For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਹੜਤਾਲ

09:02 AM Aug 20, 2024 IST
ਕੋਲਕਾਤਾ ਕਾਂਡ  ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਹੜਤਾਲ
ਪਟਿਆਲਾ ਵਿੱਚ ਪੁਲੀਸ ਮੁਲਾਜ਼ਮਾਂ ਦੇ ਰੱਖੜੀਆਂ ਬੰਨ੍ਹ ਕੇ ਆਪਣੀ ਸੁਰੱਖਿਆ ਦੀ ਮੰਗ ਕਰਦੀਆਂ ਹੋਈਆਂ ਮਹਿਲਾ ਡਾਕਟਰਾਂ। -ਫੋਟੋ: ਰਾਜੇਸ਼ ਸੱਚਰ
Advertisement

ਪੱਤਰ ਪ੍ਰੇਰਕ
ਪਟਿਆਲਾ, 19 ਅਗਸਤ
ਕੋਲਕਾਤਾ ਵਿੱਚ ਟਰੇਨੀ ਡਾਕਟਰ ਦੇ ਬਲਾਤਕਾਰ ਮਗਰੋਂ ਕੀਤੇ ਕਤਲ ਦੇ ਵਿਰੋਧ ਵਿੱਚ ਅੱਜ ਫੇਰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ। ਇਸ ਮੌਕੇ ਮਹਿਲਾ ਡਾਕਟਰਾਂ ਨੇ ਆਪਣੇ ਸਾਥੀ ਡਾਕਟਰਾਂ ਤੇ ਪੁਲੀਸ ਮੁਲਾਜ਼ਮਾਂ ਨੂੰ ਕਾਲੇ ਰੰਗ ਦੀਆਂ ਰੱਖੜੀਆਂ ਬੰਨ੍ਹ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ।
ਇਸ ਮੌਕੇ ਮਹਿਲਾ ਡਾਕਟਰਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਹਿਲਾ ਡਾਕਟਰਾਂ ਦੀ ਸੁਰੱਖਿਆ ਬਿਲਕੁਲ ਨਹੀਂ ਹੈ, ਜਿਸ ਕਰਕੇ ਉਨ੍ਹਾਂ ’ਤੇ ਕਿਤੇ ਵੀ ਹਮਲਾ ਹੋ ਸਕਦਾ ਹੈ, ਇਸ ਕਰਕੇ ਹਸਪਤਾਲਾਂ ਵਿਚ ਮਹਿਲਾ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਵੇਲੇ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਪੰਜਾਬੀ ਯੂਨੀਵਰਸਿਟੀ ਦੇ ਸਾਂਝਾ ਵਿਦਿਆਰਥੀ ਮੋਰਚਾ ਨੇ ਵੀ ਕੀਤੀ, ਜਿਨ੍ਹਾਂ ਨੇ ਇੱਥੇ ਆ ਕੇ ਕਿਹਾ ਕਿ ਕੋਲਕੱਤਾ ਵਿਚ ਹੋਏ ਦਰਦਨਾਕ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਅੱਜ ਇੱਥੇ ਫ਼ੈਸਲਾ ਕੀਤਾ ਗਿਆ ਕਿ 20 ਅਗਸਤ ਨੂੰ ਪੋਲੋ ਗਰਾਊਂਡ ਪਟਿਆਲਾ ਵਿੱਚ ਸਾਰੀਆਂ ਹਮਖ਼ਿਆਲੀ ਜਥੇਬੰਦੀਆਂ ਡਾਕਟਰਾਂ ਦੀ ਹਮਾਇਤ ਵਿਚ ਸ਼ਾਮ 6 ਵਜੇ ਮੋਮਬੱਤੀ ਮਾਰਚ ਕਰਨਗੀਆਂ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿਚ ਵੀ ਕੱਲ੍ਹ ਸ਼ਾਮ ਮੋਮਬੱਤੀ ਮਾਰਚ ਹੋਵੇਗਾ।
ਘਨੌਰ (ਦਰਸ਼ਨ ਸਿੰਘ ਮਿੱਠਾ): ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਡਾ.ਵਿਜੈਪਾਲ ਘਨੌਰ, ਮਨਰੇਗਾ ਆਗੂ ਪ੍ਰੇਮ ਸਿੰਘ ਘਨੌਰ, ਸਾਹਿਲ ਕੁਮਾਰ ਅਤੇ ਸੁਨੀਲ ਕੁਮਾਰ ਤਹਿਸੀਲ ਸਕੱਤਰ ਸੀਪੀਐੱਮ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚਾਹੇ ਸਰਕਾਰੀ ਡਾਕਟਰ ਹੋਵੇ ਜਾਂ ਪ੍ਰਾਈਵੇਟ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਧੂਰੀ (ਪਵਨ ਕੁਮਾਰ ਵਰਮਾ): ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਧੂਰੀ ਵੱਲੋਂ ਕੋਲਕਾਤਾ ਕਾਂਡ ਦੇ ਪੀੜਤਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਪਾਰਕ ਵਿੱਚ ਸ਼ੋਕ ਸਭਾ ਕਰਕੇ ਅਤੇ ਮੋਮਬੱਤੀਆਂ ਜਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਜਗਦੀਸ਼ ਸ਼ਰਮਾ ਨੇ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਸਾਰੋਂ, ਸਰਬਜੀਤ ਸਿੰਘ ਰਾਜੋਮਾਜਰਾ, ਗੁਰਦਿਆਲ ਸਿੰਘ ਨਿਰਮਾਣ ਸ਼ਾਮਲ ਹੋਏ ।

ਮਲਟੀਪਰਪਜ਼ ਜਥੇਬੰਦੀ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ

ਸੰਦੌੜ (ਮੁਕੰਦ ਸਿੰਘ ਚੀਮਾ):

Advertisement

ਕੋਲਕਾਤਾ ਕਾਂਡ ਖ਼ਿਲਾਫ਼ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਮਲਟੀਪਰਪਜ਼ ਹੈਲਥ ਐਂਪਲਾਈਜ ਯੂਨੀਅਨ ਪੰਜਾਬ ਬਲਾਕ ਫਤਹਿਗੜ੍ਹ ਪੰਜਗਰਾਈਆਂ ਅਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਲਟੀਪਰਪਜ਼ ਹੈਲਥ ਐਂਪਲਾਈਜ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਗੁਲਜ਼ਾਰ ਖਾਨ, ਸੂਬਾ ਪ੍ਰੈਸ ਸਕੱਤਰ ਅਤੇ ਸਿਹਤ ਬਲਾਕ ਫ਼ਤਹਿਗੜ੍ਹ ਪੰਜਗਰਾਈਆਂ ਦੇ ਪ੍ਰਧਾਨ ਰਾਜੇਸ਼ ਰਿਖੀ ਪੰਜਗਰਾਈਆਂ ਨੇ ਦੱਸਿਆ ਕਿ ਉਹ ਨਿਰਪੱਖ ਜਾਂਚ ਲਈ ਸੰਘਰਸ਼ ਕਰ ਰਹੀ ਡਾਕਟਰਾਂ ਦੀ ਜਥੇਬੰਦੀ ਦੇ ਨਾਲ ਖੜ੍ਹੇ ਹਨ।

Advertisement
Author Image

joginder kumar

View all posts

Advertisement
×