For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਵੱਖ-ਵੱਖ ਜਥੇਬੰਦੀਆਂ ਨੇ ਮੋਮਬੱਤੀ ਮਾਰਚ ਕੀਤਾ

06:33 AM Aug 23, 2024 IST
ਕੋਲਕਾਤਾ ਕਾਂਡ  ਵੱਖ ਵੱਖ ਜਥੇਬੰਦੀਆਂ ਨੇ ਮੋਮਬੱਤੀ ਮਾਰਚ ਕੀਤਾ
ਸਮਾਣਾ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ।
Advertisement

ਸੁਭਾਸ਼ ਚੰਦਰ
ਸਮਾਣਾ, 22 ਅਗਸਤ
ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਦੀ ਘਟਨਾ ਦੇ ਰੋਸ ਵਜੋਂ ਇੱਥੇ ਗੌਰਮਿੰਟ ਟੀਚਰਜ਼ ਯੂਨੀਅਨ, ਅਧਿਆਪਕ ਦਲ ਪੰਜਾਬ, ਡੀਟੀਐੱਫ, ਕਿਰਤੀ ਕਿਸਾਨ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਐੱਸਸੀ/ਬੀਸੀ ਟੀਚਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਬ੍ਰਾਹਮਣ ਸਭਾ, ਮਹਿਲਾ ਮੰਡਲ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੈਸ਼ਨ, ਡੈਮੋਕਰੈਟਿਕ ਮੁਲਾਜ਼ਮ ਫੈਡਰਸ਼ਨ ਅਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਸ਼ਹਿਰ ’ਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਮਾਸਟਰ ਜਸਵੀਰ ਸਿੰਘ, ਕ੍ਰਿਸ਼ਨ ਵੋਹਰਾ, ਦਲਜੀਤ ਸਿੰਘ ਚੱਕ ਅੰਮ੍ਰਿਤਸਰੀਆ, ਜਰਨੈਲ ਸਿੰਘ ਕੋਟਲੀ, ਹਰਦੀਪ ਟੋਡਰਪੁਰ, ਗੁਰਨਾਮ ਸਿੰਘ ਢੈਂਠਲ, ਕਾਮਰੇਡ ਬਲਵਿੰਦਰ ਸਿੰਘ ਆਦ ਨੇ ਮੰਗ ਕੀਤੀ ਕਿ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸਤੀ ਮੰਦਰ ਪਾਰਕ ਤੋਂ ਸ਼ੁਰੂ ਹੋਇਆ ਇਹ ਮੋਮਬੱਤੀ ਮਾਰਚ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਯੂਨੀਕ ਪਾਰਕ ਪਹੁੰਚ ਕੇ ਸੰਪੰਨ ਹੋਇਆ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਹੋਈ ਦਰਿੰਦਗੀ ਦੇ ਵਿਰੋਧ ਵਿੱਚ ਅੱਜ ਇੱਥੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਵਿੰਦਰ ਕੌਰ ਧੰਜੂ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਬਾਜ਼ਾਰਾਂ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮੋਮਬੱਤੀ ਮਾਰਚ ਛੰਨਾ ਮੋੜ ਤੋਂ ਸ਼ੁਰੂ ਹੋ ਕੇ ਬੱਸ ਅੱਡਾ ਦੇਵੀਗੜ੍ਹ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਸਮਾਜ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੇ ਸਵਾਲ ਨੂੰ ਵੀ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਬੂਤ ਮਿਟਾਉਣ ਵਾਲੇ ਰੈਕਟ ਦਾ ਪਰਦਾਫਾਸ਼ ਕਰ ਕੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਪ੍ਰੇਮ ਸਿੰਘ ਖਨੇਜਾ, ਗੁਰਿੰਦਰ ਸਿੰਘ ਰਾਜੂ, ਸੋਨੀ ਕਟਕੇੜੀ, ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ।

Advertisement

ਪੀਐੱਸਯੂ ਵੱਲੋਂ ਬੇਨੜਾ ਦੇ ਪੰਜਾਬੀ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ’ਚ ਪ੍ਰਦਰਸ਼ਨ

ਧੂਰੀ (ਪਵਨ ਕੁਮਾਰ ਵਰਮਾ): ਪੰਜਾਬੀ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਬੇਨੜਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਵਾਪਰੀ ਜਬਰ-ਜਨਾਹ ਤੇ ਕਤਲ ਦੀ ਘਟਨਾ ਦੇ ਵਿਰੋਧ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਾਥਨ ਨੇ ਕਿਹਾ ਕਿ ਲਗਾਤਾਰ ਬਲਾਤਕਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਦਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਅੱਜ ਔਰਤਾਂ ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਹੋਣ ਭਾਰਤ ਵਰਗੇ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਬੂਤ ਮਿਟਾਉਣ ਵਾਲੇ ਰੈਕਟ ਦਾ ਪਰਦਾਫਾਸ਼ ਕਰ ਕੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਲਿਆਂਦਾ ਜਾਵੇ ਅਤੇ ਬਣਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਸਥਾਈ ਅਸਤੀਫੇ ਦੀ ਮੰਗ ਵੀ ਕੀਤੀ। ਉਨ੍ਹਾਂ ਸਮਾਜ ਦੇ ਇਨਸਾਫ਼ਪਸੰਦ ਲੋਕਾਂ ਨੂੰ ਅਜਿਹੀਆਂ ਵਹਿਸ਼ੀ ਘਟਨਾਵਾਂ ਖਿਲਾਫ਼ ਡਟਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਸ਼ੈਰੀ, ਸ਼ਗਨਦੀਪ ਕੌਰ, ਹਰਮਨ ਸਿੰਘ, ਰਾਜਵੀਰ ਕੌਰ, ਜੈਸਮੀਨ ਕੌਰ, ਸੁਹੇਲ ਖਾਨ, ਮਨਦੀਪ ਸਿੰਘ, ਗਗਨਦੀਪ ਕੌਰ, ਹਰਜੋਤ ਸਿੰਘ ਸਹਿਜ ਆਦਿ ਵਿਦਿਆਰਥੀ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement