ਕੋਲਕਾਤਾ: ਜੂਨੀਅਰ ਡਾਕਟਰਾਂ ਨੇ ਹੜਤਾਲ ਵਾਪਸ ਲਈ
ਕੋਲਕਾਤਾ, 4 ਅਕਤੂਬਰ
Junior docs call off 'total cease work‘ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਦੀ ਪੀੜਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਅੱਜ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ਮੁਕੰਮਲ ਕੰਮ ਬੰਦ ਕਰਨ ਦਾ ਸੱਦਾ ਵਾਪਸ ਲੈ ਲਿਆ ਹੈ। ਉਂਜ ਉਨ੍ਹਾਂ ਪੱਛਮੀ ਬੰਗਾਲ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਮਰਨ ਵਰਤ ਸ਼ੁਰੂ ਕਰ ਦੇਣਗੇ। ਕੋਲਕਾਤਾ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰ ਦੇਬਾਸ਼ੀਸ਼ ਹਲਦਰ ਨੇ ਕਿਹਾ ਕਿ ਧਰਨਾ-ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਕੇਂਦਰੀ ਜਾਂਚ ਕਮੇਟੀ ਬਣਾਉਣ ਸਮੇਤ ਹੋਰ ਮੰਗਾਂ ਛੇਤੀ ਮੰਨੀਆਂ ਜਾਣ।
ਇਸ ਤੋਂ ਪਹਿਲਾਂ ਸ਼ਾਮ ਵੇਲੇ ਪ੍ਰਦਰਸ਼ਨ ਕਰਨ ਵਾਲੇ ਜੂਨੀਅਰ ਡਾਕਟਰ ਪੁਲੀਸ ’ਤੇ ਉਨ੍ਹਾਂ ਦੇ ਕੁਝ ਸਾਥੀਆਂ ’ਤੇ ਲਾਠੀਚਾਰਜ ਕਰਨ ਦਾ ਦੋਸ਼ ਲਗਾ ਕੇ ਸ਼ਾਮ ਸਮੇਂ ਧਰਮਤਲਾ ਇਲਾਕੇ ਵਿੱਚ ਇਕ ਅਹਿਮ ਸੜਕ ’ਤੇ ਧਰਨੇ ’ਤੇ ਬੈਠ ਗਏ। ਪੁਲੀਸ ਨੇ ਦੱਸਿਆ ਕਿ ਡਾਕਟਰਾਂ ਦੇ ਪ੍ਰਦਰਸ਼ਨ ਤੋਂ ਬਾਅਦ ਸ਼ਹਿਰ ਦੇ ਕੇਂਦਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਇਕ ਜੂਨੀਅਰ ਡਾਕਟਰ ਨੇ ਕਿਹਾ, ‘‘ਧਰਮਤਲਾ ਵਿੱਚ ਸੜਕ ਕੋਲ ਸਾਡਾ ਇੰਤਜ਼ਾਰ ਕਰ ਰਹੇ ਸਾਡੇ ਦੋ ਸਾਥੀਆਂ ਨੂੰ ਪੁਲੀਸ ਨੇ ਕੁੱਟਿਆ। ਸਾਨੂੰ ਇਸ ਦੀ ਵਜ੍ਹਾ ਨਹੀਂ ਪਤਾ। ਅਸੀਂ ਇੱਥੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ ਅਤੇ ਸਾਨੂੰ ਇੱਥੇ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਸੀ। ਅਸੀਂ ਪੁਲੀਸ ਮੁਲਾਜ਼ਮਾਂ ਦੇ ਇਸ ਰਵੱਈਏ ਦਾ ਵਿਰੋਧ ਕਰਦੇ ਹਾਂ। ਪੁਲੀਸ ਨੂੰ ਮੁਆਫਤੀ ਮੰਗਣੀ ਪਵੇਗੀ ਨਹੀਂ ਤਾਂ ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ।’’ ਉਪਰੰਤ ਸੀਨੀਅਰ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਇਹ ਮਸਲਾ ਹੱਲ ਹੋ ਸਕਿਆ। -ਪੀਟੀਆਈ