ਕੋਲਕਾਤਾ ਕਾਂਡ: ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਕੁਲਦੀਪ ਸਿੰਘ
ਚੰਡੀਗੜ੍ਹ, 14 ਅਕਤੂਬਰ
ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਉਪਰੰਤ ਹੱਤਿਆ ਮਾਮਲੇ ਵਿੱਚ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਜੇਕਰ ਅਜਿਹਾ ਹੋਇਆ ਤਾਂ ਅਗਲੇ ਦਿਨਾਂ ਦੌਰਾਨ ਪੀਜੀਆਈ ਵਿੱਚ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ, ਪੀਜੀਆਈ ਵਿੱਚ ਕੰਟਰੈਕਟ ਅਧਾਰ ’ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ (ਐੱਸਏ) ਅਤੇ ਹੌਸਪਿਟਲ ਅਟੈਂਡੈਂਟਾਂ (ਐੱਚਏ) ਵੱਲੋਂ ਆਪਣੀਆਂ ਤਨਖਾਹਾਂ ਦੇ ਬਕਾਏ ਰਿਲੀਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਅੱਜ ਵੀ ਜਾਰੀ ਰਹੀ ਜਿਸ ਕਰਕੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਸਥਾ ਵਿੱਚ ਸਫ਼ਾਈ ਵਿਵਸਥਾ ਸਮੇਤ ਓਪੀਡੀ, ਆਈਸੀਯੂ ਅਤੇ ਟਰੌਮਾ ਸੇਵਾਵਾਂ ਵਿੱਚ ਅੱਜ ਵੀ ਕੰਮ-ਕਾਜ ਪ੍ਰਭਾਵਿਤ ਹੋਇਆ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ। ਹੁਣ ਜੇਏਸੀ 16 ਅਕਤੂਬਰ ਨੂੰ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ 17 ਅਕਤੂਬਰ ਨੂੰ ਹੋਣ ਵਾਲੀ ਆਪਣੀ ਮੀਟਿੰਗ ਵਿੱਚ ਅਗਲੀ ਕਾਰਵਾਈ ਬਾਰੇ ਫੈਸਲਾ ਲਵੇਗੀ।
ਇਸ ਦੌਰਾਨ ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਐਸੋੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਨੇ ਬਿਆਨ ਰਾਹੀਂ ਕਿਹਾ ਕਿ ਸਰਕਾਰ ਕੋਲਕਾਤਾ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਮੇਤ ਰੱਖੀਆਂ ਗਈਆਂ ਹੋਰ ਮੰਗਾਂ ਬਾਰੇ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਡਾਕਟਰ ਪੀਜੀਆਈ ਵਿੱਚ 15 ਅਕਤੂਬਰ ਤੋਂ ਇਲੈਕਟਿਵ ਓਪੀਡੀ, ਅਪਰੇਸ਼ਨ ਥੀਏਟਰ ਨੂੰ ਬੰਦ ਕਰਕੇ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ ਜਦਕਿ ਐਮਰਜੈਂਸੀ ਜਾਰੀ ਰੱਖੀ ਜਾਵੇਗੀ।
ਪੀਜੀਆਈ ਵਿੱਚ ਨਵੇਂ ਮਰੀਜ਼ਾਂ ਦੀ ਨਹੀਂ ਹੋਵੇਗੀ ਰਜਿਸਟ੍ਰੇਸ਼ਨ
ਪੀਜੀਆਈ ਦੇ ਬੁਲਾਰੇ ਨੇ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਸਿਰਫ ਫਾਲੋ-ਅੱਪ ਮਰੀਜ਼ਾਂ ਦੀਆਂ ਰਜਿਸਟ੍ਰੇਸ਼ਨਾਂ ਹੀ ਕੀਤੀਆਂ ਜਾਣਗੀਆਂ। ਕੋਈ ਵੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਆਨਲਾਈਨ ਰਜਿਸਟ੍ਰੇਸ਼ਨਾਂ, ਜੋ ਪਹਿਲਾਂ ਹੀ ਕੀਤੀਆਂ ਗਈਆਂ ਹਨ, ਉਹ ਰੱਦ ਕਰ ਦਿੱਤੀਆਂ ਗਈਆਂ ਹਨ। ਡੇਅ ਕੇਅਰ ਯੂਨਿਟ ਵਿੱਚ ਪਹਿਲਾਂ ਤੋਂ ਹੀ ਸ਼ਡਿਊਲਡ ‘ਕੀਮੋਥੈਰੇਪੀ’ ਯੋਜਨਾ ਅਨੁਸਾਰ ਜਾਰੀ ਰਹੇਗੀ। ਐਮਰਜੈਂਸੀ, ਟਰੌਮਾ ਅਤੇ ਆਈਸੀਯੂ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਚੋਣਵੇਂ ਮਰੀਜ਼ਾਂ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ ਅਤੇ ਚੋਣਵੀਆਂ ਸਰਜਰੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਗੁਆਂਢੀ ਰਾਜਾਂ ਦੇ ਹਸਪਤਾਲਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਹ ਇਸ ਸਮੇਂ ਦੌਰਾਨ ਨਵੇਂ ਮਰੀਜ਼ਾਂ ਨੂੰ ਪੀਜੀਆਈ ਵਿੱਚ ਰੈਫਰ ਨਾ ਕਰਨ।