ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਲਕਾਤਾ ਕਾਂਡ: ਜੀਐੱਮਸੀਐੱਚ-32 ਵਿੱਚ ਭਲਕ ਤੋਂ ਬੰਦ ਹੋਣਗੀਆਂ ਓਪੀਡੀ ਸੇਵਾਵਾਂ

07:45 AM Aug 18, 2024 IST
ਪੀਜੀਆਈ ਵਿੱਚ ਓਪੀਡੀ ਬੰਦ ਹੋਣ ਕਾਰਨ ਖੱਜਲ ਹੋ ਰਹੇ ਮਰੀਜ਼। -ਫੋਟੋ: ਰਵੀ ਕੁਮਾਰ

ਕੁਲਦੀਪ ਸਿੰਘ
ਚੰਡੀਗੜ੍ਹ, 17 ਅਗਸਤ
ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਜੀਐਮਸੀਐਚ ਸੈਕਟਰ-32 ਦੀ ਫੈਕਲਟੀ ਵੈੱਲਫੇਅਰ ਬਾਡੀ ਵੱਲੋਂ ਵੀ ਸੋਮਵਾਰ 19 ਅਗਸਤ ਤੋਂ ਕਲਮ ਛੱਡੋ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵੈੱਲਫੇਅਰ ਬਾਡੀ ਦੇ ਪ੍ਰਧਾਨ ਪ੍ਰੋਫੈਸਰ ਅਸ਼ਵਨੀ ਕੇ. ਦਲਾਲ, ਜਨਰਲ ਸਕੱਤਰ ਪ੍ਰੋ. ਅਮਨਦੀਪ ਸਿੰਘ ਖ਼ਜਾਨਚੀ, ਪ੍ਰੋ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਉਪਰੰਤ ਕੀਤੀ ਹੱਤਿਆ ਖ਼ਿਲਾਫ਼ ਦੇਸ਼ ਭਰ ਵਿੱਚ ਡਾਕਟਰਾਂ ਦੀ ਚੱਲ ਰਹੀ ਹੜਤਾਲ ਨੂੰ ਜੀਐਮਸੀਐਚ-32 ਫੈਕਲਟੀ ਵੈੱਲਫੇਅਰ ਬਾਡੀ ਵੱਲੋਂ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਅਗਸਤ ਦਿਨ ਸੋਮਵਾਰ ਨੂੰ ਜੀਐਮਸੀਐਚ-32 ਦੀਆਂ ਸਾਰੀਆਂ ਓਪੀਡੀਜ਼ ਵਿੱਚ ਕਲਮ ਛੱਡੋ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ, ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ।
ਪੀਜੀਆਈ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਅੱਜ ਗੇਟ ਨੰਬਰ-1 ਤੋਂ ਲੈ ਕੇ ਸੈਕਟਰ-17 ਚੰਡੀਗੜ੍ਹ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੇ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਕੋਲਕਾਤਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰੋਟੈਕਸ਼ਨ ਐਕਟ ਬਣਾਇਆ ਜਾਵੇ। ਇਸ ਸਬੰਧੀ ਡਾ. ਸੰਚਿਤ ਨਾਰੰਗ ਨੇ ਦੱਸਿਆ ਕਿ ਜੀਐਮਸੀਐਚ-32 ਦੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਾਈਵੇਟ ਡਾਕਟਰਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ
ਰੂਪਨਗਰ (ਜਗਮੋਹਨ ਸਿੰਘ): ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਰੂਪਨਗਰ ਜ਼ਿਲ੍ਹੇ ਦੇ ਸਮੂਹ ਡਾਕਟਰਾਂ ਨੇ ਹਸਪਤਾਲਾਂ ਵਿੱਚ ਸਵੇਰੇ 6 ਤੋਂ ਸ਼ਾਮ 6 ਤੱਕ ਸਿਹਤ ਸੇਵਾਵਾਂ ਠੱਪ ਰੱਖੀਆਂ। ਆਈਐਮਏ ਰੂਪਨਗਰ ਇਕਾਈ ਵੱਲੋਂ ਕੇਂਦਰ ਸਰਕਾਰ ਦੇ ਨਾਂ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੂੰ ਮੰਗ ਪੱਤਰ ਸੌਂਪ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਡਾ. ਭਾਨੂੰ ਪਰਤਾਪ ਸਿੰਘ ਪਰਮਾਰ, ਜਨਰਲ ਸਕੱਤਰ ਡਾ. ਜਗਦੀਪ ਚੌਧਰੀ, ਸਾਬਕਾ ਪ੍ਰਧਾਨ ਡਾ. ਆਰਐੱਸ ਪਰਮਾਰ, ਸੇਵਾਮੁਕਤ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ, ਡਾ. ਪਵਨ ਸ਼ਰਮਾ, ਡਾ. ਅਜੇ ਜਿੰਦਲ, ਡਾ. ਕਮਲਜੀਤ ਪੰਨੂ, ਡਾ. ਰਾਜੀਵ ਅਗਰਵਾਲ, ਡਾ. ਧਰਮ ਸਿੰਘ, ਡਾ. ਅਰੁਣ ਸਿਰੋਹੀ, ਡਾ. ਨਮਰਤਾ ਪਰਮਾਰ, ਡਾ. ਕੇਐੱਸ ਦੇਵ ਆਦਿ ਹਾਜ਼ਰ ਸਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਕੋਲਕਾਤਾ ਜਬਰ-ਜਨਾਹ ਘਟਨਾ ਖ਼ਿਲਾਫ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਅੰਬਾਲਾ ਦੇ ਪ੍ਰਾਈਵੇਟ ਡਾਕਟਰਾਂ ਨੇ ਮ੍ਰਿਤਕ ਡਾਕਟਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ’ਤੇ 24 ਘੰਟਿਆਂ ਲਈ ਓਪੀਡੀ ਬੰਦ ਕਰ ਕੇ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ। ਭਲਕੇ ਸਵੇਰੇ 6 ਵਜੇ ਤੱਕ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਆਪਣੀਆਂ ਸੇਵਾਵਾਂ ਬੰਦ ਰੱਖਣਗੇ।
ਆਈਐੱਮਏ ਅੰਬਾਲਾ ਯੂਨਿਟ ਦੇ ਮੁਖੀ ਡਾ. ਅਸ਼ੋਕ ਸਰਵਾਲ ਨੇ ਕਿਹਾ ਕਿ ਸਰਕਾਰ ਨੂੰ ਡਾਕਟਰਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਕਾਨੂੰਨ ਬਣਾਉਣਾ ਚਾਹੀਦਾ ਹੈ। ਇੱਥੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਨਹੀਂ ਕੀਤੀ। ਅੰਬਾਲਾ ਕੈਂਟ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਡਾਕਟਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੋਮਬਤੀਆਂ ਜਗਾ ਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ।

Advertisement

ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੱਲੋਂ ਰੋਸ ਪ੍ਰਦਰਸ਼ਨ

ਬਨੂੜ (ਕਰਮਜੀਤ ਸਿੰਘ ਚਿੱਲਾ): ਕੋਲਕਾਤਾ ਜਬਰ-ਜਨਾਹ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਲਈ ਪੀਸੀਐਮਐਸ ਐਸੋਸੀਏਸ਼ਨ ਦੇ ਸੱਦੇ ਉੱਤੇ ਬਨੂੜ ਖੇਤਰ ਦੀਆਂ ਸਰਕਾਰੀ ਸਿਹਤ ਸੇਵਾਵਾਂ ਵਿੱਚ ਅੱਜ ਵੀ ਕੰਮ ਬੰਦ ਰਿਹਾ। ਬਨੂੜ ਦੇ ਸੀਐਸਸੀ ਵਿੱਚ ਸਮੁੱਚੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੇ ਹੜਤਾਲ ਰੱਖੀ ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਵੀ ਚਲਾਈਆਂ ਗਈਆਂ। ਇਸੇ ਤਰ੍ਹਾਂ ਸੀਐੱਚਸੀ ਕਾਲੋਮਾਜਰਾ ਵਿੱਚ ਵੀ ਓਪੀਡੀ ਸੇਵਾ ਬੰਦ ਰਹੀ। ਇੱਥੇ ਸਮੁੱਚੇ ਸਟਾਫ ਨੇ ਐੱਸਐੱਮਓ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਉਨ੍ਹਾਂ ਸਰਕਾਰਾਂ ਤੋਂ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਪੇਂਡੂ ਡਿਸਪੈਂਸਰੀਆਂ ਵਿੱਚ ਵੀ ਡਾਕਟਰੀ ਅਮਲੇ ਨੇ ਮੁਕੰਮਲ ਹੜਤਾਲ ਕੀਤੀ। ਕੈਮਿਸਟ ਐਸੋਸੀਏਸ਼ਨ ਅਤੇ ਪ੍ਰਾਈਵੇਟ ਡਾਕਟਰਾਂ ਨੇ ਵੀ ਦੋ ਘੰਟੇ ਦੁਕਾਨਾਂ ਬੰਦ ਰੱਖੀਆਂ।

Advertisement
Advertisement