ਕੋਲਕਾਤਾ ਮਾਮਲਾ: ਡਾਕਟਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਸਮਾਪਤ
ਕੋਲਕਾਤਾ, 16 ਸਤੰਬਰ
ਪੱਛਮੀ ਬੰਗਾਲ ਦੇ ਆਰਜੀ ਕਰ ਹਸਪਤਾਲ ਵਿਚ ਰੈਜ਼ੀਡੈਂਟ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ’ਚ ਪੱਛਮੀ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਜਾਰੀ ਹੈ। ਇਹ ਡਾਕਟਰ ਸਰਵਉਚ ਅਦਾਲਤ ਦੇ ਹੁਕਮ ਤੋਂ ਬਾਅਦ ਵੀ ਕੰਮ ’ਤੇ ਨਹੀਂ ਪਰਤੇ ਸਨ ਜਿਸ ਕਾਰਨ ਸੂਬਾ ਸਰਕਾਰ ਨੇ ਇਨ੍ਹਾਂ ਡਾਕਟਰਾਂ ਨੂੰ ਗੱਲਬਾਤ ਦਾ ਅੱਜ ਆਖਰੀ ਵਾਰ ਸੱਦਾ ਦਿੱਤਾ ਸੀ। ਇਹ ਡਾਕਟਰ ਅੱਜ ਸ਼ਾਮ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਪੁੱਜੇ। ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਸਰਕਾਰ ਅਤੇ ਸੰਘਰਸ਼ਕਾਰੀ ਜੂਨੀਅਰ ਡਾਕਟਰਾਂ ਦਰਮਿਆਨ ਮੀਟਿੰਗ ਕਰੀਬ ਦੋ ਘੰਟੇ ਬਾਅਦ ਸਮਾਪਤ ਹੋ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਮੀਟਿੰਗ ਦੇ ਮਿੰਟਜ਼ ਨੂੰ ਅੰਤਿਮ ਰੂਪ ਦੇ ਰਹੇ ਹਨ। ਇਹ ਪਤਾ ਲੱਗਿਆ ਕਿ ਇਸ ਮੀਟਿੰਗ ਵਿਚ ਜੂਨੀਅਰ ਡਾਕਟਰਾਂ ਦੀਆਂ ਕਈ ਗੱਲਾਂ ਮੰਨੀਆਂ ਗਈਆਂ ਹਨ ਪਰ ਇਸ ਬਾਰੇ ਵੇਰਵੇ ਉਡੀਕੇ ਜਾ ਰਹੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਗੱਲਬਾਤ ਦੇ ਮਿੰਟ ਰਿਕਾਰਡ ਕਰਨ ਅਤੇ ਦਸਤਖਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸੂਬਾ ਸਰਕਾਰ ਨੇ ਇਸ ਸ਼ਰਤ ਨੂੰ ਸਵੀਕਾਰ ਕਰ ਲਿਆ ਹੈ। ਮੁੱਖ ਸਕੱਤਰ ਮਨੋਜ ਪੰਤ ਨੇ ਕਿਹਾ ਕਿ ਦੋਵੇਂ ਧਿਰਾਂ ਮੀਟਿੰਗ ਦੇ ਮਿੰਟਜ਼ ’ਤੇ ਦਸਤਖਤ ਕਰਨਗੀਆਂ ਅਤੇ ਸਪੱਸ਼ਟਤਾ ਲਈ ਕਾਪੀਆਂ ਸਾਂਝੀਆਂ ਕੀਤੀਆਂ ਜਾਣਗੀਆਂ।