For the best experience, open
https://m.punjabitribuneonline.com
on your mobile browser.
Advertisement

ਕੌਮਾਗਾਟਾ ਮਾਰੂ ਅਤੇ ਗ਼ਦਰ ਲਹਿਰ

07:43 AM Sep 29, 2024 IST
ਕੌਮਾਗਾਟਾ ਮਾਰੂ ਅਤੇ ਗ਼ਦਰ ਲਹਿਰ
ਬਾਬਾ ਗੁਰਦਿੱਤ ਸਿੰਘ ਅਤੇ ਕੌਮਾਗਾਟਾ ਮਾਰੂ ਦੇ ਯਾਤਰੀ।
Advertisement

1914 ਵਿੱਚ ਵਾਪਰੀ ਕੌਮਾਗਾਟਾ ਮਾਰੂ ਦੀ ਘਟਨਾ ਭਾਰਤੀਆਂ ਦੀ ਕੈਨੇਡਾ ਅੰਦਰ ਦਾਖਲੇ ਦੀ ਲੜਾਈ ਦੀ ਇੱਕ ਅਹਿਮ ਘਟਨਾ ਸੀ। ਇਹ ਉਹ ਸਮਾਂ ਸੀ, ਜਿਸ ਵੇਲੇ ਹਿੰਦੋਸਤਾਨ ਅੰਗਰੇਜ਼ ਰਾਜ ਦੀ ਜ਼ਾਲਮ ਚੱਕੀ ਵਿੱਚ ਪਿਸ ਰਿਹਾ ਸੀ। ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਵਪਾਰਕ ਲੀਹਾਂ ’ਤੇ ਇੱਕ ਜਪਾਨੀ ਕੰਪਨੀ ‘ਸ਼ਿਨੇਈ ਕਿਸ਼ੇਨ ਗੋਸ਼ੀ ਕਾਈਸ਼ਾ’ ਪਾਸੋਂ 11000 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਛੇ ਮਹੀਨੇ ਲਈ ਪਟੇ ’ਤੇ ਲਏ ਸਮੁੰਦਰੀ ਜਹਾਜ਼ ਦਾ ਨਾਮ ‘ਕੌਮਾਗਾਟਾ ਮਾਰੂ’ ਸੀ ਜਿਸ ਨੂੰ ਹਾਂਗਕਾਂਗ ਤੋਂ ਕੈਨੇਡਾ ਲਈ ਤੋਰਿਆ ਜਾਣਾ ਸੀ। 25 ਮਾਰਚ 1914 ਨੂੰ ਹਾਂਗਕਾਂਗ ਦੀ ਗੋਰੀ ਹਕੂਮਤ ਨੇ ਗੁਰਦਿੱਤ ਸਿੰਘ ’ਤੇ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਲੇਕਿਨ ਹਾਂਗਕਾਂਗ ਵਿੱਚ ਹੋਏ ਰੋਸ ਐਕਸ਼ਨਾਂ ਦੇ ਸਿੱਟੇ ਵਜੋਂ 28 ਮਾਰਚ ਨੂੰ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਰੋਟੀ-ਰੋਜ਼ੀ, ਉੱਚ ਵਿੱਦਿਆ ਤੇ ਚੰਗੀ ਜ਼ਿੰਦਗੀ ਦੀ ਭਾਲ ਲਈ 165 ਹਿੰਦੋਸਤਾਨੀ ਮੁਸਾਫ਼ਿਰ ਹਾਂਗਕਾਂਗ, 111 ਸ਼ੰਘਾਈ, 86 ਮੋਜੀ (ਜਾਪਾਨ) ਅਤੇ 14 ਯੋਕੋਹਾਮਾ (ਜਾਪਾਨ) ਤੋਂ ਚੜ੍ਹੇ। ਇਸ ਤਰ੍ਹਾਂ ਜਹਾਜ਼ ਵਿੱਚ ਕੁੱਲ 376 ਮੁਸਾਫ਼ਿਰ ਸਵਾਰ ਹੋਏ। ਤੀਜੀ ਕਿਸ਼ਤ ਵੇੇੇਲੇ ਪੈਸੇ ਦੀ ਤੰਗੀ ਨੂੰ ਪੂਰਾ ਕਰਨ ਲਈ ਭਾਈ ਬਲਵੰਤ ਸਿੰਘ ਖੁਰਦਪੁਰ (ਬਾਅਦ ’ਚ ਕੈਨੇਡਾ ਲਹਿਰ ਦੇ ਗ਼ਦਰੀ ਸ਼ਹੀਦ) ਭਾਰੀ ਰਕਮ ਲੈ ਕੇ ਮੋਜੀ ਵਿਖੇ ਪੁੱਜੇ। ਇਸ ਤਰ੍ਹਾਂ ਉਨ੍ਹਾਂ ਨੇ ਵੱਡਾ ਮੋਢਾ ਲਾਇਆ ਅਤੇ ਆਪ ਕੋਬੀ ਤੋਂ ਸਿੱਧਾ ਕੈਨੇਡਾ ਪੁੱਜ ਗਏ। ਇਸ ਤਰ੍ਹਾਂ ਗ਼ਦਰ ਪਾਰਟੀ ਅਤੇ ਕੌਮਾਗਾਟਾ ਮਾਰੂ ਦੇ ਆਪਸੀ ਰਿਸ਼ਤੇ ਦੀ ਸ਼ੁਰੂਆਤ ਹੋਈ। ਦੂਜੇ ਪਾਸੇ ਹਿੰਦੋਸਤਾਨ ਦੀ ਗੋਰੀ ਹਕੂਮਤ ਦੇ ਇਸ਼ਾਰੇ ’ਤੇ ਕੈਨੇਡਾ ਹਕੂਮਤ ਨੇ 31 ਮਾਰਚ 1914 ਤੋਂ ਹੀ ਕੌਮਾਗਾਟਾ ਮਾਰੂ ਨੂੰ ਦਾਖਲ ਨਾ ਹੋਣ ਦੇਣ ਬਾਰੇ ਹੁਕਮ ਨੰਬਰ 920 ਲਾਗੂ ਕਰ ਦਿੱਤਾ। 17 ਅਪਰੈਲ ਨੂੰ ਮੰਤਰੀ ਰੋਚੇ ਨੇ ਕੈਨੇਡਾ ਦੀ ਪਾਰਲੀਮੈਂਟ ’ਚ ਐਲਾਨ ਕੀਤਾ ਕਿ ‘‘ਘਾਟਾਂ ਦੇ ਮਹਿਕਮੇ ਦੇ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਜੋ ਹਿੰਦੀ ਨਵੇਂ ਰੂਲਾਂ ਨੂੰ ਉਲੰਘ ਕੇ ਆਉਣ ਤਾਂ ਉਨ੍ਹਾਂ ਨੂੰ ਉਤਰਨ ਨਾ ਦਿੱਤਾ ਜਾਵੇ’’। ਇਹ ਸੀ ਕੈਨੇਡਾ ਦੀ ਸਾਮਰਾਜੀ ਸਰਕਾਰ ਦਾ ਰਵੱਈਆ। 21 ਮਈ ਨੂੰ ਇਹ ਸਮੁੰਦਰੀ ਜਹਾਜ਼ ਵਿਕਟੋਰੀਆ ਦੀ ਕੁਰਾਟੀਨ ਤੇ 23 ਨੂੰ ਵੈਨਕੂਵਰ ਨੇੜੇ ਪੁੱਜਿਆ, ਪਰ ਬੰਦਰਗਾਹ ਤੋਂ ਦੂਰ ਦੋ-ਤਿੰਨ ਮੀਲ ਪਿੱਛੇ ਹੀ ਰੋਕ ਦਿੱਤਾ ਗਿਆ।
