ਕੋਲਕਾਤਾ: ਮਮਤਾ ਨਾਲ ਗੱਲਬਾਤ ਦੇ ਬਾਵਜੂਦ ਡਾਕਟਰਾਂ ਦਾ ਅੰਦੋਲਨ ਜਾਰੀ
ਕੋਲਕਾਤਾ, 17 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਘੇ ਦਿਨ ਹੋਈ ਬੈਠਕ ਵਿਚ ਪੰਜ ਵਿਚੋਂ ਤਿੰਨ ਮੰਗਾਂ ਮੰਨੇ ਜਾਣ ਦੇ ਬਾਵਜੂਦ ਜੂਨੀਅਰ ਡਾਕਟਰਾਂ ਨੇ ਸਵਾਸਥ ਭਵਨ ਦੇ ਬਾਹਰ ਜੂਨੀਅਰ ਡਾਕਟਰਾਂ ਨੇ ਆਪਣਾ ਧਰਨਾ ਤੇ ਪ੍ਰਦਰਸ਼ਨ ਜਾਰੀ ਰੱਖਿਆ। ਡਾਕਟਰਾਂ ਨੇ ਕਿਹਾ ਕਿ ਉਹ ਆਪਣੇ ਅੰਦੋਲਨ ਨੂੰ ਉਦੋਂ ਤੱਕ ਵਾਪਸ ਨਹੀਂ ਲੈਣਗੇ, ਜਦੋਂ ਤੱਕ ਸੂਬਾ ਸਰਕਾਰ ਲੰਘੀ ਰਾਤ ਕੀਤੇ ਐਲਾਨਾਂ ਨੂੰ ਅਮਲੀ ਰੂਪ ਵਿਚ ਲਾਗੂ ਨਹੀਂ ਕਰਦੀ। ਉਂਝ ਅੰਦੋਲਨਕਾਰੀ ਡਾਕਟਰਾਂ ਨੇ ਸੋਮਵਾਰ ਰਾਤ ਦੀ ਬੈਠਕ ਵਿਚ ਮੰਨੀਆਂ ਨੂੰ ‘ਆਰਜ਼ੀ ਸਫ਼ਲਤਾ’ ਕਰਾਰ ਦਿੱਤਾ। ਉਧਰ ਸੀਨੀਅਰ ਆਈਪੀਐੱਸ ਅਧਿਕਾਰੀ ਮਨੋਜ ਕੁਮਾਰ ਵਰਮਾ ਨੂੰ ਕੋਲਕਾਤਾ ਪੁਲੀਸ ਦਾ ਨਵਾਂ ਕਮਿਸ਼ਨਰ ਬਣਾ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਉਹ ਵਿਨੀਤ ਕੁਮਾਰ ਗੋਇਲ ਦੀ ਥਾਂ ਲੈਣਗੇ। ਜੂਨੀਅਰ ਡਾਕਟਰਾਂ ਵੱਲੋਂ ਮਮਤਾ ਸਰਕਾਰ ਅੱਗੇ ਰੱਖੀਆਂ ਮੰਗਾਂ ਵਿਚ ਗੋਇਲ ਨੂੰ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਸ਼ਾਮਲ ਸੀ। ਪੱਛਮੀ ਬੰਗਾਲ ਸਰਕਾਰ ਨੇ ਡਾ.ਕੌਸਤਵ ਨਾਇਕ ਤੇ ਡਾ.ਦੇਬਸ਼ੀਸ਼ ਹਲਦਰ ਨੂੰ ਕ੍ਰਮਵਾਰ ਡੀਐੱਮਈ ਤੇ ਡੀਐੱਚਐੱਸ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਇਨ੍ਹਾਂ ਦੀ ਥਾਂ ਡਾ. ਸਵਪਨ ਸੋਰੇਨ ਨੂੰ ਨਵਾਂ ਡੀਐੱਚਐੱਸ ਤੇ ਡਾ. ਸੁਪਰਨਾ ਦੱਤਾ ਨੂੰ ਓਐੱਸਡੀ ਮੈਡੀਕਲ ਸਿੱਖਿਆ ਲਾਇਆ ਗਿਆ ਹੈ। ਸਵਾਸਥ ਭਵਨ, ਜੋ ਪੱਛਮੀ ਬੰਗਾਲ ਦੇ ਸਿਹਤ ਵਿਭਾਗ ਦਾ ਹੈੱਡਕੁਆਰਟਰ ਹੈ, ਦੇ ਬਾਹਰ ਧਰਨੇ ’ਤੇੇ ਡਟੇ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ, ‘ਅਸੀਂ ਪਹਿਲਾਂ ਹੀ ਆਖ ਚੁੱਕੇ ਹਾਂ ਕਿ ਅਸੀਂ ਆਪਣੇ ਅੰਦੋਲਨ ਨੂੰ ਲੈ ਕੇ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਕਰਾਂਗੇ। ਧਰਨਾ ਉਦੋਂ ਹੀ ਚੁੱਕਿਆ ਜਾਵੇਗਾ, ਜਦੋਂ ਤੱਕ ਜ਼ਮੀਨੀ ਪੱਧਰ ’ਤੇੇ ਕੋਈ ਠੋੋਸ ਕਾਰਵਾਈ ਨਜ਼ਰ ਨਹੀਂ ਆਉਂਦੀ ਤੇ ਸੁਪਰੀਮ ਕੋਰਟ ਵਿਚ ਚੱਲ ਰਹੀ ਕਾਰਵਾਈ ਦੀ ਵੀ ਉਡੀਕ ਕਰਾਂਗੇ।’ ਅੰਦੋਲਨਕਾਰੀ ਡਾਕਟਰ ਨੇ ਕਿਹਾ, ‘ਸਾਡਾ ਨਿਸ਼ਾਨਾ ਨਿਆਂ ਹਾਸਲ ਕਰਨਾ ਹੈ, ਸਾਨੂੰ ਆਰਜ਼ੀ ਸਫ਼ਲਤਾ ਜ਼ਰੂਰ ਮਿਲੀ ਹੈ ਪਰ ਹਾਲੇ ਤੱਕ ਸਿਹਤ ਸਕੱਤਰ ਨੂੰ ਨਹੀਂ ਹਟਾਇਆ ਗਿਆ।’ ਚੇਤੇ ਰਹੇ ਕਿ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਪੰਜ ਘੰਟੇ ਦੇ ਕਰੀਬ ਚੱਲੀ ਬੈਠਕ ਦੌਰਾਨ ਪੰਜ ਮੰਗਾਂ ਰੱਖੀਆਂ ਸਨ। ਦੋਵਾਂ ਧਿਰਾਂ ਵਿਚ ਸਹਿਮਤੀ ਬਣਨ ਮਗਰੋਂ ਮਮਤਾ ਬੈਨਰਜੀ ਨੇ ਕੋਲਕਾਤਾ ਪੁਲੀਸ ਦੇ ਕਮਿਸ਼ਨਰ, ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗ ਦੇ ਡਾਇਰੈਕਟਰਾਂ ਤੇ ਡਿਪਟੀ ਕਮਿਸ਼ਨਰ (ਉੱਤਰੀ ਡਿਵੀਜ਼ਨ) ਨੂੰ ਅਹੁਦਿਆਂ ਤੋਂ ਹਟਾਉਣ ਦਾ ਐਲਾਨ ਕੀਤਾ ਸੀ। -ਪੀਟੀਆਈ