For the best experience, open
https://m.punjabitribuneonline.com
on your mobile browser.
Advertisement

ਕੋਹਲੀ ਟੈਸਟ ਲੜੀ ਤੋਂ ਹਟਿਆ; ਅਈਅਰ ਬਾਹਰ

08:05 AM Feb 11, 2024 IST
ਕੋਹਲੀ ਟੈਸਟ ਲੜੀ ਤੋਂ ਹਟਿਆ  ਅਈਅਰ ਬਾਹਰ
Advertisement

ਨਵੀਂ ਦਿੱਲੀ, 10 ਫਰਵਰੀ
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵਿਅਕਤੀਗਤ ਕਾਰਨਾਂ ਕਰਕੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੇ ਬਚੇ ਹੋਏ ਮੁਕਾਬਲਿਆਂ ਤੋਂ ਹਟ ਗਿਆ ਹੈ, ਜਿਸ ਦੀ ਪੁਸ਼ਟੀ ਅੱਜ ਇੱਥੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਕੀਤੀ। ਇਸ ਨਾਲ ਕੋਹਲੀ ਦੀ ਮੌਜੂਦਗੀ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਠੱਲ ਪੈ ਗਈ ਹੈ। ਕੋਹਲੀ ਪਹਿਲੇ ਦੋ ਟੈਸਟ ਵਿੱਚ ਨਹੀਂ ਖੇਡਿਆ ਸੀ। ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, ‘‘ਵਿਰਾਟ ਕੋਹਲੀ ਵਿਅਕਤੀਗਤ ਕਾਰਨਾਂ ਕਰਕੇ ਲੜੀ ਦੇ ਬਚੇ ਹੋਏ ਮੈਚਾਂ ਦੀ ਚੋਣ ਲਈ ਮੌਜੂਦ ਨਹੀਂ ਹੋਵੇਗਾ। ਬੋਰਡ ਕੋਹਲੀ ਦੇ ਫ਼ੈਸਲੇ ਦਾ ਪੂਰਾ ਸਨਮਾਨ ਅਤੇ ਸਮਰਥਨ ਕਰਦਾ ਹੈ।’’ ਕੋਹਲੀ ਇਸ ਵੇਲੇ ਪਰਿਵਾਰਕ ਕਾਰਨਾਂ ਕਰਕੇ ਵਿਦੇਸ਼ ਹੈ। ਹੁਣ ਲੜੀ 1-1 ਨਾਲ ਬਰਾਬਰੀ ’ਤੇ ਹੈ। ਤੀਜਾ ਮੈਚ 15 ਫਰਵਰੀ ਨੂੰ ਰਾਜਕੋਟ ਵਿੱਚ ਸ਼ੁਰੂ ਹੋਵੇਗਾ। ਰਾਸ਼ਟਰੀ ਚੋਣ ਕਮੇਟੀ ਨੇ ਸੀਨੀਅਰ ਖਿਡਾਰੀ ਰਵਿੰਦਰ ਜਡੇਜਾ ਅਤੇ ਕੇਐੱਲ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ ਪਰ ਬੀਸੀਸੀਆਈ ਦੀ ਮੈਡੀਕਲ ਟੀਮ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਹੀ ਉਨ੍ਹਾਂ ਨੂੰ ਖਿਡਾਇਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਸੱਟ ਲੱਗੀ ਸੀ।
ਰਾਹੁਲ ਅਤੇ ਜਡੇਜਾ ਜੇਕਰ ਆਖ਼ਰੀ ਇਲੈਵਨ ’ਚ ਵਾਪਸੀ ਕਰਦੇ ਹਨ ਤਾਂ ਵਿਸ਼ਾਖਾਪਟਨਮ ਵਿੱਚ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ ਨੂੰ ਮੈਦਾਨ ਤੋਂ ਬਾਹਰ ਬੈਠਣਾ ਪਵੇਗਾ ਕਿਉਂਕਿ ਸ਼੍ਰੇਯਸ ਅਈਅਰ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸੀਨੀਅਰ ਬੱਲੇਬਾਜ਼ ਅਈਅਰ ਨੂੰ ਪਿੱਠ ਦੇ ਹੇਠਲੇ ਹਿੱਸੇ ਅਤੇ ‘ਗ੍ਰੋਇਨ’ ਵਿੱਚ ਖਿਚਾਅ ਦੀ ਸ਼ਿਕਾਇਤ ਮਗਰੋਂ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ। ਹਾਲਾਂਕਿ ਬੀਸੀਸੀਆਈ ਨੇ ਉਸ ਦਾ ਮੈਡੀਕਲ ਅਪਡੇਟ ਨਹੀਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅਈਅਰ ਨੂੰ ਹਾਰ ਹਾਲ ਵਿੱਚ ਬਾਹਰ ਕੀਤਾ ਜਾਂਦਾ ਅਤੇ ਉਸ ਦੀ ਸੱਟ ਨੇ ਚੋਣ ਕਰਨ ਵਾਲਿਆਂ ਲਈ ਫ਼ੈਸਲਾ ਹੋਰ ਸੌਖਾ ਕਰ ਦਿੱਤਾ ਹੈ। ਅਈਅਰ ਨੇ ਕਾਫ਼ੀ ਲੰਬੇ ਸਮੇਂ ਤੋਂ ਅਰਧ ਸੈਂਕੜਾ ਨਹੀਂ ਜੜਿਆ ਹੈ ਅਤੇ ਬੱਲੇਬਾਜ਼ੀ ਦੇ ਮੁਫ਼ੀਦ ਭਾਰਤੀ ਪਿੱਚਾਂ ’ਤੇ ਉਸ ਦੇ ਆਊਟ ਹੋਣ ਦਾ ਤਰੀਕਾ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ

