For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਜੀਐੱਮਸੀਐੱਚ-32 ਵਿੱਚ 80 ਫੁੱਟ ਲੰਮਾ ਪੋਸਟਰ ਲਟਕਾ ਕੇ ਪ੍ਰਗਟਾਇਆ ਰੋਸ

07:10 AM Aug 21, 2024 IST
ਕੋਲਕਾਤਾ ਕਾਂਡ  ਜੀਐੱਮਸੀਐੱਚ 32 ਵਿੱਚ 80 ਫੁੱਟ ਲੰਮਾ ਪੋਸਟਰ ਲਟਕਾ ਕੇ ਪ੍ਰਗਟਾਇਆ ਰੋਸ
ਜੀਐੱਮਸੀਐੱਚ-32 ਦੇ ਡਾਕਟਰਾਂ ਵੱਲੋਂ ਤਿਆਰ ਕੀਤਾ ਗਿਆ ਵਿਸ਼ਾਲ ਪੋਸਟਰ। -ਫੋਟੋ: ਨਿਤਿਨ ਮਿੱਤਲ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 21 ਅਗਸਤ
ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਵਿੱਚ ਚੱਲ ਰਹੀ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅੱਜ 9ਵੇਂ ਦਿਨ ਵੀ ਜਾਰੀ ਰਹੀ। ਹੜਤਾਲ ਦੇ ਬਾਵਜੂਦ ਪੀਜੀਆਈ ਚੰਡੀਗੜ੍ਹ ਵਿੱਚ ਡਾਕਟਰਾਂ ਨੇ ‘ਓਪੀਡੀ ਆਨ ਰੋਡ’ ਲਗਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਆਪਣੇ ਸੰਘਰਸ਼ ਰਾਹੀਂ ਆਮ ਲੋਕਾਂ ਤੱਕ ਵੀ ਆਪਣੀ ਅਵਾਜ਼ ਪਹੁੰਚਾਈ। ਇਸ ਦੌਰਾਨ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ-1 ਤੋਂ ਸੈਕਟਰ-17 ਸਥਿਤ ਪਲਾਜ਼ਾ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ। ਸਟੂਡੈਂਟ ਫਾਰ ਸੁਸਾਇਟੀ (ਐੱਸਐੱਫਐੱਸ) ਤੋਂ ਸੰਦੀਪ, ਗਗਨ, ਪੀਐੱਸਯੂ (ਲਲਕਾਰ) ਤੋਂ ਜ਼ੋਬਨ, ਸਾਰਾਹ, ‘ਸੱਥ’ ਤੋਂ ਅਸ਼ਮੀਤ ਸਮੇਤ ਵਿਦਵਾਨਾਂ ਵਿੱਚ ਡਾ. ਪਿਆਰੇ ਲਾਲ ਗਰਗ, ਡਾ. ਜਗਦੀਸ਼ ਆਦਿ ਨੇ ਕੋਲਕਾਤਾ ਕਾਂਡ ਵਰਗੀਆਂ ਕਈ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨ ਪਿੱਛੇ ਦੀ ਗੰਦੀ ਸਿਆਸਤ ਨੂੰ ਸਮਝਣ ਦੀ ਲੋੜ ਹੈ। ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ-32 ਵਿੱਚ ਰੈਜੀਡੈਂਟ ਡਾਕਟਰਾਂ ਨੇ ਫੈਕਲਟੀ ਐਸੋਸੀਏਸ਼ਨ ਦੇ ਸਹਿਯੋਗ ਨਾਲ 80 ਫੁੱਟ ਲੰਮਾ ਪੋਸਟਰ ਤਿਆਰ ਕੀਤਾ ਗਿਆ। ਬਲਾਕ-ਈ ਵਿੱਚ ਤਿਆਰ ਕੀਤਾ ਗਿਆ ਇਹ ਵਿਸ਼ਾਲ ਪੋਸਟਰ ਕੈਂਪਸ ਦੇ ਏ-ਬਲਾਕ ਵਿੱਚ ਇਮਾਰਤ ਦੀ ਸਿਖਰਲੀ ਮੰਜ਼ਿਲ ਤੋਂ ਹੇਠਾਂ ਤੱਕ ਲਮਕਾਇਆ ਗਿਆ। ਕਾਲਜ ਦੀ ਇਮਾਰਤ ਦੀ ਸਿਖਰਲੀ ਮੰਜ਼ਿਲ ਤੋਂ ਹੇਠਾਂ ਤੱਕ ਲਟਕ ਰਹੇ ਇਸ ਪੋਸਟਰ ਨੇ ਹਰ ਵਿਅਕਤੀ ਦਾ ਧਿਆਨ ਖਿੱਚਿਆ।
ਸੈਕਟਰ-32 ਦੀ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਉਮੰਗ, ਜੁਆਇੰਟ ਸਕੱਤਰ ਡਾ. ਅਨੂਪ ਅਤੇ ਮੀਡੀਆ ਸਕੱਤਰ ਡਾ. ਦੀਪਕ ਅਤੇ ਡਾ. ਸੰਚਿਤ ਨਾਰੰਗ ਨੇ ਦੱਸਿਆ ਕਿ ਡਾਕਟਰਾਂ ਅਤੇ ਫੈਕਲਟੀ ਵੱਲੋਂ ਸਾਂਝੇ ਤੌਰ ’ਤੇ ਇਹ ਪੋਸਟਰ ਬਣਾਇਆ ਗਿਆ ਜਿਸ ਉਤੇ ਮਹਿਲਾ ਡਾਕਟਰ ਦਾ ਕਾਰਟੂਨ ਬਣਾ ਕੇ ਅਜਿਹੀਆਂ ਘਟਨਾਵਾਂ ਰੋਕਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਰਾਹੀਂ ਕਾਲਜ ਕੈਂਪਸ ਵਿੱਚੋਂ ਗੁਜ਼ਰਦੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਹੋਰ ਵੀ ਪੋਸਟਰ ਬਣਾ ਕੇ ਡਾਕਟਰਾਂ ਨਾਲ ਜਬਰ-ਜਨਾਹ ਜਾਂ ਕਤਲੋਗਾਰਤ ਰੋਕਣ ਦੀ ਮੰਗ ਕੀਤੀ ਗਈ, ਬਕਾਇਦਾ ਤੌਰ ’ਤੇ ਡਾਕਟਰਾਂ ਨੇ ਟੀ-ਸ਼ਰਟਾਂ ਉਤੇ ਵੀ ਅਜਿਹੇ ਪੋਸਟਰ ਬਣਾ ਕੇ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ।
ਉਧਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ‘ਸੀਵਾਈਐੱਸਐੱਸ’ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ।
ਜਥੇਬੰਦੀ ਦੇ ਆਗੂਆਂ ਉਦੈਵੀਰ ਧਾਲੀਵਾਲ, ਜਸ਼ਨ ਕੰਬੋਜ ਅਤੇ ਸੰਜੀਵ ਚੌਧਰੀ ਦੀ ਅਗਵਾਈ ਹੇਠ ਸੀਵਾਈਐੱਸਐੱਸ ਟੀਮ ਵੱਲੋਂ ਕੱਢਿਆ ਗਿਆ ਇਹ ਮੋਮਬੱਤੀ ਮਾਰਚ ਗਾਂਧੀ ਭਵਨ ਤੋਂ ਸ਼ੁਰੂ ਹੋ ਕੇ ਸਟੂਡੈਂਟਸ ਸੈਂਟਰ ਜਾ ਕੇ ਸਮਾਪਤ ਹੋਇਆ। ਉਨ੍ਹਾਂ ਮੰਗ ਕੀਤੀ ਕਿ ਉਕਤ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਦੇਸ਼ ਵਿੱਚ ਔਰਤਾਂ ਨਾਲ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ।

