For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ

11:30 AM Aug 18, 2024 IST
ਕੋਲਕਾਤਾ ਕਾਂਡ  ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ
ਅੰਮ੍ਰਿਤਸਰ ਵਿੱਚ ਰੋਸ ਮਾਰਚ ’ਚ ਹਿੱਸਾ ਲੈਂਦੇ ਹੋਏ ਡਾਕਟਰ ਅਤੇ ਹੋਰ ਮੈਡੀਕਲ ਸਟਾਫ। -ਫੋਟੋ: ਸੁਨੀਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਗਸਤ
ਕੋਲਕਾਤਾ ਦੇ ਇੱਕ ਮੈਡੀਕਲ ਕਾਲਜ ਵਿੱਚ ਮਹਿਲਾ ਰੈਜ਼ੀਡੈਂਟ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਵਿਰੋਧ ਵਿੱਚ ਅੱਜ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਿੱਤੇ ਸੱਦੇ ਦੇ ਸਮਰਥਨ ਵਿੱਚ ਓਪੀਡੀ ਸੇਵਾਵਾਂ ਬੰਦ ਰੱਖੀਆਂ। ਪ੍ਰਾਈਵੇਟ ਹਸਪਤਾਲਾਂ ਦੇ ਧਰਨੇ ਕਾਰਨ ਦੂਰ-ਦੁਰਾਡੇ ਤੋਂ ਆਏ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਇਸ ਦੌਰਾਨ ਵੱਖ-ਵੱਖ ਕਰਮਚਾਰੀ ਯੂਨੀਅਨਾਂ, ਐੱਨਜੀਓ, ਵਿਦਿਆਰਥੀਆਂ ਅਤੇ ਹੋਰਨਾਂ ਜਥੇਬੰਦੀਆਂ ਨੇ ਪੀੜਤਾ ਲਈ ਇਨਸਾਫ਼ ਦੀ ਮੰਗ ਕਰਦਿਆਂ ਸਰਕਾਰੀ ਮੈਡੀਕਲ ਕਾਲਜ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿੱਚ ਰੋਸ ਪ੍ਰਦਰਸ਼ਨ ਕੀਤਾ। ਨਰਸਿੰਗ ਐਸੋਸੀਏਸ਼ਨਾਂ, ਪੈਰਾ-ਮੈਡੀਕਲ ਮੁਲਾਜ਼ਮ ਯੂਨੀਅਨਾਂ ਅਤੇ ਅਧੀਨ ਸੇਵਾਵਾਂ ਯੂਨੀਅਨਾਂ ਦੇ ਮੈਂਬਰ ਵੀ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਏ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਨੇ ਮੀਤ ਪ੍ਰਧਾਨ ਜਗਜੀਵਨ ਸਿੰਘ ਨੇ ਕਿਹਾ ਕਿ ਉਹ ਰੈਜ਼ੀਡੈਂਟ ਡਾਕਟਰਾਂ ਦੇ ਸਮਰਥਨ ਵਿੱਚ ਹਨ ਜਿਨ੍ਹਾਂ ਨੇ ਅਜਿਹੇ ਮਹੱਤਵਪੂਰਨ ਮੁੱਦੇ ’ਤੇ ਲੜਾਈ ਦੀ ਅਗਵਾਈ ਕੀਤੀ ਹੈ। ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਸਮੇਤ ਜ਼ਿਆਦਾਤਰ ਸਿਹਤ ਕਰਮਚਾਰੀ ਔਰਤਾਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਪੰਜਾਬ ਵਿੱਚ ਵੀ ਮੈਡੀਕਲ ਕਿੱਤੇ ਨਾਲ ਸਬੰਧਤ ਕਰਮੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਵੀ ਕੱਢਿਆ। ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਮੈਡੀਕਲ ਪੇਸ਼ੇਵਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਲਿਆਂਦੇ ਜਾਣ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਪ੍ਰਤੀ ਜਾਗਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਵਿਰੋਧ ਵਿੱਚ ਅੱਜ ਆਈਐੱਮਏ ਦੇ ਸੱਦੇ ’ਤੇ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਓਪੀਡੀ ਸੇਵਾਵਾਂ ਬੰਦ ਕਰਕੇ ਇੱਥੇ ਰੋਸ ਧਰਨਾ ਦਿੱਤਾ। ਇਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਡਾ. ਵਿਜੈ ਜਸਵਾਲ, ਜਨਰਲ ਸਕੱਤਰ ਪੁਨੀਤ ਸ਼ਰਮਾ, ਡਾ. ਬੀਨਾ ਮਿਸ਼ਰਾ, ਡਾ. ਐੱਮਐੱਲ ਅੱਤਰੀ ਨੇ ਸੰਬੋਧਨ ਕੀਤਾ। ਜਦਕਿ ਇੰਡੀਅਨ ਡੈਂਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵੀਵੀ ਚੋਪੜਾ, ਡਾ. ਮਹਿੰਦਰ ਮਹਾਜਨ ਅਤੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਿਤ ਨੇ ਵੀ ਸ਼ਾਮਲ ਹੋ ਕੇ ਸਮਰਥਨ ਕੀਤਾ।
ਫਗਵਾੜਾ (ਜਸਬੀਰ ਸਿੰਘ ਚਾਨਾ): ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਸੱਦੇ ’ਤੇ ਅੱਜ ਫਗਵਾੜਾ ਦੇ ਸਮੂਹ ਡਾਕਟਰਾਂ ਨੇ ਕੋਲਕਾਤਾ ’ਚ ਮਹਿਲਾ ਡਾਕਟਰ ਦੀ ਹੱਤਿਆ ਦੇ ਰੋਸ ਵਿੱਚ ਹੜਤਾਲ ਕੀਤੀ ਤੇ ਓਪੀਡੀ ਸੇਵਾਵਾਂ ਪੂਰਾ ਦਿਨ ਠੱਪ ਰਹੀਆਂ। ਇਸ ਮੌਕੇ ਆਈਐੱਮਏ ਦੇ ਸਕੱਤਰ ਡਾ. ਤੁਸ਼ਾਰ ਅਗਰਵਾਲ ਦੀ ਅਗਵਾਈ ਵਿੱਚ ਡਾਕਟਰਾਂ ਨੇ ਐੱਸਪੀ ਫਗਵਾੜਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਡਾ. ਐੱਸ ਮਹਿੰਦਰਾ, ਆਈਐੱਮਏ ਦੇ ਸਾਬਕਾ ਸੂਬਾ ਪ੍ਰਧਾਨ ਡਾ. ਐੱਸਪੀਐੱਸ ਸੂਚ, ਡਾ. ਰਾਜਨ, ਡਾ. ਬਲਬੀਰ ਭਾਰਦਵਾਜ, ਡਾ. ਜੀਬੀਸਿੰਘ, ਡਾ. ਸੰਜੀਵ ਸਰੋਆ ਆਦਿ ਸ਼ਾਮਲ ਸਨ।

