 76(3) ਤਹਿਤ ਨਵੀਂ ਸਰਕਾਰ ਦੇ ਗਠਨ ਦਾ ਸੱਦਾ ਦਿੱਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਦੀ ਤਰੀਕ 21 ਜੁਲਾਈ ਰੱਖੀ ਹੈ। -ਪੀਟੀਆਈ

Advertisement
Author Image

joginder kumar

View all posts

Advertisement