ਕੋਲਕਾਤਾ ਕਾਂਡ: ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ
ਗੁਰਿੰਦਰ ਸਿੰਘ
ਲੁਧਿਆਣਾ, 18 ਅਗਸਤ
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ), ਸੋਸ਼ਲ ਥਿੰਕਰਜ਼ ਫੋਰਮ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਸਾਂਝੇ ਤੌਰ ’ਤੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਅਤਿ ਘਿਨਾਉਣੇ ਅਪਰਾਧ ਤੇ ਹੱਤਿਆ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾਵਾਂ ਦੇਣ ਅਤੇ ਜਲਦੀ ਤੋਂ ਜਲਦੀ ਨਿਆਂ ਦਿਵਾਉਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ।
ਇਹ ਰੋਸ ਮਾਰਚ ਆਰਤੀ ਸਿਨਮਾ ਚੌਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ, ਗੁਰਦੁਆਰਾ ਮਾਤਾ ਨੰਦ ਕੌਰ ਤੋਂ ਹੁੰਦਾ ਹੋਇਆ ਵਾਪਸ ਆਰਤੀ ਚੌਕ ਵਿੱਚ ਸਮਾਪਤ ਹੋਇਆ ਜਿੱਥੇ ਮੋਮਬਤੀਆਂ ਜਗਾ ਕੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਅਰੁਣ ਮਿੱਤਰਾ ਪ੍ਰਧਾਨ ਆਈਡੀਪੀਡੀ, ਐੱਮ ਐੱਸ ਭਾਟੀਆ ਕਨਵੀਨਰ ਸੋਸ਼ਲ ਥਿੰਕਰਜ਼ ਫ਼ੋਰਮ ਅਤੇ ਡਾ. ਗੁਰਚਰਨ ਕੌਰ ਕੋਚਰ ਪ੍ਰਧਾਨ ਪੰਜਾਬ ਇਸਤਰੀ ਸਭਾ ਨੇ ਮੰਗ ਕੀਤੀ ਕਿ ਕੋਲਕਾਤਾ ਕੇਸ ਵਿੱਚ ਫੌਰਨ ਨਿਆਂ ਦਿੱਤਾ ਜਾਵੇ, ਮਹਿਲਾਵਾਂ ਨਾਲ ਯੌਨ ਅਪਰਾਧਾਂ ਦੇ ਜੁੜੇ ਹੋਏ ਕੇਸਾਂ ਦੇ ਫਾਸਟ ਟਰੈਕ ਕੋਰਟ ਰਾਹੀਂ ਛੇਤੀ ਤੋਂ ਛੇਤੀ ਫ਼ੈਸਲੇ ਕੀਤੇ ਜਾਣ ਅਤੇ ਸਿਹਤ ਕਰਮੀਆਂ ਉੱਪਰ ਹਿੰਸਾ ਬਾਰੇ ਕੇਂਦਰੀ ਪੱਧਰ ’ਤੇ ਕਾਨੂੰਨ ਜਲਦੀ ਤੋਂ ਜਲਦੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੇਸ ਸੀਬੀਆਈ ਦੇ ਅਧੀਨ ਹੈ ਪਰ ਇਸ ਕੇਸ ਦੀ ਜਾਣਕਾਰੀ ਦੇ ਜ਼ਰੂਰੀ ਪਹਿਲੂ ਲੋਕਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਕਿ ਛਾਣਬੀਣ ਤੇ ਲੋਕਾਂ ਦਾ ਵਿਸ਼ਵਾਸ ਬਣ ਸਕੇ। ਇਸ ਮੌਕੇ ਡਾ. ਗਗਨਦੀਪ, ਡਾ. ਮੋਨਿਕਾ ਧਵਨ, ਡਾ. ਸੂਰਜ ਢਿੱਲੋਂ, ਡਾ. ਅੰਕੁਸ਼ ਕੁਮਾਰ, ਡਾ. ਕੁਸਮ ਲਤਾ, ਡਾ. ਪ੍ਰਗਿਆ ਸ਼ਰਮਾ, ਡਾ. ਅਗਮ ਗੀਤ, ਡਾ. ਨਰਿੰਦਰ, ਸੁਰਿੰਦਰ ਕੌਰ ਗਿੱਲ, ਸੁਸ਼ਮਾ ਓਬਰਾਏ, ਰਣਜੀਤ ਸਿੰਘ, ਸ਼ੁਭਦੀਪ ਔਲਖ, ਬਰਜਿੰਦਰ ਕੌਰ ਅਤੇ ਰੁਮਾਨੀ ਨੇ ਵੀ ਸੰਬੋਧਨ ਕੀਤਾ।
ਰੋਸ ਮਾਰਚ ਵਿੱਚ ਸੰਸਦ ਮੈਂਬਰ ਰਾਜਾ ਵੜਿੰਗ ਨੇ ਵੀ ਹਿੱਸਾ ਲਿਆ
ਰੋਸ ਮਾਰਚ ਵਿੱਚ ਵਿੱਚ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਿੱਸਾ ਲਿਆ। ਉਹ ਫਿਰੋਜ਼ਪੁਰ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਉਹ ਰੋਸ ਮਾਰਚ ਵੇਖਕੇ ਰੁੱਕ ਗਏ ਅਤੇ ਕੁੱਝ ਸਮੇਂ ਲਈ ਮਾਰਚ ਵਿੱਚ ਸ਼ਾਮਲ ਹੋਏ। ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੰਸਦ ਵਿੱਚ ਇਸ ਮਸਲੇ ਨੂੰ ਉਠਾਉਣਗੇ ਅਤੇ ਡਾਕਟਰਾਂ ਦੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਨੂੰ ਲੈ ਕੇ ਪ੍ਰਾਈਵੇਟ ਬਿੱਲ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਜੇ ਡਾਕਟਰਾਂ ਜਾਂ ਹੋਰ ਮੈਡੀਕਲ ਸਟਾਫ਼ ਨਾਲ ਡਿਊਟੀ ’ਤੇ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਉਹ ਬਾਕੀ ਮਹਿਕਮਿਆਂ ਵਾਂਗ ਹੀ ਕਾਨੂੰਨ ਤਹਿਤ ਨਜਿੱਠਿਆ ਜਾਣਾ ਚਾਹੀਦਾ ਹੈ।