For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਪੰਜਾਬ ਤੇ ਹਰਿਆਣਾ ਦੇ ਡਾਕਟਰਾਂ ਵੱਲੋਂ ਰੋਸ ਮੁਜ਼ਾਹਰੇ

08:21 AM Aug 18, 2024 IST
ਕੋਲਕਾਤਾ ਕਾਂਡ  ਪੰਜਾਬ ਤੇ ਹਰਿਆਣਾ ਦੇ ਡਾਕਟਰਾਂ ਵੱਲੋਂ ਰੋਸ ਮੁਜ਼ਾਹਰੇ
ਚੰਡੀਗੜ੍ਹ ਵਿੱਚ ਰੋਸ ਮਾਰਚ ਕਰਦੇ ਹੋਏ ਪੀਜੀਆਈ ਦੇ ਡਾਕਟਰ ਤੇ ਹੋਰ ਸਿਹਤ ਕਾਮੇ। -ਫੋਟੋ: ਰਵੀ ਕੁਮਾਰ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 17 ਅਗਸਤ
ਪੰਜਾਬ ਅਤੇ ਹਰਿਆਣਾ ਦੇ ਡਾਕਟਰਾਂ ਨੇ ਕੋਲਕਾਤਾ ਦੀ ਟਰੇਨੀ ਮਹਿਲਾ ਡਾਕਟਰ ਦੀ ਕਥਿਤ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਅੱਜ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਅਤੇ ਕੰਮ ਵਾਲੀਆਂ ਥਾਵਾਂ ’ਤੇ ਸਿਹਤ ਅਮਲੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਡਾਕਟਰਾਂ ਨੇ ਦੱਸਿਆ ਕਿ ਹੜਤਾਲ ਕਾਰਨ ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ ਰਹੀਆਂ ਅਤੇ ਚੋਣਵੇਂ ਅਪਰੇਸ਼ਨ ਵੀ ਨਹੀਂ ਕੀਤੇ ਗਏ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ ਸਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਦੇਸ਼-ਵਿਆਪੀ ਹੜਤਾਲ ਦੇ ਸੱਦੇ ਦਾ ਪੀਜੀਆਈ ਚੰਡੀਗੜ੍ਹ ਦੀ ਫੈਕਲਟੀ ਐਸੋਸੀਏਸ਼ਨ ਨੇ ਵੀ ਸਮਰਥਨ ਕੀਤਾ। ਆਈਐੱਮਏ ਦੇ ਪੰਜਾਬ ਇਕਾਈ ਦੇ ਸਲਾਹਕਾਰ ਨਵਜੋਤ ਦਹੀਆ ਨੇ ਕਿਹਾ ਕਿ ਡਾਕਟਰ ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਕਾਂਡ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਦੇ ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਡਾਕਟਰ ਪੀੜਤਾ ਲਈ ਇਨਸਾਫ਼ ਅਤੇ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਲਈ ਧਰਨੇ ’ਤੇ ਬੈਠੇ। ਅੰਮ੍ਰਿਤਸਰ ਦੇ ਇੱਕ ਪ੍ਰਦਰਸ਼ਨਕਾਰੀ ਡਾਕਟਰ ਨੇ ਸਵਾਲ ਕੀਤਾ ਕਿ ਜੇਕਰ ਹਸਪਤਾਲਾਂ ਵਿੱਚ ਡਾਕਟਰ ਸੁਰੱਖਿਅਤ ਨਹੀਂ ਹਨ ਤਾਂ ਫਿਰ ਉਹ ਕਿੱਥੇ ਸੁਰੱਖਿਅਤ ਹਨ। ਜੀਐੱਮਸੀਐੱਚ-32 ਵਰਗੇ ਮੈਡੀਕਲ ਕਾਲਜਾਂ ਦੀ ਡਾਕਟਰ ਜਥੇਬੰਦੀ ਨੇ ਕਲਮ ਛੱਡੋ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੀਜੀਆਈ ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਵੀ ਅੱਜ ਗੇਟ ਨੰਬਰ 1 ਤੋਂ ਲੈ ਕੇ ਸੈਕਟਰ-17 ਚੰਡੀਗੜ੍ਹ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ।

Advertisement

ਹੜਤਾਲੀ ਡਾਕਟਰਾਂ ਨਾਲ ਖੜ੍ਹੀ ਹੈ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ

ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੋਲਕਾਤਾ ਵਿੱਚ ਡਾਕਟਰ ਨਾਲ ਵਾਪਰੀ ਘਟਨਾ ਦੇ ਰੋਸ ਵਜੋਂ ਡਾਕਟਰਾਂ ਹੜਤਾਲ ਦੀ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਪੰਜਾਬ ਦੇ ਸਾਰੇ ਡਾਕਟਰਾਂ ਦੀ ਜਥੇਬੰਦੀ ਆਈਐਮਏ, ਪੀਸੀਐਮਐਸ ਐਸੋਸੀਏਸ਼ਨ ਨਾਲ ਸੋਮਵਾਰ ਨੂੰ ਅਹਿਮ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇਗੀ ਕਿ ਸਿਹਤ ਖੇਤਰ ਵਿੱਚ ਸੇਵਾ ਨਿਭਾਅ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਨਾਲ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੜਤਾਲੀ ਡਾਕਟਰਾਂ ਨਾਲ ਖੜ੍ਹੀ ਹੈ। ਡਾ. ਬਲਬੀਰ ਸਿੰਘ ਅੱਜ ‘ਤੁਹਾਡਾ ਐੱਮਐੱਲਏ ਤੁਹਾਡੇ ਵਿਚਕਾਰ’ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ’ਚ ਲੋਕਾਂ ਨਾਲ ਮੁਲਾਕਾਤ ਸਮੇਂ ਸੰਬੋਧਨ ਕਰ ਰਹੇ ਸਨ।

Advertisement

Advertisement
Author Image

sukhwinder singh

View all posts

Advertisement