ਓਬੀਸੀ, ਦਲਿਤ ਤੇ ਆਦਿਵਾਸੀਆਂ ਦੀ ਅਸਲ ਗਿਣਤੀ ਪਤਾ ਲੱਗਣ ਨਾਲ ਬਦਲ ਜਾਵੇਗਾ ਦੇਸ਼: ਰਾਹੁਲ
ਬੇਮੇਤਰਾ, 15 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਫਿਰ ਜਾਤ ਅਧਾਰਤ ਜਨਗਣਨਾ ਦੀ ਵਕਾਲਤ ਕਰਦਿਆਂ ਕਿਹਾ ਕਿ ਜਿਸ ਦਿਨ ਦੇਸ਼ ਦੇ ਓਬੀਸੀ, ਦਲਿਤ ਅਤੇ ਆਦਿਵਾਸੀ ਭਾਈਚਾਰਿਆਂ ਨੂੰ ਆਪਣੀ ਅਸਲ ਆਬਾਦੀ ਦਾ ਪਤਾ ਲੱਗ ਜਾਵੇਗਾ, ਉਸ ਦਿਨ ਇਹ ਮੁਲਕ ਹਮੇਸ਼ਾ ਲਈ ਬਦਲ ਜਾਵੇਗਾ। ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਓਬੀਸੀ ਸ਼ਬਦ ਕਾਰਨ ਪ੍ਰਧਾਨ ਮੰਤਰੀ ਚੁਣੇ ਗਏ ਹਨ ਪਰ ਜਦੋਂ ਓਬੀਸੀ ਨੂੰ ਹੱਕ ਦੇਣ ਦਾ ਮੌਕਾ ਆਉਂਦਾ ਹੈ ਤਾਂ ਉਹ ਇਸ ਤੋਂ ਇਨਕਾਰ ਕਰ ਦਿੰਦੇ ਹਨ।
ਕਾਂਗਰਸ ਆਗੂ ਨੇ ਕਿਹਾ, ‘‘ਨਰਿੰਦਰ ਮੋਦੀ ਜੀ, ਜਾਤੀ ਜਨਗਣਨਾ ਕਰੋ ਜਾਂ ਨਾ ਕਰੋ ਜਿਸ ਦਿਨ ਛੱਤੀਸਗੜ੍ਹ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ ਜਾਤ ਅਧਾਰਤ ਸਰਵੇ ਇੱਥੋਂ ਸ਼ੁਰੂ ਹੋ ਜਾਵੇਗਾ। ਜਿਸ ਦਿਨ ਦਿੱਲੀ ਵਿੱਚ ਸਾਡੀ ਸਰਕਾਰ ਆਈ ਪਹਿਲੇ ਦਸਤਖ਼ਤ ਜਾਤੀ ਜਨਗਣਨਾ ’ਤੇ ਹੋਣਗੇ।’’
ਉਨ੍ਹਾਂ ਕਿਹਾ, ‘‘ਜਾਤ ਅਧਾਰਤ ਜਨਗਣਨਾ ਇਤਿਹਾਸਕ ਫ਼ੈਸਲਾ ਹੋਵੇਗਾ ਅਤੇ ਇਸ ਨਾਲ ਦੇਸ਼ ਬਦਲ ਜਾਵੇਗਾ।’’
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਾਤੀ ਜਨਗਣਨਾ ਕਰਵਾਉਣ ਸਬੰਧੀ ਸਪਸ਼ਟ ਰੁਖ਼ ਨਾ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਮੋਦੀ ਜੀ 12 ਹਜ਼ਾਰ ਕਰੋੜ ਰੁਪਏ ਦੇ ਹਵਾਈ ਜਹਾਜ਼ ਵਿੱਚ ਝੂਟੇ ਲੈਂਦੇ ਹਨ, ਹਰ ਰੋਜ਼ ਨਵੇਂ ਕੱਪੜੇ ਪਾਉਂਦੇ ਹਨ। ਓਬੀਸੀ ਸ਼ਬਦ ਕਾਰਨ ਉਹ ਚੁਣੇ ਗਏ ਅਤੇ ਜਦੋਂ ਸਮਾਂ ਆਉਂਦਾ ਹੈ ਓਬੀਸੀ ਨੂੰ ਹੱਕ ਦਿਵਾਉਣ ਦਾ ਤਾਂ ਕਹਿੰਦੇ ਹਨ ਕਿ ਓਬੀਸੀ ਨਹੀਂ ਹਨ, ਜਾਤੀ ਤਾਂ ਹਿੰਦੁਸਤਾਨ ਵਿੱਚ ਇੱਕ ਹੀ ਹੈ, ਉਹ ਗ਼ਰੀਬ ਹੈ। ਅਸੀਂ ਪਤਾ ਕਰਾਂਗੇ ਕਿ ਓਬੀਸੀ ਕਿੰਨੇ ਹਨ।’’ -ਪੀਟੀਆਈ