ਕੋਟਾ: ਨੀਟ ਦੀ ਤਿਆਰੀ ਕਰ ਰਹੇ 20 ਸਾਲਾ ਵਿਦਿਆਰਥੀ ਨੇ ਫਾਹਾ ਲਿਆ, ਇਸ ਸਾਲ ਖ਼ੁਦਕੁਸ਼ੀ ਦਾ 7ਵਾਂ ਮਾਮਲਾ
ਜੈਪੁਰ, 26 ਮਾਰਚ
ਉੱਤਰ ਪ੍ਰਦੇਸ਼ ਦੇ ਨੀਟ ਪ੍ਰੀਖਿਆਰਥੀ ਨੇ ਰਾਜਸਥਾਨ ਦੇ ਕੋਟਾ ਵਿੱਚ ਕਥਿਤ ਖ਼ੁਦਕੁਸ਼ੀ ਕਰ ਲਈ। ਉਰੂਜ (20) ਉੱਤਰ ਪ੍ਰਦੇਸ਼ ਦੇ ਕਨੌਜ ਦੇ ਸਮਾਧਨ ਪਿੰਡ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਾਲ ਤੋਂ ਕੋਟਾ ਵਿੱਚ ਰਹਿ ਰਿਹਾ ਸੀ। ਉਹ ਕੋਚਿੰਗ ਸੰਸਥਾ ਤੋਂ ਨੀਟ ਦੀ ਤਿਆਰੀ ਕਰ ਰਿਹਾ ਸੀ। ਇਸ ਸਾਲ ਖੁ਼ਦਕੁਸ਼ੀ ਦਾ ਇਹ 7ਵਾਂ ਮਾਮਲਾ ਹੈ। ਬੀਤੇ ਸਾਲ 29 ਦੇ ਕਰੀਬ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਅੱਜ ਸਵੇਰੇ ਉਰਜੂ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵਾਰ-ਵਾਰ ਫੋਨ ਕੀਤਾ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਵਾਹਰ ਨਗਰ ਇਲਾਕੇ 'ਚ ਰਹਿੰਦੇ ਉਸ ਦੇ ਦੋਸਤਾਂ ਨੂੰ ਬੁਲਾਇਆ, ਜੋ ਇਮਾਰਤ 'ਤੇ ਪਹੁੰਚੇ ਅਤੇ ਵਿਦਿਆਰਥੀ ਵੱਲੋਂ ਨੇੜੇ ਰਹਿੰਦੇ ਮਾਲਕ ਨੂੰ ਸੂਚਨਾ ਦਿੱਤੀ। ਇਕ ਗਾਰਡ ਉਸ ਦੇ ਕਮਰੇ ਵਿਚ ਗਿਆ ਅਤੇ ਵਾਰ-ਵਾਰ ਬੂਹਾ ਖੜਕਾਉਣ 'ਤੇ ਜਵਾਬ ਨਾ ਦੇਣ 'ਤੇ ਤੁਰੰਤ ਪੁਲੀਸ ਨੂੰ ਬੁਲਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲੀਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਰੂਜ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਵਿਗਿਆਨ ਨਗਰ ਪੁਲੀਸ ਅਧਿਕਾਰੀਆਂ ਅਨੁਸਾਰ ਵਿਦਿਆਰਥੀ ਨੇ ਪੜ੍ਹਾਈ ਵਿੱਚ ਔਸਤ ਅੰਕ ਹੀ ਪ੍ਰਾਪਤ ਕੀਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ।