ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ: ਰੈਜ਼ੀਡੈਂਟ ਡਾਕਟਰਾਂ ਨੇ ਬੰਨ੍ਹੀਆਂ ‘ਕਾਲੀਆਂ’ ਰੱਖੜੀਆਂ

08:42 AM Aug 20, 2024 IST
ਚੰਡੀਗੜ੍ਹ ਦੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੀਜੀਆਈ ਦੇ ਡਾਕਟਰ। -ਫੋਟੋ: ਵਿੱਕੀ ਘਾਰੂ

ਕੁਲਦੀਪ ਸਿੰਘ
ਚੰਡੀਗੜ੍ਹ, 19 ਅਗਸਤ
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਚੰਡੀਗੜ੍ਹ ਸਥਿਤ ਪੀਜੀਆਈ, ਜੀਐੱਮਸੀਐੱਚ-32, ਜੀਐੱਮਐੱਸਐੱਚ-16 ਵਿੱਚ ਡਾਕਟਰਾਂ ਤੇ ਫੈਕਲਟੀ ਦੀ ਹੜਤਾਲ ਕਾਰਨ ਇਨ੍ਹਾਂ ਹਸਪਤਾਲਾਂ ਸਿਹਤ ਸੇਵਾਵਾਂ ਠੱਪ ਹਨ। ਸੈਂਕੜੇ ਮਰੀਜ਼ ਹਰ ਰੋਜ਼ ਇਨ੍ਹਾਂ ਹਸਪਤਾਲਾਂ ਵਿੱਚੋਂ ਇਲਾਜ ਕਰਵਾਏ ਬਿਨਾਂ ਖੱਜਲ-ਖੁਆਰ ਹੋ ਕੇ ਪਰਤ ਰਹੇ ਹਨ। ਹਸਪਤਾਲਾਂ ਵਿੱਚ ਫੈਕਲਟੀ ਐਸੋਸੀਏਸ਼ਨਾਂ ਅਤੇ ਨਾਨ-ਫੈਕਲਟੀ ਐਸੋਸੀਏਸ਼ਨਾਂ ਵੱਲੋਂ ਵੀ ਡਾਕਟਰਾਂ ਦੀ ਹੜਤਾਲ ਨੂੰ ਸਮਰਥਨ ਦੇਣ ਕਰਕੇ ਸਥਿਤੀ ਹੋਰ ਗੰਭੀਰ ਬਣ ਗਈ ਹੈ। ਪੀਜੀਆਈ ਵਿੱਚ ਰੈਜ਼ੀਡੈਂਟਸ ਡਾਕਟਰ ਐਸੋਸੀਏਸ਼ਨ ਦੇ ਸੱਦੇ ਉਤੇ ਅੱਜ ਪੂਰਾ ਦਿਨ ਵੱਖੋ-ਵੱਖਰੇ ਢੰਗਾਂ ਨਾਲ ਰੋਸ ਪ੍ਰਗਟ ਕੀਤਾ ਗਿਆ। ਸੰਘਰਸ਼ ਦੇ ਬਦਲਵੇਂ ਰੂਪ ਵਜੋਂ ਅੱਜ ਰੱਖੜੀ ਦੇ ਤਿਉਹਾਰ ਵਾਲੇ ਦਿਨ ਡਾਕਟਰਾਂ ਨੇ ਸਵੇਰ ਸਮੇਂ ਸਕਿਉਰਿਟੀ ਸਟਾਫ਼ ਨੂੰ ਕਾਲੇ ਰੰਗ ਦੀਆਂ ਰੱਖੜੀਆਂ ਬੰਨ੍ਹ ਕੇ ਰੋਸ ਜ਼ਾਹਿਰ ਕੀਤਾ ਅਤੇ ਕੈਰੋਂ ਬਲਾਕ ਤੋਂ ਸ਼ੁਰੂ ਕਰਕੇ ਪੂਰੇ ਪੀਜੀਆਈ ਕੈਂਪਸ ਵਿੱਚ ਪੈਦਲ ਰੋਸ ਮਾਰਚ ਕੱਢਿਆ। ਇਸ ਉਪਰੰਤ ‘ਐਪਰਨ’ ਅਤੇ ਸਫ਼ੇਦ ਟੀ-ਸ਼ਰਟਾਂ ਉਤੇ ਪੇਂਟਿੰਗਾਂ ਬਣਾ ਕੇ ਡਾਕਟਰਾਂ ਦਾ ਦੁਖੀ ਸੰਦੇਸ਼ ਸਰਕਾਰ ਅਤੇ ਆਮ ਜਨਤਾ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ। ਸ਼ਾਮ ਸਮੇਂ ਕੈਰੋਂ ਬਲਾਕ ਵਿੱਚ ਇਕੱਠੇ ਹੋਏ ਡਾਕਟਰਾਂ ਨੇ ਫੈਕਲਟੀ ਐਸੋਸੀਏਸ਼ਨ ਸਮੇਤ ਹੋਰ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਨਾਲ ਮਿਲ ਕੇ ਆਪਣੇ ਬੱਚਿਆਂ ਅਤੇ ਭਰਾਵਾਂ ਨੂੰ ਔਰਤ ਪ੍ਰਤੀ ਸਤਿਕਾਰ ਪੈਦਾ ਕਰਨ ਦਾ ਅਹਿਦ ਲਿਆ।
ਡਾਕਟਰਾਂ ਵੱਲੋਂ ਦੇਰ ਸ਼ਾਮ ਪੀਜੀਆਈ ਦੇ ਗੇਟ ਨੰਬਰ-1 ਤੋਂ ਲੈ ਕੇ ਸੈਕਟਰ-17 ਪਲਾਜ਼ਾ ਤੱਕ ‘ਲਾਈਟ ਫਾਰ ਰਾਈਟ’ ਸਿਰਲੇਖ ਹੇਠ ਰੋਸ ਮਾਰਚ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ‘ਡਾਕਟਰਾਂ ਲਈ ਕੇਂਦਰੀ ਸੁਰੱਖਿਆ ਐਕਟ’ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਕਿਸੇ ਵੀ ਅਪਰਾਧ ਨੂੰ ਰੋਕਣ ਲਈ ਦੇਸ਼ ਦੇ ਹਸਪਤਾਲਾਂ ਵਿੱਚ ਸੁਰੱਖਿਆ ਵਧਾਈ ਜਾਵੇ। ਹਰੇਕ ਹਸਪਤਾਲ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ, ਇਕਾਂਤ ਖੇਤਰਾਂ ਅਤੇ ਪੇਂਡੂ ਪੀਐੱਚਸੀਜ਼ ਵਿੱਚ ਉੱਚ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਸਮੂਹ ਡਾਕਟਰੀ ਭਾਈਚਾਰੇ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ।

Advertisement

ਕੰਟਰੈਕਟ ਵਰਕਰਜ਼ ਯੂਨੀਅਨ ਤੇ ਨਾਨ-ਫੈਕਲਟੀ ਵੱਲੋਂ ਹੜਤਾਲ ਨੂੰ ਸਮਰਥਨ

ਪੀਜੀਆਈ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ) ਨੇ ਵੀ ਡਾਕਟਰਾਂ ਦੀ ਹੜਤਾਲ ਨੂੰ ਸਮਰਥਨ ਦਿੰਦਿਆਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਉਣ ਦਾ ਐਲਾਨ ਕੀਤਾ। ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ, ਜਨਰਲ ਸਕੱਤਰ ਹਿਮਾਂਸ਼ੂ ਅਤੇ ਚੇਅਰਮੈਨ ਹਰਭਜਨ ਸਿੰਘ ਭੱਟੀ ਨੇ ਕੋਲਕਾਤਾ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਨਿਰਭੈਯਾ ਕਾਂਡ ਮਗਰੋਂ ਵਾਪਰੀ ਇਸ ਘਟਨਾ ਨੇ ਦੇਸ਼ ਦੀ ਸੁਰੱਖਿਆ ਏਜੰਸੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ-ਫੈਕਲਟੀ) ਚੰਡੀਗੜ੍ਹ ਦੇ ਪ੍ਰਧਾਨ ਹਰਭਜਨ ਸਿੰਘ ਭੱਟੀ, ਜਨਰਲ ਸਕੱਤਰ ਤਰਨਦੀਪ ਸਿੰਘ, ਮੀਤ ਪ੍ਰਧਾਨ ਦਿਨੇਸ਼ ਕੁਮਾਰ ਵਰਮਾ ਅਤੇ ਆਰਗੇਨਾਈਜ਼ਿੰਗ ਸੈਕਟਰੀ ਸਾਵਨ ਕੁਮਾਰ ਨੇ ਵੀ ਡਾਕਟਰਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ।

ਜੀਐੱਮਸੀਐੱਚ-32 ਵਿੱਚ ਦੇਖੇ ਜਾਣਗੇ ਸਿਰਫ਼ ਪੁਰਾਣੇ ਮਰੀਜ਼

ਸਰਕਾਰੀ ਕਾਲਜ ਤੇ ਮੈਡੀਕਲ ਕਾਲਜ (ਜੀਐੱਮਸੀਐੱਚ-32) ਚੰਡੀਗੜ੍ਹ ਵਿੱਚ ਡਾਕਟਰਾਂ ਦੀ ਹੜਤਾਲ ਕਰਕੇ ਭਲਕੇ 20 ਅਗਸਤ ਤੋਂ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੇ ਰਜਿਸਟ੍ਰੇਸ਼ਨ ਕਾਰਡ ਨਹੀਂ ਬਣਾਏ ਜਾਣਗੇ ਜਿਸ ਕਰਕੇ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਸਿਰਫ਼ ਫਾਲੋਅੱਪ ਵਾਲੇ ਪੁਰਾਣੇ ਮਰੀਜ਼ਾਂ ਨੂੰ ਦੇਖਣ ਲਈ ਓਪੀਡੀ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ।

Advertisement

ਸਾਬਕਾ ਪੀਸੀਐੱਸ ਅਫਸਰਾਂ ਵੱਲੋਂ ਡਾਕਟਰਾਂ ਦੇ ਸਮਰਥਨ ’ਚ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ

ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਪੀਸੀਐੱਸ ਅਫਸਰ।

ਚੰਡੀਗੜ੍ਹ (ਆਤਿਸ਼ ਗੁਪਤਾ):

ਪੰਜਾਬ ਸਿਵਲ ਸਰਵਿਸ (ਈਬੀ) ਸੇਵਾਮੁਕਤ ਆਫੀਸਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਸੈਕਟਰ-17 ਚੰਡੀਗੜ੍ਹ ਪਲਾਜ਼ਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਜੀਐੱਸ ਬਾਹੀਆ, ਪ੍ਰਧਾਨ ਡਾ. ਬਲਬੀਰ ਸਿੰਘ ਢੋਲ, ਜਨਰਲ ਸਕੱਤਰ ਐੱਸਐੱਲ ਭੁਮਕ ਤੇ ਮੀਤ ਪ੍ਰਧਾਨ ਪ੍ਰਧਾਨ ਐੱਸਪੀਐੱਸ ਮਰਾੜ ਨੇ ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਮਗਰੋਂ ਵਹਿਸੀ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਹਿਦ ਲਿਆ ਕਿ ਐਸੋਸੀਏਸ਼ਨ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਾਰਤ ਸਰਕਾਰ ਤੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਅਣਮਨੁੱਖੀ ਤੇ ਦਿਲ-ਦਹਿਲਾਊ ਘਟਨਾ ਸਬੰਧੀ ਫੌਰੀ ਤੇ ਸਖ਼ਤ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇ ਤਾਂ ਜੋ ਮਾਮਲੇ ’ਚ ਜਲਦ ਇਨਸਾਫ਼ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਡਿਊਟੀ ਦੌਰਾਨ ਡਾਕਟਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ। ਇਸ ਮੌਕੇ ਇੰਦੂ ਮਿਸ਼ਰਾ ਐੱਨਐੱਸ ਬਰਾੜ, ਜੀਐੱਸ ਪਨੂੰ ਤੇ ਹੋਰ ਸੇਵਾ ਮੁਕਤ ਪੀਸੀਐੱਸ ਅਧਿਕਾਰੀ ਮੌਜੂਦ ਰਹੇ।

Advertisement
Advertisement