ਕੋਲਕਾਤਾ ਕਾਂਡ: ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ
ਪੱਤਰ ਪ੍ਰੇਰਕ
ਬਠਿੰਡਾ, 16 ਅਗਸਤ
ਕੋਲਕਾਤਾ ਘਟਨਾ ਖ਼ਿਲਾਫ਼ ਸਿਵਲ ਹਸਪਤਾਲ ਬਠਿੰਡਾ ਵਿੱਚ ਅੱਜ ਡਾਕਟਰਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬੱਸ ਸਟੈਂਡ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਤੋਂ ਬਾਅਦ ਡੀਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਈਐਮਏ ਬਠਿੰਡਾ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਵੱਲੋਂ ਘਟਨਾ ਦੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਕੋਲਕਾਤਾ ਕਾਂਡ ਖ਼ਿਲਾਫ਼ ਪੀਸੀਐੱਮਐੱਸਏ ਦੇ ਸੱਦੇ ’ਤੇ ਇੱਥੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਕਰ ਕੇ ਡਾਕਟਰਾਂ ਨੇ ਸ਼ਹਿਰ ਦੇ ਮੇਨ ਬਾਜ਼ਾਰ ’ਚ ਰੋਸ ਮਾਰਚ ਕੀਤਾ। ਡਾਕਟਰਾਂ ਦੀ ਹੜਤਾਲ ਕਾਰਨ ਸੈਂਕੜੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡਾ. ਗਗਨਦੀਪ ਸਿੰਘ, ਡਾ. ਰੁਪਾਲੀ ਸੇਠੀ, ਡਾ. ਕਰਨ ਮਿੱਤਲ, ਚਰਨਜੀਤ ਸਿੰਘ, ਮਨਿਕ ਸਿੰਗਲਾ, ਸਿਮਰਤ ਖੋਸਾ, ਅਰਬਾਜ ਗਿੱਲ, ਰਾਜਵਿੰਦਰ ਸਿੰਘ, ਗੋਤਮਬੀਰ ਸੋਢੀ, ਮਨਜਿੰਦਰ ਸਿੰਘ, ਅਸ਼ਮੀਤਾ ਸਿੰਗਲਾ, ਸ਼ਮੀ ਗੁਪਤਾ, ਅਕਾਂਕਸ਼ਾ ਸ਼ਰਮਾ, ਅਸ਼ੀਸ਼ ਅਗਰਵਾਲ ਆਦਿ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਸਟਾਫ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੂੰ ਸੁਰੱਖਿਆ ਦਿੱਤੀ ਜਾਵੇ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਪੀਸੀਐਮਐਸ ਦੇ ਸੱਦੇ ’ਤੇ ਕੋਲਕਾਤਾ ਕਾਂਡ ਖ਼ਿਲਾਫ਼ ਭੁੱਚੋ ਮੰਡੀ ਦੇ ਸੀਐੱਚਸੀ ਦੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੇ ਹੜਤਾਲ ਕਰ ਕੇ ਆਪਣੀਆਂ ਸੇਵਾਵਾਂ ਬੰਦ ਰੱਖੀਆਂ। ਉਨ੍ਹਾਂ ਹਸਪਤਾਲ ਦੇ ਗੇਟ ਅੱਗੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਵਿੱਚ ਵੀ ਡਾਕਟਰਾਂ ਸਣੇ ਮੈਡੀਕਲ ਸਟਾਫ਼ ਵੱਲੋਂ ਧਰਨੇ ਦਿੱਤੇ ਗਏ। ਡਾ. ਕਿਰਨਵਿੰਦਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਨਰਸਿੰਗ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਕੌਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
ਏਮਜ਼ ਵਿੱਚ ਓਪੀਡੀ ਸੇਵਾਵਾਂ ਚਾਰ ਦਿਨਾਂ ਤੋਂ ਬੰਦ
ਬਠਿੰੰਡਾ: ਕੋਲਕਾਤਾ ਕਤਲ ਮਾਮਲੇ ਵਿਚ ਬਠਿੰਡਾ ਦੇ ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੋਮਬੱਤੀ ਮਾਰਚ ਕੀਤਾ। ਸੂਬੇ ਦੇ ਇਸ ਵੱਡੇ ਹਸਪਤਾਲ ਵਿੱਚ ਚਾਰ ਦਿਨਾਂ ਤੋਂ ਮੈਡੀਕਲ ਸੇਵਾਵਾਂ ਠੱਪ ਹੋਣ ਕਾਰਨ ਮਰੀਜ਼ ਪ੍ਰੇਸ਼ਾਨ ਹਨ। ਸ਼ੁੱਕਰਵਾਰ ਨੂੰ ਕੁਝ ਰਾਹਤ ਦੇਣ ਤੋਂ ਬਾਅਦ ਅੱਜ ਫੇਰ ਏਮਜ਼ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜੀਵ ਗੁਪਤਾ ਨੇ ਕਿਹਾ ਜਿੰਨੀ ਦੇਰ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸਿਹਤ ਸੇਵਾਵਾਂ ਲਗਤਾਰ ਠੱਪ ਰੱਖੀਆਂ ਜਾਣਗੀਆਂ।