For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਮਾਮਲਾ: ਭੁੱਖ ਹੜਤਾਲ ਕਰਨ ਵਾਲੇ ਦੋ ਜੂਨੀਅਰ ਡਾਕਟਰਾਂ ਦੀ ਸਿਹਤ ਵਿਗੜੀ

08:26 PM Oct 14, 2024 IST
ਕੋਲਕਾਤਾ ਮਾਮਲਾ  ਭੁੱਖ ਹੜਤਾਲ ਕਰਨ ਵਾਲੇ ਦੋ ਜੂਨੀਅਰ ਡਾਕਟਰਾਂ ਦੀ ਸਿਹਤ ਵਿਗੜੀ
Advertisement

ਕੋਲਕਾਤਾ, 14 ਅਕਤੂਬਰ
ਪੱਛਮੀ ਬੰਗਾਲ ਵਿੱਚ ਆਰਜੀ ਕਰ ਹਸਪਤਾਲ ਵਿਚ ਟਰੇਨੀ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਵਿਚ ਸਾਰੀਆਂ ਮੰਗਾਂ ਨਾ ਮੰਨੇ ਜਾਣ ’ਤੇ ਜੂਨੀਅਰ ਡਾਕਟਰਾਂ ਵੱਲੋਂ ਭੁੱਖ ਹੜਤਾਲ ਜਾਰੀ ਹੈ। ਇਹ ਭੁੱਖ ਹੜਤਾਲ ਅੱਜ ਦਸਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਦੋ ਹੋਰ ਡਾਕਟਰਾਂ ਦੀ ਸਿਹਤ ਵਿਗੜ ਗਈ ਜਿਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੇ ਅੱਜ ਸ਼ਹਿਰ ਵਿੱਚ ਰੈਲੀ ਕੱਢੀ। ਉਨ੍ਹਾਂ ਸਾਰੇ ਮਸਲੇ ਹੱਲ ਕਰਨ ਤੇ ਮਾਮਲੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ।

Advertisement

ਜਾਣਕਾਰੀ ਅਨੁਸਾਰ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਜੂਨੀਅਰ ਡਾਕਟਰ ਪੁਲਾਸਥਾ ਆਚਾਰੀਆ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ, ‘ਪੁਲਾਸਥਾ ਸੀਸੀਯੂ ਯੂਨਿਟ ਵਿੱਚ ਭਰਤੀ ਹੈ ਅਤੇ ਉਸ ਦੀ ਸਿਹਤ ਵਿਗੜ ਗਈ ਹੈ। ਅਸੀਂ ਉਸ ਦੇ ਇਲਾਜ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ।’ ਇਸ ਤੋਂ ਇਲਾਵਾ ਕੋਲਕਾਤਾ ਮੈਡੀਕਲ ਕਾਲਜ ਦੀ ਇਕ ਹੋਰ ਜੂਨੀਅਰ ਡਾਕਟਰ ਤਾਨਿਆ ਪੰਜਾ ਦੀ ਅੱਜ ਦੁਪਹਿਰ ਵੇਲੇ ਸਿਹਤ ਵਿਗੜ ਗਈ ਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਪਰ ਉਸ ਨੂੰ ਹਾਲੇ ਹਸਪਤਾਲ ਵਿਚ ਭਰਤੀ ਨਹੀਂ ਕੀਤਾ ਗਿਆ।

Advertisement

ਸੀਨੀਅਰ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਮਾਮਲੇ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਡਾਕਟਰ ਸੁਰਖੀਆਂ ਵਿਚ ਰਹਿਣ ਲਈ ਪ੍ਰਦਰਸ਼ਨ ਕਰ ਰਹੇ ਹਨ। ਪੀਟੀਆਈ

ਡਾਕਟਰਾਂ ਦੀ ਮੁੱਖ ਸਕੱਤਰ ਨਾਲ ਮੀਟਿੰਗ ਬੇਸਿੱਟਾ

ਪੱਛਮੀ ਬੰਗਾਲ ਦੀਆਂ 12 ਡਾਕਟਰ ਜਥੇਬੰਦੀਆਂ ਦੇ ਆਗੂਆਂ ਅਤੇ ਸੂਬਾ ਸਰਕਾਰ ਦੇ ਮੁੱਖ ਸਕੱਤਰ ਮਨੋਜ ਪੰਤ ਦਰਮਿਆਨ ਅੱਜ ਇੱਥੋਂ ਦੇ ਸਿਹਤ ਭਵਨ ਵਿੱਚ ਹੋਈ ਬੈਠਕ ਬੇਸਿੱਟਾ ਰਹੀ। ਸੂਤਰਾਂ ਨੇ ਕਿਹਾ ਕਿ ਸਰਕਾਰ ਮਾਮਲੇ ਨੂੰ ਸੁਲਝਾਉਣ ਲਈ ਸਮਾਂ ਸੀਮਾ ਤੈਅ ਕਰਨ ਤੋਂ ਝਿਜਕ ਰਹੀ ਹੈ। ਉਨ੍ਹਾਂ ਸਿਹਤ ਸਕੱਤਰ ਐਨਐਸ ਨਿਗਮ ਦੀ ਗੈਰਹਾਜ਼ਰੀ ’ਤੇ ਵੀ ਇਤਰਾਜ਼ ਜਤਾਇਆ। ਡਾਕਟਰਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਸੰਘਰਸ਼ ਕਰਨ ਵਾਲੇ ਜੂਨੀਅਰ ਡਾਕਟਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਸਿੱਧੇ ਗੱਲ ਕਰਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਐਨ ਐਸ ਨਿਗਮ 15 ਅਕਤੂਬਰ ਨੂੰ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ’ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਗਏ ਹਨ।

Advertisement
Author Image

sukhitribune

View all posts

Advertisement