ਕੋਲਕਾਤਾ ਕਾਂਡ: ਮਮਤਾ ਤੇ ਡਾਕਟਰਾਂ ਵਿਚਾਲੇ ਨਾ ਹੋਈ ਮੀਟਿੰਗ
ਕੋਲਕਾਤਾ, 14 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਧਰਨੇ ’ਤੇ ਬੈਠੇ ਜੂਨੀਅਰ ਡਾਕਟਰਾਂ ਵਿਚਕਾਰ ਮੀਟਿੰਗ ਕਿਸੇ ਤਣ-ਪੱਤਣ ਨਾ ਲੱਗੀ। ਇਥੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅੱਜ ਸ਼ਾਮ ਪੁੱਜੇ 30 ਡਾਕਟਰਾਂ ਦੇ ਵਫ਼ਦ ਨੇ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਮੰਗ ਕੀਤੀ ਅਤੇ ਉਹ ਅੰਦਰ ਨਹੀਂ ਗਏ। ਮਮਤਾ ਨੇ ਵਾਰ ਵਾਰ ਮਾਮਲਾ ਸੁਪਰੀਮ ਕੋਰਟ ’ਚ ਹੋਣ ਦੀ ਦਲੀਲ ਦਿੱਤੀ ਪਰ ਡਾਕਟਰ ਮੀਟਿੰਗ ਦੇ ਸਿੱਧੇ ਪ੍ਰਸਾਰਣ ’ਤੇ ਅੜੇ ਰਹੇ। ਉਂਝ ਮਮਤਾ ਨੇ ਕਿਹਾ ਕਿ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਹੋਵੇਗੀ ਅਤੇ ਜੇ ਸੁਪਰੀਮ ਕੋਰਟ ਪ੍ਰਵਾਨਗੀ ਦੇਵੇਗਾ ਤਾਂ ਉਹ ਇਸ ਦੀ ਰਿਕਾਰਡਿੰਗ ਡਾਕਟਰਾਂ ਨੂੰ ਮੁਹੱਈਆ ਕਰਵਾ ਦੇਣਗੇ। ਮਮਤਾ ਨੇ ਇਹ ਵੀ ਕਿਹਾ ਕਿ ਡਾਕਟਰ ਉਨ੍ਹਾਂ ਨੂੰ ਜ਼ਲੀਲ ਕਰ ਰਹੇ ਹਨ ਕਿਉਂਕਿ ਹਰ ਵਾਰ ਉਹ ਮੀਟਿੰਗ ਤੋਂ ਪਿੱਛੇ ਹਟ ਜਾਂਦੇ ਹਨ। ਉਧਰ ਡਾਕਟਰਾਂ ਨੇ ਦਾਅਵਾ ਕੀਤਾ ਕਿ ਉਹ ਸਿੱਧੇ ਪ੍ਰਸਾਰਣ ਜਾਂ ਵੀਡੀਓ ਰਿਕਾਰਡਿੰਗ ਤੋਂ ਬਗ਼ੈਰ ਮੀਟਿੰਗ ਲਈ ਸਹਿਮਤ ਹੋ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਮੋੜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਮੰਗਾਂ ਨੂੰ ਲੈ ਕੇ ਜੂਨੀਅਰ ਡਾਕਟਰ ਸਾਲਟ ਲੇਕ ਸਥਿਤ ਸਵਾਸਥ ਭਵਨ ਦੇ ਬਾਹਰ ਧਰਨੇ ਉਪਰ ਬੈਠੇ ਹੋਏ ਹਨ। ਉਹ ਮੰਗ ਕਰ ਰਹੇ ਹਨ ਕਿ ਕੋਲਕਾਤਾ ਪੁਲੀਸ ਕਮਿਸ਼ਨਰ ਵਿਨੀਤ ਗੋਇਲ, ਸਿਹਤ ਸਕੱਤਰ ਐੱਨਐੱਸ ਨਿਗਮ, ਸਿਹਤ ਸੇਵਾਵਾਂ ਦੇ ਡਾਇਰੈਕਟਰ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਮੁਅੱਤਲ ਕੀਤਾ ਜਾਵੇ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਅਚਾਨਕ ਹੀ ਸਾਲਟ ਲੇਕ ਸਥਿਤ ਸਵਾਸਥ ਭਵਨ ’ਤੇ ਡਾਕਟਰਾਂ ਦੇ ਧਰਨੇ ਵਾਲੀ ਥਾਂ ਉਪਰ ਪਹੁੰਚੀ ਅਤੇ ਉਨ੍ਹਾਂ ਨੂੰ ਤੁਰੰਤ ਕੰਮ ’ਤੇ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਮੈਂ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਤੁਹਾਡੀ ਦੀਦੀ ਵਜੋਂ ਇਥੇ ਤੁਹਾਨੂੰ ਮਿਲਣ ਲਈ ਆਈ ਹਾਂ। ਜੇ ਕੋਈ ਦੋਸ਼ੀ ਮਿਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’ ਮਮਤਾ ਨੇ ਕਿਹਾ ਕਿ ਡਾਕਟਰਾਂ ਵੱਲੋਂ ਮੀਂਹ ’ਚ ਸੜਕਾਂ ’ਤੇ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਇਹ ਆਖਰੀ ਕੋਸ਼ਿਸ਼ ਹੈ। ਮਮਤਾ ਨੇ ਡਾਕਟਰਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਇਹ ਉੱਤਰ ਪ੍ਰਦੇਸ਼ ਨਹੀਂ। ਇਸ ਦੌਰਾਨ ਸੀਬੀਆਈ ਨੇ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਆਰ ਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਐੱਸਐੱਚਓ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