ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ: ਮਸ਼ਕੂਕ ਸੰਜੇ ਦਾ ਵੀ ਹੋਵੇਗਾ ਪੌਲੀਗ੍ਰਾਫ਼ ਟੈਸਟ

07:13 AM Aug 24, 2024 IST
ਕੋਲਕਾਤਾ ’ਚ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੁਰੱਖਿਆ ਵਿੱਚ ਡਟੇ ਸੀਆਈਐੱਸਐੱਫ ਦੇ ਜਵਾਨ। -ਫੋਟੋ: ਏਐੱਨਆਈ

ਕੋਲਕਾਤਾ, 23 ਅਗਸਤ
ਸਥਾਨਕ ਸਰਕਾਰੀ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਇਸ ਗੱਲ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਕਿਵੇਂ ਇਸ ਅਪਰਾਧ ਨੂੰ ਬਿਨਾਂ ਕਿਸੇ ਰੁਕਾਵਟ ਦੇ ਹਸਪਤਾਲ ਦੇ ਉਸ ਸੈਮੀਨਾਰ ਹਾਲ ’ਚ ਅੰਜਾਮ ਦਿੱਤਾ ਗਿਆ ਜਿਸ ਦੇ ਦਰਵਾਜ਼ੇ ਦੀ ਕੁੰਡੀ ਟੁੱਟੀ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਇਹ ਵੀ ਪਤਾ ਲਾ ਰਹੀ ਹੈ ਕਿ ਕੀ ਵਾਰਦਾਤ ਨੂੰ ਬਿਨਾਂ ਰੁਕਾਵਟ ਅੰਜਾਮ ਦੇਣ ਲਈ ਸੈਮੀਨਾਰ ਹਾਲ ਦੇ ਬਾਹਰ ਕਿਸੇ ਨੂੰ ਤਾਇਨਾਤ ਕੀਤਾ ਗਿਆ ਸੀ ਜਾਂ ਨਹੀਂ। ਇਸ ਦੀ ਪੁਸ਼ਟੀ ਕਰਨ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਏਜੰਸੀ ਨੇ ਗ੍ਰਿਫ਼ਤਾਰ ਕੀਤੇ ਗਏ ਮਸ਼ਕੂਕ ਸੰਜੇ ਰਾਏ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁੱਖ ਮੁਲਜ਼ਮ ਸੰਜੇ ਰੌਏ ਦਾ ਪੌਲੀਗ੍ਰਾਫ਼ ਟੈਸਟ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ।
ਜਾਂਚ ਅਧਿਕਾਰੀਆਂ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟਾਈ ਕਿ ਜਦੋਂ ਡਾਕਟਰ ’ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਤਾਂ ਸੈਮੀਨਾਰ ਹਾਲ ਦੇ ਅੰਦਰੋਂ ਕਿਸੇ ਨੂੰ ਆਵਾਜ਼ ਕਿਉਂ ਨਹੀਂ ਸੁਣਾਈ ਦਿੱਤੀ? ਸੀਬੀਆਈ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦਰਵਾਜ਼ਾ ਕੁਝ ਸਮੇਂ ਤੋਂ ਖਰਾਬ ਸੀ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ 8-9 ਅਗਸਤ ਦੀ ਦਰਮਿਆਨੀ ਰਾਤ ਨੂੰ 2 ਤੋਂ 3 ਵਜੇ ਦੇ ਵਿਚਾਲੇ ਸੈਮੀਨਾਰ ਹਾਲ ਵਿੱਚ ਗਈ ਅਤੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਉੱਥੇ ਸੁੱਤੀ ਹੋਈ ਦੇਖਿਆ ਸੀ। ਉਨ੍ਹਾਂ ਕਿਹਾ, ‘‘ਡਾਕਟਰਾਂ, ਇੰਟਰਨਾਂ ਅਤੇ ਜੂਨੀਅਰ ਡਾਕਟਰਾਂ ਤੋਂ ਕੀਤੀ ਗਈ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਦਰਵਾਜ਼ੇ ਦੀ ਕੁੰਡੀ ਖਰਾਬ ਹੋਣ ਬਾਰੇ ਸਾਰੇ ਜਣੇ ਜਾਣਦੇ ਸਨ। ਇਸੇ ਕਰਕੇ ਡਾਕਟਰ ਉਸ ਰਾਤ ਦਰਵਾਜ਼ਾ ਬੰਦ ਨਹੀਂ ਕਰ ਸਕੀ।’’ ਸੀਬੀਆਈ ਨੇ ਅੱਜ ਵੀ ਇਸ ਮਾਮਲੇ ਵਿੱਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਪੁੱਛ-ਪੜਤਾਲ ਜਾਰੀ ਰੱਖੀ। ਅਦਾਲਤ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਘਟਨਾ ਵਾਲੀ ਰਾਤ ਡਿਊਟੀ ’ਤੇ ਤਾਇਨਾਤ ਚਾਰ ਡਾਕਟਰਾਂ ਦੇ ‘ਲਾਈ ਡਿਟੈਕਟਰ ਟੈਸਟ’ ਦੀ ਆਗਿਆ ਪਹਿਲਾਂ ਹੀ ਦੇ ਚੁੱਕੀ ਹੈ। -ਪੀਟੀਆਈ

Advertisement

ਮੈਡੀਕਲ ਕਾਲਜ ਤੇ ਹਸਪਤਾਲ ’ਚ ਵਿੱਤੀ ਬੇਨੇਮੀਆਂ ਦੀ ਜਾਂਚ ਸੀਬੀਆਈ ਹਵਾਲੇ

ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਕਥਿਤ ਵਿੱਤੀ ਬੇਨੇਮੀਆਂ ਦੀ ਜਾਂਚ ਸੂਬਾ ਸਰਕਾਰ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਲੈ ਕੇ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ। ਅਦਾਲਤ ਨੇ ਇਹ ਫ਼ੈਸਲਾ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖ਼ਤਰ ਅਲੀ ਦੀ ਪਟੀਸ਼ਨ ’ਤੇ ਸੁਣਾਇਆ, ਜਿਸ ’ਚ ਉਨ੍ਹਾਂ ਨੇ ਮਾਮਲੇ ਦੀ ਈਡੀ ਤੋਂ ਜਾਂਚ ਦੀ ਮੰਗ ਕੀਤੀ ਹੈ। ਅਲੀ ਨੇ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਸਰਕਾਰੀ ਹਸਪਤਾਲ ’ਚ ਇਸ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਾਰਜਕਾਲ ਦੌਰਾਨ ਕਥਿਤ ਵਿੱਤੀ ਬੇਨੇਮੀਆਂ ਹੋਈਆਂ ਸਨ। ਜਸਟਿਸ ਆਰ. ਭਾਰਦਵਾਜ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਪ੍ਰਗਤੀ ਰਿਪੋਰਟ ਤਿੰਨ ਹਫ਼ਤਿਆਂ ’ਚ ਦਾਖਲ ਕਰਨ ਦਾ ਨਿਰਦੇਸ਼ ਵੀ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ। ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ 20 ਅਗਸਤ ਨੂੰ ਸਿਟ ਬਣਾਈ ਸੀ। -ਪੀਟੀਆਈ

Advertisement
Advertisement