For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਪੀਜੀਆਈ ਵਿੱਚ ਰੈਜ਼ੀਡੈਂਟ ਡਾਕਟਰਾਂ ਵੱਲੋਂ ਭੁੱਖ ਹੜਤਾਲ

07:00 AM Oct 16, 2024 IST
ਕੋਲਕਾਤਾ ਕਾਂਡ  ਪੀਜੀਆਈ ਵਿੱਚ ਰੈਜ਼ੀਡੈਂਟ ਡਾਕਟਰਾਂ ਵੱਲੋਂ ਭੁੱਖ ਹੜਤਾਲ
ਪੀਜੀਆਈ ਚੰਡੀਗੜ੍ਹ ਵਿੱਚ ਭੁੱਖ ਹੜਤਾਲ ਉਤੇ ਬੈਠੇ ਰੈਜ਼ੀਡੈਂਟ ਡਾਕਟਰ। -ਫੋਟੋ: ਪ੍ਰਦੀਪ ਤਿਵਾੜੀ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 15 ਅਕਤੂਬਰ
ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਤੇ ਹੱਤਿਆ ਉਪਰੰਤ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਟਾਸਕ ਫੋਰਸ ਨਾ ਬਣਾਉਣ ਖ਼ਿਲਾਫ਼ ਛਿੜੇ ਦੇਸ਼ ਵਿਆਪੀ ਸੰਘਰਸ਼ ਦੀ ਕੜੀ ਵਜੋਂ ਪੀਜੀਆਈ ਚੰਡੀਗੜ੍ਹ ਵਿੱਚ ਵੀ ਰੈਜ਼ੀਡੈਂਟ ਡਾਕਟਰਾਂ ਵੱਲੋਂ ਅੱਜ 12 ਘੰਟੇ ਦੀ ਭੁੱਖ ਹੜਤਾਲ ਕੀਤੀ ਗਈ। ਐਸੋਸੀਏਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਦੇ ਬੈਨਰ ਹੇਠ ਹੜਤਾਲੀ ਕੈਂਪ ਵਿੱਚ ਬੈਠੇ ਡਾਕਟਰਾਂ ਨੇ ਦੇਰ ਸ਼ਾਮ ਮੋਮਬੱਤੀਆਂ ਬਾਲ਼ ਕੇ ਰੋਸ ਦਾ ਪ੍ਰਗਟਾਵਾ ਕੀਤਾ।
ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਡਾ. ਪੇਰੂਗੂ ਪਰਨਿਥ ਰੈੱਡੀ ਨੇ ਕਿਹਾ ਕਿ ਕੋਲਕਾਤਾ ਕਾਂਡ ਵਿੱਚ ਨਾ ਤਾਂ ਸੀਬੀਆਈ ਜਾਂਚ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਕੀਤੀਆਂ ਹੜਤਾਲਾਂ ਦੇ ਚਲਦਿਆਂ ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਬਣਾਉਣ ਦੇ ਹੁਕਮ ਦਿੱਤੇ ਸਨ ਜਿਸ ਉਪਰੰਤ ਹੜਤਾਲ ਸਮਾਪਤ ਕੀਤੀ ਗਈ ਸੀ। ਹਾਲੇ ਤੱਕ ਸਰਕਾਰ ਨੇ ਨਾ ਤਾਂ ਟਾਸਕ ਫੋਰਸ ਬਣਾਈ ਅਤੇ ਨਾ ਹੀ ਕੰਮ ਵਾਲੀਆਂ ਥਾਵਾਂ ਉਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਕਦਮ ਚੁੱਕਿਆ। ਇਸ ਤੋਂ ਇਲਾਵਾ ਡਾਕਟਰਾਂ ਨਾਲ ਹੋਣ ਵਾਲੇ ਅਪਰਾਧਾਂ ਵਿੱਚ ਫਾਸਟ ਟਰੈਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਪੱਛਮੀ ਬੰਗਾਲ ਸਰਕਾਰ ਚੁੱਪੀ ਧਾਰ ਕੇ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਨਿਆਂ ਵਿੱਚ ਦੇਰੀ ਕਰਨ ਦਾ ਮਤਲਬ ਨਿਆਂ ਕਰਨ ਤੋਂ ਮੁਨਕਰ ਹੋਣਾ ਹੈ।
ਡਾਕਟਰਾਂ ਨੇ ਕਿਹਾ ਕਿ ਇਨਸਾਫ਼ ਮਿਲਣ ਅਤੇ ਮੰਗਾਂ ਪੂਰੀਆਂ ਹੋਣ ਤੱਕ ਅੱਜ 15 ਅਕਤੂਬਰ ਤੋਂ ਪੀਜੀਆਈ ਵਿੱਚ ਸਾਰੇ ਚੋਣਵੇਂ ਅਪਰੇਸ਼ਨ ਅਤੇ ਓਪੀਡੀਜ਼ ਵਿੱਚ ਕੰਮ ਬੰਦ ਕਰ ਦਿੱਤਾ ਗਿਆ ਹੈ, ਐਮਰਜੈਂਸੀ ਵਿੱਚ ਡਾਕਟਰੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ।
ਇਸੇ ਦੌਰਾਨ ਪੀਜੀਆਈ ਵਿੱਚ ਡਾਕਟਰਾਂ ਦੀ ਹੜਤਾਲ ਤੋਂ ਇਲਾਵਾ ਕੰਟਰੈਕਟ ਆਧਾਰ ’ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ (ਐੱਸਏ) ਅਤੇ ਹੌਸਪਿਟਲ ਅਟੈਂਡੈਂਟਾਂ (ਐੱਚਏ) ਵੱਲੋਂ ਆਪਣੀਆਂ ਤਨਖ਼ਾਹਾਂ ਦੇ ਬਕਾਏ ਰਿਲੀਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਵੀ ਲਗਾਤਾਰ ਜਾਰੀ ਹੈ।

Advertisement

ਨਵੇਂ ਮਰੀਜ਼ਾਂ ਦਾ ਓਪੀਡੀਜ਼ ਵਿੱਚ ਨਹੀਂ ਹੋਵੇਗਾ ਇਲਾਜ

ਪੀਜੀਆਈ ਪ੍ਰਸ਼ਾਸਨ ਵੱਲੋਂ ਡਾਕਟਰਾਂ ਅਤੇ ਵਰਕਰਾਂ ਦੀ ਹੜਤਾਲ ਖ਼ਤਮ ਹੋਣ ਤੱਕ ਮਰੀਜ਼ਾਂ ਨੂੰ ਪੀਜੀਆਈ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹੜਤਾਲ ਦੇ ਚਲਦਿਆਂ ਰੋਜ਼ਾਨਾ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਸਿਰਫ ਫਾਲੋ-ਅੱਪ ਵਾਲੇ ਮਰੀਜ਼ਾਂ ਦੀਆਂ ਰਜਿਸਟ੍ਰੇਸ਼ਨਾਂ ਹੀ ਕੀਤੀਆਂ ਜਾਣਗੀਆਂ। ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨਾਂ ਨਹੀਂ ਕੀਤੀ ਜਾਵੇਗੀ। ਐਮਰਜੈਂਸੀ, ਟਰੌਮਾ ਅਤੇ ਆਈਸੀਯੂ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।

Advertisement

Advertisement
Author Image

Advertisement