ਵੈਨਕੂਵਰ ’ਚ ਮੋਰਚਾਬੰਦੀ ਤੇ ਦੇਸ਼-ਪ੍ਰਦੇਸ਼ ’ਚ ਰੋਸ ਲਹਿਰ ਮੁਸਾਫ਼ਰਾਂ ਲਈ ਰਾਸ਼ਨ ਪਾਣੀ ਤੇ ਕਿਰਾਏ ਭਾੜੇ ਦੀ ਸਹਾਇਤਾ, ਜਹਾਜ਼ ਨੂੰ ਕੰਢੇ ਲਾਉਣ ਤੇ ਮੁਸਾਫ਼ਿਰਾਂ ਦੇ ਕੈਨੇਡਾ ਦਾਖਲੇ ਲਈ ਕੈਨੇਡਾ ਵਸਦੇ ਹਿੰਦੋਸਤਾਨੀਆਂ ਨੇ ਮੋਰਚਾ ਵਿੱਢ ਦਿੱਤਾ। ਵੈਨਕੂਵਰ ਦੇ ਗੁਰਦੁਆਰੇ ਵਿੱਚ 3 ਮਈ ਨੂੰ 700 ਦੇ ਕਰੀਬ ਇਕੱਠ ਹੋਇਆ। ਭਾਈ ਬਲਵੰਤ ਸਿੰਘ ਤੇ ਜਨਾਬ ਹਸਨ ਰਹੀਮ ਦੀ ਅਪੀਲ ’ਤੇ 60,000 ਡਾਲਰ ਇਕੱਠੇ ਹੋਏ। ਕੈਨੇਡਾ ਵਾਪਸੀ ਲਈ ਭਾਗ ਸਿੰਘ ਤੇ ਹਸਨ ਰਹੀਮ ਨੇ ਜ਼ਹਾਜ ਦਾ ਨਵਾਂ ਪਟਾ ਆਪਣੇ ਨਾਮ ਕਰਵਾ ਕੇ 22,000 ਡਾਲਰ ਦੀ ਕਿਸ਼ਤ ਕੰਪਨੀ ਨੂੰ ਦਿੱਤੀ। ਹਿੰਦ ਸਰਕਾਰ, ਕਾਂਗਰਸ ਪਾਰਟੀ, ਪਟਿਆਲਾ ਤੇ ਨਾਭਾ ਦੇ ਰਾਜਿਆਂ ਨੂੂੰ ਮਸਲੇ ਦੇ ਹੱਲ ਲਈ ਤਾਰਾਂ ਭੇਜੀਆਂ ਗਈਆਂ। ਵਿਕਟੋਰੀਆ ਤੇ ਵੈਨਕੂਵਰ ’ਚ ਹਰ ਰੋਜ਼ ਲੋਕ ਇਕੱਠੇ ਕਰਕੇ ਹਕੂਮਤੀ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਂਦੀ। ਗ਼ਦਰ ਪਾਰਟੀ ਨੇ ‘ਗ਼ਦਰ’ ਅਖ਼ਬਾਰ ਦਾ ਵਿਸ਼ੇਸ਼ ਅੰਕ ‘ਕੌਮਾਗਾਟਾ ਮਾਰੂ’ ਕੱਢਿਆ ਅਤੇ ਦੇਸ਼-ਪ੍ਰਦੇਸ ਅੰਦਰ ਜਲਸੇ-ਜਲੂਸਾਂ ਦੀ ਲਹਿਰ ਵਿੱਢ ਦਿੱਤੀ। ਅਣਵੰਡੇ ਹਿੰਦੋਸਤਾਨ ’ਚ ਲਾਹੌਰ, ਰਾਵਲਪਿੰਡੀ, ਚੱਕਵਾਲ, ਗੁੱਜਰਾਂਵਾਲਾ ਤੇ ਪਟਿਆਲਾ ’ਚ ਰੋਸ ਮੁਜ਼ਾਹਰੇ ਕੀਤੇ ਗਏ। ਪੂਰਬੀ ਦੇਸ਼ਾਂ ’ਚ ਵੀ ਹਿੰਦੋਸਤਾਨੀਆਂ ਨੇ ਆਵਾਜ਼ ਉਠਾਈ। ਲੰਡਨ ’ਚ ਮੁਸਲਿਮ ਲੀਗ ਨੇ ਬਸਤੀਆਂ ਦੇ ਲੰਡਨ ਦਫ਼ਤਰ ਮੂਹਰੇ ਤਿੱਖਾ ਪ੍ਰਦਰਸ਼ਨ ਕੀਤਾ। ਸਿੱਟੇ ਵਜੋਂ ਮਹੀਨੇ ਭਰ ਤੋਂ ਬੁਰੀ ਤਰ੍ਹਾਂ ਭੁੱਖਮਰੀ ਦਾ ਸ਼ਿਕਾਰ ਮੁਸਾਫ਼ਿਰਾਂ ਨੂੰ 28 ਜੂਨ ਤੋਂ ਰਾਸ਼ਨ ਪਾਣੀ ਤੇ 7 ਜੁਲਾਈ ਤੋਂ ਵਕੀਲਾਂ ਨੂੰ ਮਿਲਣ ਦੀ ਆਗਿਆ ਮਿਲੀ, ਪਰ ਅਦਾਲਤਾਂ ’ਚੋਂ ਨਿਆਂ ਨਾ ਮਿਲਿਆ।
16 ਜੁਲਾਈ ਨੂੰ ਕੈਨੇਡਾ ਸਰਕਾਰ ਨੇ ਹਰ ਹਾਲਤ ਜਹਾਜ਼ ਨੂੰ ਵਾਪਸ ਭੇਜਣ ਦੇ ਹੁਕਮ ਚਾੜ੍ਹ ਦਿੱਤੇ। ਵੈਨਕੂਵਰ, ਲੰਡਨ, ਔਟਵਾ, ਦਿੱਲੀ ਵਿਚਕਾਰ ਸਰਕਾਰਾਂ ਦੀਆਂ ਆਪਸ ਵਿੱਚ ਤਾਰਾਂ ਤੇ ਤਾਰਾਂ ਖੜਕੀਆਂ। 19 ਜੁਲਾਈ ਨੂੰ ‘ਸੀ-ਲਾਈਨ’ ਨਾਂ ਦਾ ਟੱਗ ਜਹਾਜ਼ ਲੈ ਕੇ ਸੈਂਕੜੇ ਗੋਰੇ ਪੁਲੀਸ ਵਾਲਿਆਂ ਨੇ ਵੱਡੇ ਤੜਕੇ ਕੌਮਾਗਾਟਾ ਮਾਰੂ ’ਤੇ ਹਮਲਾ ਕਰ ਦਿੱਤਾ। ਮੌਤ ਦੇ ਗਾਨੇ ਬੰਨ੍ਹੀ ਮੁਸਾਫ਼ਿਰਾਂ ਨੇ ਸੋਟੀਆਂ, ਕੁਹਾੜੀਆਂ, ਮਸ਼ੀਨਾਂ ਦੇ ਪੁਰਜ਼ਆਂ, ਲੋਹੇ ਦੇ ਡੰਡਿਆਂ ਤੇ ਪੱਥਰ ਦੇ ਕੋਇਲਿਆਂ ਨਾਲ ਮੁਕਾਬਲਾ ਕਰਕੇ 20 ਪੁਲੀਸ ਕਰਮੀ ਫੱਟੜ ਕਰ ਦਿੱਤੇ। ਪੁਲੀਸ ਨੇ ਗੋਲੀਆਂ ਚਲਾਈਆਂ। ਸਿਰਫ਼ ਇੱਕ ਮੁਸਾਫ਼ਿਰ ਦੇ ਮੱਥੇ ’ਤੇ ਝਰੀਟ ਆਈ। ਦੂਜੇ ਦਿਨ ‘ਰੇਨਬੋ’ ਨਾਂ ਦਾ ਜੰਗੀ ਜਹਾਜ਼ ਲਿਆ ਕੇ ਸਿੱਧੀ ਗੋਲਾਬਾਰੀ ਕਰਨ ਦੀਆਂ ਧਮਕੀਆਂ ਦਿੱਤੀਆਂ। ਲੇਕਿਨ ਪਹਿਲੀ ਆਲਮੀ ਜੰਗ ਦੀਆਂ ਲੋੜਾਂ ਤੇ ਮਜਬੂਰੀਆਂ ਤਹਿਤ ਅੰਗਰੇਜ਼ ਹਕੂਮਤ ਨੂੰ ਸਮਝੌਤਾ ਕਰਨਾ ਪਿਆ। ਰਾਸ਼ਨ ਪਾਣੀ ਤੇ ਕਿਰਾਏ ਭਾੜੇ ਦਾ ਖਰਚਾ ਕਰਨ ਉਪਰੰਤ, ਕੌਮਾਗਾਟਾ ਮਾਰੂ ਨੂੰ ਵਾਪਸ ਹਿੰਦ ਲਿਜਾਣ ਦਾ ਸਮਝੌਤਾ ਹੋਇਆ, ਗਦਰ ਪਾਰਟੀ ਦੇ ਆਗੂਆਂ ਨੂੰ ਹੋਰ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਮੁਲਾਕਾਤਾਂ ਦੀ ਇਜਾਜ਼ਤ ਮਿਲੀ। ਆਗੂਆਂ ਨੇ ਮੁਸਾਫ਼ਿਰਾਂ ਨੂੰ ਹਿੰਦੋਸਤਾਨ ’ਚੋਂ ਬਰਤਾਨਵੀ ਰਾਜ ਖ਼ਤਮ ਕਰਨ ਤੇ ਕੌਮੀ ਰਾਜ ਦੀ ਕਾਇਮੀ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਕਾਫ਼ੀ ਗਿਣਤੀ ’ਚ ਮੁਸਾਫ਼ਿਰ ਗ਼ਦਰੀ ਯੋਧੇ ਬਣ ਗਏ। ਯੋਕੋਹਾਮਾ ਵਿਖੇ ਬਾਬਾ ਸੋਹਣ ਸਿੰਘ ਭਕਨਾ (ਪ੍ਰਧਾਨ ਗ਼ਦਰ ਪਾਰਟੀ) ਨੇ ਮੁਸਾਫ਼ਿਰਾਂ ਨੂੰ ਹਿੰਦੋਸਤਾਨ ’ਚ ਗ਼ਦਰ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਕੀਤਾ, 200 ਪਿਸਤੌਲ ਤੇ 2000 ਗੋਲੀਆਂ ਸਪਲਾਈ ਕੀਤੀਆਂ। ਕੌਮਾਗਾਟਾ ਮਾਰੂ ਜਹਾਜ਼ 23 ਸਤੰਬਰ ਨੂੰ ਕਲਕੱਤਾ ਨੇੜੇ ਕਾਲਪੀ ਵਿਖੇ ਪੁੱਜਿਆ।
ਇਸ ਤੋਂ ਬਾਅਦ ਇਹ ਜਹਾਜ਼ 26 ਸਤੰਬਰ ਨੂੰ ਬਜਬਜ ਘਾਟ ਵਿਖੇ ਲੱਗਿਆ। ਅੰਗਰੇਜ਼ ਹਕੂਮਤ ਨੇ 29 ਸਤੰਬਰ ਨੂੰ ਅਚਾਨਕ ਧੋਖੇ ਨਾਲ ਰੇਲਵੇ ਸਟੇਸ਼ਨ ਨੇੜੇ ਮੁਸਾਫ਼ਿਰਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਸਿੱਟੇ ਵਜੋਂ 19 ਮੁਸਾਫ਼ਿਰ ਤੇ ਇੱਕ ਹੋਰ ਨਾਗਰਿਕ ਸ਼ਹੀਦ ਤੇ 23 ਫੱਟੜ ਹੋਏ, 222 ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਅਤੇ 72 ਹੋਰ ਨਿਕਲ ਕੇ ਪੰਜਾਬ ਨੂੰ ਰਵਾਨਾ ਹੋਏ (ਜਿਨ੍ਹਾਂ ਵਿੱਚੋਂ ਉਦੋਂ ਲੋਕਾਂ ਦੇ ਦੱਸਣ ਮੁਤਾਬਿਕ 29 ਮੁਸਾਫ਼ਿਰ ਗੋਰਿਆਂ ਵੱਲੋਂ ਸ਼ਹੀਦ ਕੀਤੇ ਦੱਸੇ ਜਾਂਦੇ ਸਨ)।
ਮੁਸਾਫ਼ਿਰਾਂ ਵੱਲੋਂ ਦੋ-ਤਿੰਨ ਪਿਸਤੌਲਾਂ ਨਾਲ ਕੀਤੇ ਟਾਕਰੇ ’ਚ ਛੇ ਗੋਰੇ ਅਫਸਰ/ਸਿਪਾਹੀ ਤੇ 5 ਦੇਸੀ ਸਿਪਾਹੀ ਫੱਟੜ ਹੋਏ। ਜੇਲ੍ਹੀਂ ਡੱਕੇ, ਜੂਹਬੰਦ ਕੀਤੇ ਅਤੇ ਗੁਪਤਵਾਸ ਹੋਏ ਮੁਸਾਫ਼ਿਰਾਂ ’ਚੋਂ ਕਾਫ਼ੀ ਜਣੇ ਗ਼ਦਰੀ ਯੋਧੇ ਬਣੇ।ਇਸ ਤਰ੍ਹਾਂ, ਕੌਮਾਗਾਟਾ ਮਾਰੂ ਦੇ ਗ਼ਦਰੀ ਯੋਧਿਆਂ ਨੇ ਬਰਤਾਨਵੀ ਸਾਮਰਾਜਵਾਦ ਤੇ ਉਸ ਦੇ ਪਿੱਠੂਆਂ ਦੇ ਜ਼ਾਲਮ ਰਾਜ ਦਾ ਖ਼ਾਤਮਾ ਕਰਨ ਅਤੇ ਨਿਆਂ, ਬਰਾਬਰੀ, ਖੁਸ਼ਹਾਲੀ ਤੇ ਆਜ਼ਾਦੀ ਵਾਲਾ, ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ ਬੇਮਿਸਾਲ ਤਿਆਗ ਤੇ ਕੁਰਬਾਨੀਆਂ ਕੀਤੀਆਂ। ਗ਼ਦਰੀ ਸ਼ਹੀਦਾਂ ਦਾ ਮਿਸ਼ਨ ਬੇਸ਼ੱਕ ਉਦੋਂ ਅਧੂਰਾ ਰਹਿ ਗਿਆ, ਪਰ ਇਹ ਅੱਜ ਵੀ ਦੇਸ਼ ਵਾਸੀਆਂ ਲਈ ਰਾਹ ਦਸੇਰਾ ਹੈ। ਗ਼ਦਰੀ ਬਾਬੇ ਅਜਿਹਾ ਰਾਜ ਪ੍ਰਬੰਧ ਚਾਹੁੰਦੇ ਸਨ, ਜਿਸ ਵਿੱਚ ਕਿਰਤ ਦਾ ਸਨਮਾਨ ਤੇ ਪੁੱਗਤ ਹੋਵੇ, ਰੋਟੀ ਕੱਪੜੇ ਤੇ ਮਕਾਨ ਦੀ ਗਾਰੰਟੀ ਹੋਵੇ, ਹਰ ਇੱਕ ਨੂੰ ਪੱਕਾ ਰੁਜ਼ਗਾਰ ਮਿਲੇ, ਹਰ ਵਿਦਿਆਰਥੀ ਨੂੰ ਮੁਫ਼ਤ ਵਿੱਦਿਆ ਮਿਲੇ, ਹਰ ਬਿਮਾਰ ਦਾ ਮੁਫ਼ਤ ਇਲਾਜ ਹੋਵੇ, ਹਰ ਪੀੜਤ ਨੂੰ ਫੌਰੀ ਨਿਆਂ ਮਿਲੇ, ਹਰ ਤਰ੍ਹਾਂ ਦੀ ਵਿਦੇਸ਼ੀ ਤੇ ਦੇਸੀ ਲੁੱਟ ਤੇ ਜ਼ੁਲਮ ਦਾ ਖ਼ਾਤਮਾ ਹੋਵੇ। ਇੱਕ ਦਿਨ ਅਜਿਹਾ ਜ਼ਰੂਰ ਆਵੇਗਾ ਜਦੋਂ ਭਾਰਤ ਵਿੱਚ ਗ਼ਦਰੀ ਬਾਬਿਆਂ ਦੇ ਸੁਪਨਿਆਂ ਵਾਲਾ ਰਾਜ ਪ੍ਰਬੰਧ ਉਸਰ ਕੇ ਰਹੇਗਾ। ਇਹੀ ਉਨ੍ਹਾਂ ਮਹਾਨ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ: 96464-02470

Advertisement

Advertisement
Advertisement
Author Image

sanam grng

View all posts

Advertisement