ਡਾਕਟਰਾਂ ਨੇ ਰੋਸ ਪ੍ਰਗਟ ਕਰਦਿਆਂ ਇਨਸਾਫ਼ ਮੰਗਿਆ

ਟਾਂਡਾ (ਪੱਤਰ ਪ੍ਰੇਰਕ): ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਇਥੋਂ ਦੀ ਆਈਐੱਮਏ ਇਕਾਈ ਨਾਲ ਜੁੜੇ ਡਾਕਟਰਾਂ ਨੇ ਪ੍ਰਧਾਨ ਡਾ. ਡੀਐੱਲ ਬਡਵਾਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਅਤਿ ਘਿਨਾਉਣੇ ਅਪਰਾਧ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਦੇਸ਼ ਦੀਆਂ ਸਰਕਾਰਾਂ ਨੂੰ ਡਾਕਟਰਾਂ ਅਤੇ ਮੈਡੀਕਲ ਸੇਵਾਵਾਂ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਣ ਦੀ ਤਾਕੀਦ ਕੀਤੀ। ਇਸ ਮੌਕੇ ਡਾ. ਬਡਵਾਲ ਨੇ ਦੱਸਿਆ ਕਿ ਅੱਜ ਪ੍ਰਾਈਵੇਟ ਡਾਕਟਰ ਵੀ ਹੜਤਾਲ ’ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਅੱਜ ਸਵੇਰੇ 6 ਵਜੇ ਤੋਂ ਆਪਣੇ-ਆਪਣੇ ਹਸਪਤਾਲਾਂ ਅਤੇ ਕਲੀਨਿਕਾਂ ’ਤੇ ਓਪੀਡੀ ਬੰਦ ਕਰ ਦਿੱਤੀ ਹੈ। ਇਸ ਮੌਕੇ ਡਾ. ਕੇਵਲ ਸਿੰਘ, ਡਾ. ਜਤਿੰਦਰ ਨਾਗਰਥ ਡਾ. ਕਰਮਜੀਤ ਸਿੰਘ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਅੰਕਿਤ ਰੇਖੀ ਵੀ ਮੌਜੂਦ ਸਨ।

Advertisement

Advertisement
Author Image

Advertisement
×