For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਮਾਮਲਾ: ਪੀਜੀਆਈ ਵਿੱਚ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ

09:44 AM Aug 14, 2024 IST
ਕੋਲਕਾਤਾ ਮਾਮਲਾ  ਪੀਜੀਆਈ ਵਿੱਚ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ
ਪੀਜੀਆਈ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਡਾਕਟਰ। -ਫੋਟੋ: ਨਿਤਿਨ ਮਿੱਤਲ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 13 ਅਗਸਤ
ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਆਰਜੀ ਕਾਰ ਮੈਡੀਕਲ ਕਾਲਜ ਦੀ ਮਹਿਲਾ ਪੋਸਟ ਗ੍ਰੈਜੂਏਟ ਟਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਦੇ ਮਾਮਲੇ ਖ਼ਿਲਾਫ਼ ਪੀਜੀਆਈ ਵਿੱਚ ਰੈਜ਼ੀਡੈਂਟਸ ਡਾਕਟਰਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਸ਼ਾਮ ਵੇਲ਼ੇ ਡਾਕਟਰਾਂ ਵੱਲੋਂ ਭਾਰਗਵਾ ਆਡੀਟੋਰੀਅਮ ਤੋਂ ਲੈ ਕੇ ਕੈਰੋਂ ਬਲਾਕ ਤੱਕ ਮੋਮਬੱਤੀ ਮਾਰਚ ਕੀਤਾ ਗਿਆ।
ਡਾਕਟਰਾਂ ਦੇ ਮਾਰਚ ਵਿੱਚ ਪੀਜੀਆਈ ਦੀ ਫੈਕਲਟੀ ਸਣੇ ਨਰਸਿੰਗ ਵੈੱਲਫੇਅਰ ਐਸੋਸੀਏਸ਼ਨ, ਜੀਐੱਮਸੀਐੱਚ-32 ਅਤੇ ਜੀਐੱਮਐੱਸਐੱਚ-16 ਦੇ ਡਾਕਟਰਾਂ ਸਣੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਸਮਰਥਨ ਦਿੰਦਿਆਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਰੈਜ਼ੀਡੈਂਟਸ ਡਾਕਟਰ ਵੈੱਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਅਤੇ ਡਾ. ਪਰਨੀਥ ਰੈੱਡੀ ਅਤੇ ਨਰਸਿੰਗ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਮੰਜਨੀਕ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦਾ ਕਾਨੂੰਨ ਮੈਡੀਕਲ ਪ੍ਰੋਫੈਸ਼ਨਲਜ਼ ਦੇ ਹੱਕ ਵਿੱਚ ਨਹੀਂ ਆਉਂਦਾ ਅਤੇ ਵਹਿਸ਼ੀ ਦਰਿੰਦਿਆਂ ਦੇ ਖ਼ਿਲਾਫ਼ ਸਖ਼ਤ ਰੁਖ਼ ਨਹੀਂ ਅਪਣਾਉਂਦਾ, ਉਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਉਸ ਕਾਲਜ ਦੇ ਪ੍ਰਿੰਸੀਪਲ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ‘ਸੈਂਟਰਲ ਪ੍ਰੋਟੈਕਸ਼ਨ ਐਕਟ ਫਾਰ ਆਲ ਦਿ ਮੈਡੀਕਲ ਪ੍ਰੋਫੈਸ਼ਨਲਜ਼’ ਦੇ ਬਿਲ ਨੂੰ ਪਾਰਲੀਮੈਂਟ ਵਿੱਚ ਮਨਜ਼ੂਰੀ ਦੇ ਕੇ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਅਤੇ ਜਾਂ ਰਸੂਖ਼ਦਾਰ ਲੋਕ ਸਿਰਫ਼ ਤੋਹਮਤਾਂ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡਾਕਟਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।

Advertisement
Advertisement
Author Image

Advertisement