ਗਿਆਨ ਘਟਿ ਬਲ਼ਿਆ
ਗੁਲਾਫ਼ਸ਼ਾਂ ਬੇਗਮ
ਮੈਂ ਅਧਿਆਪਕ!
ਆਦਿ-ਅਧਿਆਇ
ਜੀਵਨ ਦਾ।
ਆਰੰਭ!
ਆਉਣ ਵਾਲ੍ਹੀ ਕੱਲ੍ਹ ਦਾ,
ਉਸ ਸਤੰਭ ਦੀ ਨੀਂਹ
ਜਿਸ ਉੱਪਰ ਟਿਕੇਗੀ
ਸਦੀ ਦੀ ਮੀਨਾਰ।
ਸ਼ੀਸ਼ਾ!
ਭਵਿੱਖ ਦਾ
ਦਿੱਖ ਦਾ।
ਤੁਹਾਡੇ ਚੁੱਲ੍ਹਿਆਂ ਵਿੱਚ
ਬਲ਼ਣ ਵਾਲੀ ਅੱਗ ਦੀ ਲਾਟ,
ਮੇਰੇ ਦਿਮਾਗ਼ ਦੇ ਬਾਲਣ-ਵਿਚਾਰਾਂ
ਦੇ ਅਨੁਸਾਰੀ ਹੋਵੇਗੀ।
ਤੁਹਾਡੇ ਨਿਆਣਿਆਂ ਦੀ
ਅੱਖਾਂ ਦੀ ਜੁਰੱਅਤ,
ਮੇਰੀਆਂ ਅੱਖਾਂ ਨਿਚਲੇ
ਕਾਲ਼ੇ ਘੇਰਿਆਂ ਦਾ ਅਨੁਵਾਦ ਹੋਵੇਗਾ।
ਮੇਰੀ ਢਲਦੀ ਉਮਰ
ਤੁਹਾਡੀਆਂ ਜਵਾਨੀਆਂ ਲੇਖੇ ਲੱਗੇਗੀ।
ਸੰਪਰਕ: 98148-26006
* * *
ਗ਼ਜ਼ਲ
ਅਨੁਪਿੰਦਰ ਸਿੰਘ ਅਨੂਪ
ਮੀਤ ਸੱਜਣ ਯਾਰ ਸਭ ਉਲਝੇ ਪਏ
ਕਿਸ ਲਈ ਬੇਕਾਰ ਸਭ ਉਲਝੇ ਪਏ
ਕਿਸ ਤਰ੍ਹਾਂ ਸਮਝਾਂ ਕਹਾਣੀ ਮੈਂ ਤੇਰੀ
ਇਸ ਦੇ ਤਾਂ ਕਿਰਦਾਰ ਸਭ ਉਲਝੇ ਪਏ
ਮਸਲਿਆਂ ਨੂੰ ਹੱਲ ਨਾ ਕੀਤਾ ਪਿਆਰ ਨਾਲ
ਲੈ ਕੇ ਹੱਥ ਹਥਿਆਰ ਸਭ ਉਲਝੇ ਪਏ
ਵੈਰ ਫੁੱਲਾਂ ਦਾ ਹੀ ਫੁੱਲਾਂ ਨਾਲ ਹੈ
ਇਸ ਲਈ ਇਹ ਹਾਰ ਸਭ ਉਲਝੇ ਪਏ
ਵਕਤ ਦੀ ਤਰਤੀਬ ਬਾਕੀ ਨਾ ਰਹੇ
ਦਿਨ ਮਹੀਨੇ ਵਾਰ ਸਭ ਉਲਝੇ ਪਏ
ਸੰਪਰਕ: 98136-46608
* * *
ਰੁੱਖਾਂ ਦੀਆਂ ਛਾਵਾਂ...
ਮਨਜੀਤ ਕੌਰ ਧੀਮਾਨ
ਰੱਬਾ ਸਹੀ ਸਲਾਮਤ ਮੇਰੀ ਮਾਂ ਰੱਖੀਂ,
ਮੇਰੀ ਮਾਂ ਵਿੱਚ ਬੇਸ਼ੱਕ ਮੇਰੀ ਜਾਂ ਰੱਖੀਂ।
ਮਾਵਾਂ ਠੰਢੀਆਂ ਰੁੱਖਾਂ ਦੀਆਂ ਛਾਵਾਂ,
ਮੇਰੇ ਸਿਰ ’ਤੇ ਸਦਾ ਇਹ ਗੂੜ੍ਹੀ ਛਾਂ ਰੱਖੀਂ।
ਰੱਬਾ ਸਹੀ ਸਲਾਮਤ...
ਮਾਂ ਬਾਝੋਂ ਕੌਣ ਦਰਦ ਵੰਡਾਉਂਦਾ,
ਚੂਰੀ ਕੁੱਟ ਕੌਣ ਮੂੰਹ ਵਿੱਚ ਪਾਉਂਦਾ?
ਆਪਣਾ ਆਪ ਵਾਰ ਦਿੰਦੀ ਇਹ,
ਮਾਂ ਜਿੰਨਾ ਦੱਸ ਕੌਣ ਹੈ ਚਾਹੁੰਦਾ?