Advertisement

ਤੇਜ਼ ਗੇਂਦਬਾਜ਼ ਆਕਾਸ਼ਦੀਪ ਪਹਿਲੀ ਵਾਰ ਟੀਮ ਦਾ ਹਿੱਸਾ ਬਣਿਆ

Advertisement

ਇਸ 13 ਮੈਂਬਰੀ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਬੰਗਾਲ ਦਾ ਤੇਜ਼ ਗੇਂਦਬਾਜ਼ ਆਕਾਸ਼ਦੀਪ ਹੈ, ਜਿਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਅਤੇ ਹਾਲ ਹੀ ਵਿੱਚ ਭਾਰਤ ‘ਏ’ ਬਨਾਮ ਇੰਗਲੈਂਡ ਲਾਇਨਜ਼ ਟੈਸਟ ਲੜੀ ਵਿੱਚ ਲਗਾਤਾਰ ਪ੍ਰਦਰਸ਼ਨ ਦੀ ਬਦੌਲਤ ਇਹ ਮੌਕਾ ਮਿਲਿਆ ਹੈ। ਖੱਬੇ ਹੱਥ ਦੇ ਸਪਿੰਨਰ ਸੌਰਭ ਕੁਮਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਕਿਉਂਕਿ ਜਡੇਜਾ ਦੀ ਵਾਪਸੀ ਹੋ ਗਈ ਹੈ, ਜਦਕਿ ਆਵੇਸ਼ ਖ਼ਾਨ ਦੀ ਥਾਂ ਮੁਹੰਮਦ ਸਿਰਾਜ ਦੀ ਵਾਪਸੀ ਹੋਈ ਹੈ। ਆਕਾਸ਼ ਇੱਕ ਚੰਗਾ ਬੱਲੇਬਾਜ਼ ਵੀ ਹੈ ਅਤੇ ਬੰਗਾਲ ਟੀਮ ਦੇ ਸਾਥੀ ਮੁਕੇਸ਼ ਕੁਮਾਰ ਦੀ ਤੁਲਨਾ ਵਿੱਚ ਤੇਜ਼ ਗੇਂਦਬਾਜ਼ੀ ਕਰਦਾ ਹੈ। ਮੁਕੇਸ਼ ਆਪਣਾ ਸਥਾਨ ਬਰਕਰਾਰ ਰੱਖਣ ’ਚ ਸਫ਼ਲ ਰਿਹਾ ਹੈ। ਹਾਲਾਂਕਿ ਆਕਾਸ਼ ਦੇ ਰਾਜਕੋਟ ਵਿੱਚ ਡੈਬਿਊ ਕਰਨ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਉਹ ਥੁੰਬਾ ਵਿੱਚ ਕੇਰਲ ਖ਼ਿਲਾਫ਼ ਰਣਜੀ ਟਰਾਫੀ ਮੈਚ ਖੇਡ ਰਿਹਾ ਹੈ ਅਤੇ 13 ਫਰਵਰੀ ਨੂੰ ਹੀ ਟੀਮ ਨਾਲ ਜੁੜੇਗਾ। ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ, ਉਪ ਕਪਤਾਨ ਜਸਪ੍ਰੀਤ ਬੁਮਰਾਹ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਕੇਐੱਲ ਰਾਹੁਲ, ਰਜਤ ਪਾਟੀਦਾਰ, ਸਰਫਰਾਜ਼ ਖ਼ਾਨ, ਧਰੁਵ ਜੁਰੇਲ ਵਿਕਟਕੀਪਰ, ਕੇਐੱਸ ਭਰਤ ਵਿਕਟਕੀਪਰ, ਆਰ ਅਸ਼ਿਵਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਆਕਾਸ਼ਦੀਪ ਸ਼ਾਮਲ ਹਨ।

Advertisement
Author Image

sukhwinder singh

View all posts

Advertisement