For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਲੁਧਿਆਣਾ ਵਿੱਚ ਸੜਕਾਂ ’ਤੇ ਉਤਰੇ ਡਾਕਟਰ

10:00 AM Aug 18, 2024 IST
ਕੋਲਕਾਤਾ ਕਾਂਡ  ਲੁਧਿਆਣਾ ਵਿੱਚ ਸੜਕਾਂ ’ਤੇ ਉਤਰੇ ਡਾਕਟਰ
ਆਈਐੱਮਏ ਲੁਧਿਆਣਾ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ।
Advertisement

ਗਗਨਦੀਪ ਅਰੋੜਾ
ਲੁਧਿਆਣਾ, 17 ਅਗਸਤ
ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਮਗਰੋਂ ਕਤਲ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੇ ਡਾਕਟਰ ਓਪੀਡੀ ਤੇ ਹੋਰ ਸੇਵਾਵਾਂ ਬੰਦ ਕਰ ਕੇ ਸੜਕਾਂ ’ਤੇ ਉਤਰੇ। ਡਾਕਟਰਾਂ ਨੇ ਰੋਸ ਮਾਰਚ ਕੱਢਿਆ ਅਤੇ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ। ਡਾਕਟਰਾਂ ਨੇ ਸ਼ਨਿੱਚਰਵਾਰ ਸਵੇਰੇ 6 ਵਜੇ ਤੋਂ 24 ਘੰਟਿਆਂ ਲਈ ਗੈਰ-ਐਮਰਜੈਂਸੀ ਸੇਵਾਵਾਂ ਬਿਲਕੁਲ ਠੱਪ ਰੱਖੀਆਂ ਤੇ ਆਪਣਾ ਰੋਸ ਜ਼ਾਹਰ ਕੀਤਾ। ਲੁਧਿਆਣਾ ਦੇ ਡਾਕਟਰ ਸਵੇਰੇ ਸਾਢੇ 9 ਵਜੇ ਬੀਆਰਐੱਸ ਨਗਰ ਸਥਿਤ ਆਈਐਮਏ ਹਾਊਸ ਤੋਂ ਫਿਰੋਜ਼ਪੁਰ ਰੋਡ ਵੇਰਕਾ ਮਿਲਕ ਪਲਾਂਟ ਤੱਕ ਰੋਸ ਮਾਰਚ ਕੱਢਿਆ। ਇਸ ਦੌਰਾਨ ਡਾਕਟਰਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨਾਅਰੇਬਾਜ਼ੀ ਕੀਤੀ ਤੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ’ਚ ਕਥਿਤ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ, ਫਾਸਟ ਟਰੈਕ ਕੋਰਟ ’ਚ ਮਾਮਲੇ ਦੀ ਸੁਣਵਾਈ ਕਰਨ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਡੀਐੱਮਸੀਐੱਚ ਵਿੱਚ ਓਪੀਡੀ ਸੇਵਾ ਬੰਦ ਹੋਣ ਸਬੰਧੀ ਜਾਣਕਾਰੀ ਦੇਣ ਲਈ ਲੱਗਾ ਸੂਚਨਾ ਬੋਰਡ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ’ਤੇ ਮੈਡੀਕਲ ਕਾਲਜਾਂ ਦੇ ਸੈਂਕੜੇ ਡਾਕਟਰ ਅਤੇ ਵਿਦਿਆਰਥੀ ਆਈਐੱਮਏ ਹਾਊਸ ਪੁੱਜੇ। ਇੱਥੇ ਮੀਟਿੰਗ ਕਰਨ ਤੋਂ ਬਾਅਦ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਰੋਸ ਪ੍ਰਗਟਾਇਆ। ਡਾਕਟਰਾਂ ਨੇ ਕੋਲਕਾਤਾ ਪੁਲੀਸ ’ਤੇ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ’ਚ ਢਿੱਲੀ ਕਾਰਵਾਈ ਅਤੇ ਸਬੂਤ ਨਸ਼ਟ ਕਰਨ ਦਾ ਦੋਸ਼ ਲਾਇਆ। ਪ੍ਰਦਰਸ਼ਨ ਦੌਰਾਨ ਆਈਐੱਮਏ ਲੁਧਿਆਣਾ ਦੇ ਪ੍ਰਧਾਨ ਡਾ. ਪ੍ਰਿਤਪਾਲ ਸਿੰਘ ਤੇ ਸਕੱਤਰ ਰੋਹਿਤ ਰਾਮਪਾਲ ਨੇ ਕਿਹਾ ਕਿ ਜੇਕਰ ਮਹਿਲਾ ਡਾਕਟਰ ਹਸਪਤਾਲ ਵਿੱਚ ਸੁਰੱਖਿਅਤ ਨਹੀਂ ਤਾਂ ਫਿਰ ਔਰਤਾਂ ਨੂੰ ਦੇਸ਼ ਵਿੱਚ ਬਾਹਰ ਕਿਵੇਂ ਸੁਰੱਖਿਆ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ। ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਸੁਨੀਲ ਕਤਿਆਲ ਨੇ ਕਿਹਾ ਕਿ ਜਦੋਂ ਤੱਕ ਪੀੜਤਾ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਡਾਕਟਰ ਹੁਣ ਚੁੱਪ ਨਹੀਂ ਬੈਠਣਗੇ। ਇਸ ਦੌਰਾਨ ਡਾਕਟਰਾਂ ਨੂੰ ਕਈ ਹੋਰ ਐਸੋਸੇਈਸ਼ਨਾਂ ਦੇ ਮੈਂਬਰਾਂ ਨੇ ਸਮਰਥਨ ਦਿੱਤਾ। ਪ੍ਰਦਰਸ਼ਨ ਦੌਰਾਨ ਲੁਧਿਆਣਾ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਕੰਮ-ਕਾਜ ਬਿਲਕੁੱਲ ਬੰਦ ਰਿਹਾ। ਸਰਕਾਰੀ ਹਸਪਤਾਲ ਤਾਂ ਬਿਲਕੁਲ ਹੀ ਬੰਦ ਰਹੇ, ਪਰ ਇਸ ਦੇ ਨਾਲ ਹੀ ਡੀਐੱਮਸੀ, ਸੀਐੱਮਸੀ, ਫੋਰਟਿਸ, ਮੋਹਨਦਈ ਓਸਵਾਲ ਹਸਪਤਾਲ, ਦੀਪਕ ਹਸਪਤਾਲ ਸਣੇ ਹੋਰ ਵੀ ਵੱਡੇ ਨਰਸਿੰਗ ਹੋਮਾਂ ਨੇ ਆਪਣਾ ਕੰਮ-ਕਾਜ ਬੰਦ ਕਰ ਕੇ ਹੜਤਾਲ ਵਿੱਚ ਆਪਣਾ ਸਮਰਥਨ ਦਿੱਤਾ।

Advertisement

ਹਸਪਤਾਲਾਂ ਵਿੱਚ ਮਰੀਜ਼ ਹੋਏ ਪ੍ਰੇਸ਼ਾਨ

ਡਾਕਟਰਾਂ ਦੀ ਹੜਤਾਲ ਬਾਹਰ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਹਸਪਤਾਲਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਮਰੀਜ਼ ਪੁੱਜੇ। ਹਸਪਤਾਲਾਂ ਵਿੱਚ ਡਾਕਟਰ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਗੈਰ-ਐਮਰਜੈਂਸੀ ਸਾਰੀਆਂ ਸੇਵਾਵਾਂ ਬਿਲਕੁਲ ਬੰਦ ਰਹੀਆਂ।

Advertisement
Author Image

Advertisement
×