ਕੋਠੀ ਵਿਵਾਦ: ਜਨਤਕ ਜਥੇਬੰਦੀਆਂ ਵੱਲੋਂ ਚਿਤਾਵਨੀ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ
ਜਸਬੀਰ ਸ਼ੇਤਰਾ
ਜਗਰਾਉਂ, 24 ਜੂਨ
ਇਥੇ ਹੀਰਾ ਬਾਗ ਸਥਿਤ ਇਕ ਐੱਨਆਰਆਈ ਪਰਿਵਾਰ ਦੀ ਕੋਠੀ ‘ਤੇ ਕਬਜ਼ੇ ਦੇ ਮਾਮਲੇ ‘ਚ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 26 ਜੂਨ ਨੂੰ ਰੱਖੀ ਗਈ ਚਿਤਾਵਨੀ ਰੈਲੀ ‘ਚ ਵੱਧ ਤੋਂ ਵੱਧ ਗਿਣਤੀ ‘ਚ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕੋਠੀ ਤੋਂ ਕਬਜ਼ਾ ਛੁਡਾ ਕੇ ਭਾਵੇਂ ਪਰਵਾਸੀ ਪੰਜਾਬੀ ਅਮਰਜੀਤ ਕੌਰ ਧਾਲੀਵਾਲ ਤੇ ਕੁਲਦੀਪ ਕੌਰ ਨੂੰ ਚਾਬੀਆਂ ਤੇ ਕਬਜ਼ਾ ਦਿਵਾ ਦਿੱਤਾ ਗਿਆ ਹੈ ਪਰ ਕੋਠੀ ਨੱਪਣ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਮੁਲਜ਼ਮਾਂ ਅਤੇ ਜਾਅਲੀ ਰਜਿਸਟਰੀ ਤੋਂ ਇੰਤਕਾਲ ਕਰਨ ਤੱਕ ਸ਼ਾਮਲ ਰਹੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਾਸਤੇ ਇਹ ਰੈਲੀ ਰੱਖੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਸਕੱਤਰ ਇੰਦਰਜੀਤ ਧਾਲੀਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਅਲੀ ਮੁਖਤਿਆਰਨਾਮੇ ਦੇ ਆਧਾਰ ‘ਤੇ ਰਜਿਸਟਰੀ ਕਰਵਾਉਣ ਵਾਲੇ ਕਰਮ ਸਿੰਘ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਦੀ ਨਿਖੇਧੀ ਕਰਦਿਆਂ ਉਨ੍ਹਾਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੋਮਵਾਰ ਨੂੰ ਇਹ ਚਿਤਾਵਨੀ ਰੈਲੀ ਜਗਰਾਉਂ ਦੇ ਹਾਈਵੇਅ ਸਥਿਤ ਮੁੱਖ ਚੌਕ ‘ਚ ਪੁਲ ਦੇ ਹੇਠਾਂ ਹੋਵੇਗੀ। ਇਸ ‘ਚ 16 ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਅਤੇ ਇਹ ਸਾਰੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਨਾਲ ਪੂਰੀ ਹੋਵੇਗੀ। ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਚਿਤਾਵਨੀ ਰੈਲੀ ‘ਚ ਇਲਾਕਾ ਨਿਵਾਸੀਆਂ ਨੂੰ ਹੁੰਮਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ।
ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਜਗਰਾਉਂ ਰੈਲੀ ‘ਚ ਸ਼ਮੂਲੀਅਤ ਦਾ ਫ਼ੈਸਲਾ
ਮੁੱਲਾਂਪੁਰ-ਦਾਖਾ (ਸੰਤੋਖ ਗਿੱਲ): ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਮੰਡਿਆਣੀ ਵਿੱਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ, ਐੱਨ.ਆਰ.ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਵੱਲੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕਰਮ ਸਿੰਘ ਅਤੇ ਅਸ਼ੋਕ ਕੁਮਾਰ ਵੱਲੋਂ ਕੋਠੀ ‘ਤੇ ਕਬਜ਼ਾ ਖ਼ਤਮ ਕਰ ਕੇ ਅਸਲ ਮਾਲਕਾਂ ਨੂੰ ਚਾਬੀਆਂ ਸੌਂਪਣ ਅਤੇ ਅਸ਼ੋਕ ਕੁਮਾਰ ਵਿਰੁੱਧ ਪਰਚਾ ਦਰਜ ਹੋਣ ਨੂੰ ਸਾਂਝੀ ਜੱਦੋਜਹਿਦ ਦੀ ਜਿੱਤ ਕਰਾਰ ਦਿੱਤਾ ਅਤੇ ਹੋਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ 26 ਜੂਨ ਨੂੰ ਜਗਰਾਉਂ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।