Advertisement

ਪੀਜੀਆਈ ਤੇ ਜੀਐੱਮਸੀਐੱਚ ਵਿੱਚ ਦੇਖੇ ਜਾਣਗੇ ਸਿਰਫ਼ ਪੁਰਾਣੇ ਮਰੀਜ਼

ਚੰਡੀਗੜ੍ਹ (ਪੱਤਰ ਪ੍ਰੇਰਕ): ਡਾਕਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਚੰਡੀਗੜ੍ਹ ਸਮੇਤ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ-32 ਦੀਆਂ ਓਪੀਡੀਜ਼ ਵਿੱਚ ਨਵੇਂ ਮਰੀਜ਼ਾਂ ਦੇ ਰਜਿਸਟ੍ਰੇਸ਼ਨ ਕਾਰਡ ਨਹੀਂ ਬਣਾਏ ਜਾਣਗੇ। ਸਿਰਫ਼ ਪੁਰਾਣੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਵੇਗਾ। ਪੀਜੀਆਈ ਵਿੱਚ ਸਿਰਫ਼ ਫਾਲੋਅੱਪ (ਪੁਰਾਣੇ) ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ 9.30 ਵਜੇ ਤੱਕ ਕੀਤੀ ਜਾਵੇਗੀ। ਸੈਕਟਰ-32 ਦੇ ਹਸਪਤਾਲ ਵਿੱਚ ਪੁਰਾਣੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ 10 ਵਜੇ ਤੱਕ ਕੀਤੀ ਜਾਵੇਗੀ। ਦੋਵੇਂ ਸੰਸਥਾਨਾਂ ਵਿੱਚ ਐਮਰਜੈਂਸੀ ਅਤੇ ਟਰਾਮਾ ਸੇਵਾਵਾਂ ਸਮੇਤ ਗੰਭੀਰ ਦੇਖਭਾਲ ਸੇਵਾਵਾਂ ਆਮ ਵਾਂਗ ਕੰਮ ਕਰਨਗੀਆਂ।

Advertisement

Advertisement
Author Image

Advertisement