ਕੋਠੀ ਵਿਵਾਦ: ਐਕਸ਼ਨ ਕਮੇਟੀ ਦੇ ਧਰਨੇ ਵਿੱਚ ਪੁੱਜੇ ਡੀਐੱਸਪੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਜੁਲਾਈ
ਇਥੇ ਐਨਆਰਆਈ ਦੀ ਕੋਠੀ ‘ਤੇ ਕਬਜ਼ੇ ਦੇ ਮਾਮਲੇ ’ਚ ਜਲਦ ਵੱਡੀ ਕਾਰਵਾਈ ਹੋਣ ਦੇ ਆਸਾਰ ਹਨ। ਜਾਅਲੀ ਮੁਖਤਿਆਰਨਾਮੇ ਦੇ ਆਧਾਰ ‘ਤੇ ਰਜਿਸਟਰੀ ਅਤੇ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮਨਜ਼ੂਰੀ ਮੰਗੀ ਹੈ। ਮਨਜ਼ੂਰੀ ਮਿਲਦਿਆਂ ਹੀ ਤਹਿਸੀਲਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਆਵੇਗੀ। ਇਹ ਜਾਣਕਾਰੀ ਖੁਦ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦਿੱਤੀ।
ਐਨਆਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਵਲੋਂ ਅੱਜ ਦਿੱਤੇ ਧਰਨੇ ‘ਚ ਪਹੁੰਚ ਕੇ ਡੀਐੱਸਪੀ ਨੇ ਜ਼ਿਲ੍ਹਾ ਪੁਲੀਸ ਮੁਖੀ ਦਾ ਸੁਨੇਹਾ ਸਾਂਝਾ ਕੀਤਾ। ਪੁਲੀਸ ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਮਗਰੋਂ ਐਕਸ਼ਨ ਕਮੇਟੀ ਨੇ ਪੰਦਰਾਂ ਦਿਨ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਲਿਆ। ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਅਮਲ ‘ਚ ਲਿਆਂਦੇ ਜਾਣ ‘ਤੇ ਕੁਝ ਹੋਰਨਾਂ ਦੇ ਵੀ ‘ਰਗੜੇ’ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਕੋਠੀ ‘ਤੇ ਕਬਜ਼ੇ ‘ਚ ਸਿੱਧੀ-ਅਸਿੱਧੀ ਕੋਈ ਵੀ ਭੂਮਿਕਾ ਰਹੀ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਡੀਐੱਸਪੀ ਵਿਰਕ ਨੇ ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਲਈ ਡੀਸੀ ਤੋਂ ਮਨਜ਼ੂਰੀ ਮੰਗੀ ਹੋਣ ਦੀ ਪੁਸ਼ਟੀ ਕੀਤੀ। ਪੀੜਤ ਐਨਆਰਆਈ ਅਮਰਜੀਤ ਕੌਰ ਧਾਲੀਵਾਲ ਦੀ ਮੌਜੂਦਗੀ ‘ਚ ਰੇਲਵੇ ਪੁਲ ਹੇਠਾਂ ਦਿੱਤੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਡਾ. ਗੁਲਜ਼ਾਰ ਸਿੰਘ ਪੰਧੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਬੀਕੇਯੂ (ਡਕੌਂਦਾ) ਦੇ ਜਗਤਾਰ ਸਿੰਘ ਦੇਹੜਕਾ, ਉਗਰਾਹਾਂ ਧੜੇ ਦੇ ਬਲਦੇਵ ਸਿੰਘ ਰਸੂਲਪੁਰ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਤਕ ਇਹ ਸੰਘਰਸ਼ ਜਾਰੀ ਰਹੇਗਾ। ਜਾਅਲੀ ਮੁਖਤਿਆਰਨਾਮਾ ਤਿਆਰ ਕਰਨ ਤੋਂ ਕਬਜ਼ਾ, ਰਜਿਸਟਰੀ, ਇੰਤਕਾਲ ਕਰਨ ਵਾਲੇ ਹਰੇਕ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰਗੀ। ਉਨ੍ਹਾਂ ਪੰਦਰਾਂ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਾਰਵਾਈ ਨਾ ਹੋਣ ‘ਤੇ ਸੂਬਾ ਪੱਧਰੀ ਧਰਨੇ ਦੀ ਤਾੜਨਾ ਕੀਤੀ। ਇਸ ਸਮੇਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੁਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਸਾਂਝਾ ਸਿਵਲ ਕੋਡ ਰੱਦ ਕਰਨ, ‘ਚਿੱਟੇ’ ਸਮੇਤ ਹੋਰਨਾਂ ਨਸ਼ਿਆਂ ਨੂੰ ਰੋਕਣ, ਹੜ੍ਹ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ ਅਤੇ ਮਨੀਪੁਰ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਧਰਨੇ ‘ਚ ਤਰਲੋਚਨ ਸਿੰਘ ਝੋਰੜਾਂ, ਇੰਦਰਜੀਤ ਧਾਲੀਵਾਲ, ਚਮਕੌਰ ਸਿੰਘ ਬਰਮੀ, ਭਰਪੂਰ ਸਿੰਘ ਸਵੱਦੀ, ਹੁਕਮਰਾਜ ਦੇਹੜਕਾ, ਰਾਮਸ਼ਰਨ ਸਿੰਘ ਸ਼ਾਮਲ ਹੋਏ।