ਕੋਰੀਆ ਓਪਨ: ਪ੍ਰਣੌਏ, ਰਾਜਾਵਤ ਦੂਜੇ ਗੇੜ ’ਚ
ਯੇਓਸੂ (ਕੋਰੀਆ), 19 ਜੁਲਾਈ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ ਪਰ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਪਹਿਲੇ ਗੇੜ ਵਿੱਚ ਹਾਰਨ ਮਗਰੋਂ ਟੂਰਨਾਮੈਂਟ ਤੋਂ ਬਾਹਰ ਹੋ ਗਏ। ਪੰਜਵਾਂ ਦਰਜਾ ਪ੍ਰਾਪਤ ਪ੍ਰਣੌਏ ਨੇ ਬੈਲਜ਼ੀਅਮ ਦੇ ਜੂਲੀਅਨ ਕਾਰਾਗੀ ’ਤੇ 21-13, 21-17 ਨਾਲ ਜਿੱਤ ਦਰਜ ਕੀਤੀ। ਇਲੀਟ ਸਿਖਰਲੇ 10 ਵਿੱਚ ਸ਼ਾਮਲ ਇਕਲੌਤੇ ਭਾਰਤੀ ਸਿੰਗਲਜ਼ ਖਿਡਾਰੀ ਪ੍ਰਣੌਏ ਦਾ ਸਾਹਮਣਾ ਹੁਣ ਲੀ ਯੂਨ ਗਇਓ ਜਾਂ ਲੀ ਚੇਯੂਕ ਯਿਓ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂੁ ਨਾਲ ਹੋਵੇਗਾ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਉਹ ਪਹਿਲੇ ਗੇੜ ਵਿੱਚ ਦੁਨੀਆ ਦੀ 22ਵੇਂ ਨੰਬਰ ਦੀ ਖਿਡਾਰੀ ਚੀਨੀ ਤਾਇਪੇ ਦੀ ਪੇਈ ਯੂ-ਪੋ ਖ਼ਿਲਾਫ਼ ਤਿੰਨ ਖੇਡ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 18-21, 21-10, 13-21 ਨਾਲ ਹਾਰਨ ਮਗਰੋਂ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਹਫ਼ਤੇ ਵਿਸ਼ਵ ਰੈਂਕਿੰਗ ਵਿੱਚ 17ਵੇਂ ਸਥਾਨ ’ਤੇ ਖਿਸਕਣ ਵਾਲੀ ਪੀਵੀ ਸਿੰਧੂ ਇਹ ਮੁਕਾਬਲਾ 58 ਮਿੰਟ ਵਿੱਚ ਹਾਰ ਗਈ। ਇਸੇ ਤਰ੍ਹਾਂ ਸ੍ਰੀਕਾਂਤ ਦੂਜੀ ਖੇਡ ਵਿੱਚ ਇੱਕ ਮੈਚ ਪੁਆਇੰਟ ਗੁਆਉਣ ਨਾਲ ਮੁਕਾਬਲਾ ਵੀ ਹਾਰ ਗਿਆ। ਉਸ ਨੂੰ ਜਾਪਾਨ ਦੇ ਸਾਬਕਾ ਨੰਬਰ ਇੱਕ ਕੇਂਟੋ ਮੋਮੋਟਾ ਨੇ 21-12, 22-24, 17-21 ਨਾਲ ਹਰਾਇਆ। ਇਹ ਦੋ ਵਾਰ ਦੇ ਵਿਸ਼ਵ ਚੈਂਪੀਅਨ ਖ਼ਿਲਾਫ਼ ਸ੍ਰੀਕਾਂਤ ਦੀ ਲਗਾਤਾਰ 12ਵੀਂ ਅਤੇ ਕੁਲ 15ਵੀਂ ਹਾਰ ਸੀ। ਹਾਲਾਂਕਿ ਭਾਰਤ ਦਾ ਪ੍ਰਿਯਾਂਸ਼ੂ ਰਾਜਾਵਤ ਦੂਜੇ ਗੇੜ ਵਿੱਚ ਪਹੁੰਚ ਗਿਆ। ਉਸ ਨੇ ਸਥਾਨਕ ਖਿਡਾਰੀ ਚੋਈ ਜੀ ਹੂਨ ਨੂੰ ਪੁਰਸ਼ ਸਿੰਗਲਜ਼ ਵਰਗ ਵਿੱਚ ਹਰਾਇਆ। ਰਾਜਾਵਤ ਨੇ ਚੋਈ ਨੂੰ 42 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 21-15, 21-19 ਨਾਲ ਹਰਾਇਆ। ਜੂਨ ਵਿੱਚ ਵਿਕਟਰ ਡੈਨਮਾਰਕ ਮਾਸਟਰਜ਼ ਕੌਮਾਂਤਰੀ ਚੈਲੇਂਜ ਦਾ ਖਿਤਾਬ ਜਿੱਤਣ ਵਾਲੀ ਐੱਨ ਸਿੱਕੀ ਰੈਡੀ ਅਤੇ ਰੋਪਨ ਕਪੂਰ ਦੀ ਮਿਕਸਡ ਜੋੜੀ ਨੇ ਐਲਿਵਨ ਮੋਰਾਡਾ ਅਤੇ ਐਲਿਸਾ ਯਸਾਬੇਲ ਲਿਓਨਾਰਡੋ ਦੀ ਫਿਲਪੀਨੀ ਜੋੜੀ ਖ਼ਿਲਾਫ਼ ਸਿੱਧੀ ਖੇਡ ਵਿੱਚ 21-17, 21-17 ਦੀ ਜਿੱਤ ਸਦਕਾ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। -ਪੀਟੀਆਈ