ਇਹਦੇ ਬਿਨ ਸਭ ਬੰਦ ਦਰਵਾਜ਼ੇ,
ਤੂੰ ਖੁੱਲ੍ਹੇ ਮੇਰੇ ਲਈ ਇਹ ਰਾਹ ਰੱਖੀਂ।
ਰੱਬਾ ਸਹੀ ਸਲਾਮਤ....
ਮੈਨੂੰ ਓਸਨੇ ਦੁਨੀਆਂ ਹੈ ਦਿਖਾਈ,
ਦੁਨੀਆਂਦਾਰੀ ਦੀ ਖੇਡ ਸਿਖਾਈ।
ਲੜ ਕੇ ਓਹਨੇ ਤੇਰੇ ਨਾਲ ਵੀ,
ਸੋਹਣੀ ਕਿਸਮਤ ਮੇਰੀ ਲਿਖਾਈ।
ਜਦ ਤੱਕ ਚਲਦੇ ‘ਮਨਜੀਤ’ ਦੇ,
ਚੱਲਦੇ ਓਹਦੇ ਵੀ ਸਾਹ ਰੱਖੀਂ।
ਰੱਬਾ ਸਹੀ ਸਲਾਮਤ...
ਸੰਪਰਕ: 94646-33059
* * *
ਰਾਹ
ਜਸਵੀਰ ਮੋਰੋਂ
ਰਾਹ ਸਿਰਫ਼ ਰਾਹ ਨਹੀਂ ਹੁੰਦਾ,
ਬੀਤੇ ਦਾ ਇਤਿਹਾਸ ਹੁੰਦਾ ਹੈ।
ਮਿੱਥ ਨਿਸ਼ਾਨੇ ਤੁਰਨ ਜੋ ਲੋਕੀਂ,
ਉਨ੍ਹਾਂ ਦੇ ਲਈ ਆਸ ਹੁੰਦਾ ਹੈ।
ਪੈੜਾਂ, ਡੰਡੀਆਂ ਤੋਂ ਰਾਹ ਬਣਦੇ,
ਫਿਰ ਉਸਦਾ ਨਾਂ ਖ਼ਾਸ ਹੁੰਦਾ ਹੈ।
ਮੰਜ਼ਿਲ ਜਦ ਆ ਜਾਵੇ ਨੇੜੇ,
ਰਾਹੀ ਨੂੰ ਹੁਲਾਸ ਹੁੰਦਾ ਹੈ।
ਰਸਤੇ ਤਾਂ ਮਿਲ ਹੀ ਜਾਂਦੇ,
ਨਿਸ਼ਾਨਾ ਜਦੋਂ ਕਿਆਸ ਹੁੰਦਾ ਹੈ।
ਕਿਸੇ ਨੂੰ ਰਾਹ ਜਿਉਂਦਾ ਜਾਪੇ,
ਕਿਸੇ ਦੇ ਲਈ ਲਾਸ਼ ਹੁੰਦਾ ਹੈ।
ਚੰਗੇ ਕੰਮ ਅਮਰ ਕਰ ਜਾਂਦੇ,
ਹਰ ਬੰਦਾ ਹੱਡ ਮਾਸ ਹੁੰਦਾ ਹੈ।
ਜਸਵੀਰ ਮੋਰੋਂ, ਸੰਭਲ ਕੇ ਚੱਲੀਏ,
ਹਰ ਪਲ ਜਿੰਦ ਦਾ ਟਾਸ ਹੁੰਦਾ ਹੈ।
ਸੰਪਰਕ: 94172-62838
* * *
ਆਖ਼ਰ ਕਦੋਂ
ਜਸਦੇਵ ਮਾਨ
ਅਸੀਂ ਕਦੋਂ ਸਮਝਾਂਗੇ
ਕਿ ਜਦੋਂ ਧਰਤੀ ਭੱਠੀ ਵਾਂਗ
ਤਪਣ ਲੱਗ ਪਈ
ਉਦੋਂ ਰੁੱਖ ਬੂਟੇ ਲਗਾਉਣ ਦੀ
ਸੋਚਾਂਗੇ।
ਜਦੋਂ ਅਸੀਂ ਪਾਣੀ ਖੁਣੋਂ
ਪਿਆਸੇ ਮਰਨ ਲੱਗੇ
ਮੱਛੀਆਂ ਸਹਿਕਣ ਲੱਗੀਆਂ
ਉਦੋਂ ਪਾਣੀ ਬਚਾਉਣ ਦੀ
ਸੋਚਾਂਗੇ।
ਜਦੋਂ ਹਵਾ ਜ਼ਹਿਰੀਲੀ ਹੋ ਗਈ
ਅਸੀਂ ਆਈ ਸੀ ਯੂ ’ਚ ਪਏ
ਮਰੀਜ਼ ਵਾਂਗ ਔਖੇ ਸਾਹ ਲਵਾਂਗੇ
ਉਦੋਂ ਪ੍ਰਦੂਸ਼ਣ ਨਾ ਫੈਲਾਉਣ ਦੀ
ਸੋਚਾਂਗੇ।
ਸੰਪਰਕ: 98150-17596