ਕੋਠੀ ਵਿਵਾਦ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜੁਲਾਈ
ਪਰਵਾਸੀ ਪੰਜਾਬੀ ਦੀ ਸਥਾਨਕ ਹੀਰਾ ਬਾਗ ਸਥਿਤ ਕੋਠੀ ਦੇ ਜਾਅਲੀ ਮੁਖਤਿਆਰਨਾਮੇ ਦੇ ਆਧਾਰ ’ਤੇ ਕਰਵਾਈ ਰਜਿਸਟਰੀ ਅਤੇ ਕਬਜ਼ੇ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦੇ ਘਿਰਾਓ ਲਈ ਤਿਆਰੀਆਂ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਇਥੇ 31 ਜੁਲਾਈ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸ਼ਾਮਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਨਿ ’ਤੇ ਕੋਠੀ ’ਤੇ ਕਬਜ਼ਾ ਕਰਨ ਵਾਲੇ ਮਾਫੀਏ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੱਖੇ ਐੱਸਐੱਸਪੀ ਦਫ਼ਤਰ ਦੇ ਘਿਰਾਓ ‘ਚ ਉਨ੍ਹਾਂ ਦੀ ਜਥੇਬੰਦੀ ਪੂਰੇ ਜ਼ੋਰ ਸ਼ੋਰ ਨਾਲ ਸ਼ਾਮਲ ਹੋਵੇਗੀ। ਮੀਟਿੰਗ ‘ਚ ਇਸ ਮਾਮਲੇ ਵਿੱਚ ਸਿਟ ਬਨਾਉਣ ਦੇ ਬਾਵਜੂਦ ਅਜੇ ਤਕ ਕੋਈ ਕਾਨੂੰਨੀ ਕਾਰਵਾਈ ਨਾ ਹੋਣ ’ਤੇ ਵੀ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਮੀਟਿੰਗ ’ਚ ਚਰਚਾ ਤੋਂ ਬਾਅਦ ਸਵਾਲ ਕੀਤਾ ਗਿਆ ਕਿ ਕੀ ਇਕ ਕਿਰਾਏਦਾਰ ਕੋਠੀ ‘ਚ ਲੱਖਾਂ ਰੁਪਏ ਖਰਚ ਕੇ ਨਕਸ਼ਾ ਬਦਲ ਸਕਦਾ ਹੈ, ਹੋਰ ਉਸਾਰੀ ਕਰਨ ਦਾ ਅਧਿਕਾਰ ਰੱਖਦਾ ਹੈ। ਉਨ੍ਹਾਂ ਕਿਹਾ ਇਹ ਇਸ ਕੇਸ ‘ਚ ਸ਼ਾਮਲ ਸਾਰੇ ਦੋਸ਼ੀਆਂ ਦਾ ਦੋਸ਼ ਚਿੱਟੇ ਦਨਿ ਵਾਂਗ ਸਾਫ ਹੈ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਅਜੇ ਤਕ ਮੁਲਜ਼ਮ ਅਸ਼ੋਕ ਕੁਮਾਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਮੀਟਿੰਗ ‘ਚ 12 ਅਗਸਤ ਨੂੰ ਮਹਿਲ ਕਲਾਂ ਵਿੱਚ ਸ਼ਹੀਦ ਬੱਚੀ ਕਿਰਨਜੀਤ ਦੇ ਬਰਸੀ ਸਮਾਗਮ ਵਿੱਚ ਵੀ ਜ਼ੋਰ ਸ਼ੋਰ ਨਾਲ ਪੰਹੁਚਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ‘ਚ ਦਵਿੰਦਰ ਸਿੰਘ ਕਾਉਂਕੇ, ਬੇਅੰਤ ਸਿੰਘ ਬਾਣੀਏਵਾਲ, ਇੰਦਰਜੀਤ ਸਿੰਘ ਗੋਰਸੀਆਂ, ਹਾਕਮ ਰਾਏ, ਗੁਰਮੇਲ ਸਿੰਘ ਭਰੋਵਾਲ, ਪਾਲ ਸਿੰਘ ਡੱਲਾ, ਸਾਬਕਾ ਸਰਪੰਚ ਬਹਾਦਰ ਸਿੰਘ ਡੱਲਾ, ਤਰਸੇਮ ਸਿੰਘ ਬੱਸੂਵਾਲ ਸ਼ਾਮਲ ਸਨ।