ਕੋਲਕਾਤਾ ਕਾਂਡ: ਹੜਤਾਲ ਖ਼ਤਮ ਕਰ ਕੇ ਡਿਊਟੀ ’ਤੇ ਪਰਤੇ ਡਾਕਟਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਅਗਸਤ
ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ ਅੱਠ ਦਿਨਾਂ ਤੋਂ ਓਪੀਡੀ ਸੇਵਾਵਾਂ ਬੰਦ ਕਰਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਤੇ ਹੜਤਾਲ ਅੱਜ ਖ਼ਤਮ ਕਰ ਦਿੱਤੀ ਗਈ ਹੈ। ਡਾਕਟਰ ਆਪਣੀਆਂ ਡਿਊਟੀਆਂ ’ਤੇ ਪਰਤ ਆਏ ਹਨ।
ਕੋਲਕਾਤਾ ਹਸਪਤਾਲ ਕਾਂਡ ਸਬੰਧੀ ਡਾਕਟਰ ਹੜਤਾਲ ’ਤੇ ਸਨ। ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਡਾ. ਅਕਸ਼ੈ ਸ਼ੇਖ਼ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਦੀ ਅਪੀਲ ਅਤੇ ਇਨਸਾਫ਼ ਦਾ ਭਰੋਸਾ ਮਿਲਣ, ਰਜਿੰਦਰਾ ਹਸਪਤਾਲ ਵਿਚਲੀਆਂ ਸੁਰੱਖਿਆ ਖ਼ਾਮੀਆਂ ਦਾ ਜ਼ਮੀਨੀ ਪੱਧਰ ’ਤੇ ਸੁਧਾਰ ਦਿਖਣਾ ਸ਼ੁਰੂ ਹੋਣ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਦਿਆਂ ਓਪੀਡੀ ਸੇਵਾਵਾਂ ਸ਼ੁਰੂ ਕਰ ਰਹੇ ਹਾਂ ਅਤੇ ਸਰਕਾਰੀ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਸਾਡੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਕਰਨ ਨੂੰ ਪਹਿਲ ਦਿੱਤੀ।’’ ਉਨ੍ਹਾਂ ਕਿਹਾ ‘‘ਜੇਕਰ ਕਲਕੱਤਾ ਕੇਸ ਵਿੱਚ ਇਨਸਾਫ਼ ਮਿਲਣ ਵਿੱਚ ਕੋਈ ਢਿੱਲ ਆਉਂਦੀ ਹੈ ਜਾਂ ਦੇਰੀ ਹੁੰਦੀ ਹੈ ਜਾਂ ਰਜਿੰਦਰਾ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਲੋੜੀਂਦੇ ਸੁਧਾਰਾਂ ਦਾ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਲਿਖਤੀ ਭਰੋਸੇ ਅਨੁਸਾਰ ਕੰਮ ਨਹੀਂ ਹੁੰਦਾ ਤਾਂ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ। ਸਿਰਫ਼ ਓਪੀਡੀ ਸੇਵਾਵਾਂ ਸ਼ੁਰੂ ਕਰਕੇ ਹੜਤਾਲ ਖ਼ਤਮ ਕੀਤੀ ਗਈ ਹੈ ਪਰ ਉਨ੍ਹਾਂ ਦਾ ਰੋਸ ਅਤੇ ਰਜਿੰਦਰਾ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੇ ਸੁਧਾਰ ਪ੍ਰਤੀ ਦ੍ਰਿੜ੍ਹਤਾ ਕਾਇਮ ਰਹੇਗੀ।’’ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰਪੀ ਐੱਸ ਸੀਬੀਆ ਪੰਜਾਬ ਮੈਡੀਕਲ ਤੇ ਡੈਂਟਲ ਟੀਚਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ. ਦਰਸ਼ਨ ਸਿੰਘ ਵਾਲੀਆ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਕਿ ਜੇਕਰ ਕਿਸੇ ਵੀ ਸਟੂਡੈਂਟ ਜਾਂ ਰੈਜ਼ੀਡੈਂਟ ਡਾਕਟਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ 24 ਘੰਟੇ ਹਾਜ਼ਰ ਹਨ।
ਪੇਂਡੂੁ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ
ਧੂਰੀ (ਹਰਦੀਪ ਸਿੰਘ ਸੋਢੀ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੋਲਕਾਤਾ ਦੇ ਆਰਜ਼ੀਕਰ ਮੈਡੀਕਲ ਕਾਲਜ ਵਿੱਚ ਮਹਿਲਾ ਟਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਇਕਾਈ ਬੇਨੜਾ ਦੇ ਸਕੱਤਰ ਰਾਮ ਸਿੰਘ ਬੇਨੜਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਜਬਰ-ਜਨਾਹ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇ ਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਯੂਨੀਅਨ ਦੇ ਆਗੂ ਗੁਰਪਿਆਰ ਸਿੰਘ ਨੇ ਕਿਹਾ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।